ਪਟਿਆਲਾ ਜਿ਼ਲ੍ਹੇ ਦੇ ਸੱਤ ਵਿਧਾਇਕਾਂ ਨਾਲ਼ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ਼ ਗ਼ੈਰ-ਰਸਮੀ ਮੁਲਾਕਾਤ ਕੀਤੀ
ਪਟਿਆਲਾ /ਸਤੰਬਰ 24, 2022
ਪਟਿਆਲਾ ਜਿ਼ਲ੍ਹੇ ਦੀ ਪ੍ਰਤੀਨਿਧਤਾ ਕਰਨ ਵਾਲੇ ਸੱਤ ਵਿਧਾਨ ਸਭਾ ਮੈਂਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ਼ ਆਪਣੀ ਭਾਵਨਾਤਮਕ ਸਾਂਝ ਨੂੰ ਦਰਸਾਉਂਦੇ ਹੋਏ ਯੂਨੀਵਰਸਿਟੀ ਦੇ ਕੰਮ ਕਾਜ ਨੂੰ ਨੇੜਿਓਂ ਸਮਝਣ ਲਈ ਡੀਨ ਅਲੂਮਨੀ ਐਸੋਸੀਏਸ਼ਨ ਦੇ ਸੱਦੇ ਉੱਤੇ ਯੂਨੀਵਰਸਿਟੀ ਪਹੁੰਚੇ। ਸੱਤ ਵਿਧਾਇਕਾਂ ਨਾਲ਼ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ਼ ਗੈਸਟ ਹਾਊਸ ਵਿਖੇ ਗ਼ੈਰ-ਰਸਮੀ ਮੁਲਾਕਾਤ ਕੀਤੀ।
ਇਸ ਮੌਕੇ ਸ਼ਾਮਿਲ ਰਹੇ ਵਿਧਾਨ ਸਭਾ ਮੈਂਬਰਾਂ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ, ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਪਹੁੰਚੇ ਹੋਏ ਸਨ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਾਡੀ ਸਰਕਾਰ ਦਾ ਮੁੱਖ ਏਜੰਡਾ ਹੈ। ਇਨ੍ਹਾਂ ਦੋਹਾਂ ਖੇਤਰਾਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਅਸੀਂ ਮੰਝਧਾਰ ਵਿੱਚ ਨਹੀਂ ਛੱਡ ਸਕਦੇ। ਇਸ ਨਾਲ਼ ਜੁੜੀਆਂ ਸਾਰੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇਗੀ। ਇਸ ਮੌਕੇ ਬੋਲਦਿਆਂ ਉਨ੍ਹਾਂ ਸੁਝਾਇਆ ਕਿ ਹੁਣ ਇਸ ਗੱਲ ਦੀ ਵੀ ਬਹੁਤ ਲੋੜ ਹੈ ਕਿ ਰਵਾਇਤੀ ਕੋਰਸਾਂ ਦੇ ਨਾਲ਼ ਹੁਨਰ ਵਿਕਾਸ ਦੇ ਨਵੇਂ ਕੋਰਸ ਅਤੇ ਪ੍ਰੋਗਰਾਮ ਸ਼ੁਰੂ ਕੀਤੇ ਜਾਣ। ਅਜਿਹਾ ਕੀਤੇ ਜਾਣ ਨਾਲ ਨੌਜਵਾਨਾਂ ਵਿੱਚ ਰੁਜ਼ਗਾਰ ਦੀ ਸਮੱਸਿਆ ਹੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਨ ਜਾਂ ਭਰਤੀ ਨਾਲ਼ ਜੁੜੇ ਕਿਸੇ ਵੀ ਮਾਮਲੇ ਵਿੱਚ ਕਦੇ ਦਖ਼ਲ ਨਹੀਂ ਦੇਵੇਗੀ।
ਇਸ ਮੌਕੇ ਹਾਜ਼ਰ ਵਿਧਾਇਕਾਂ ਨੇ ਪੰਜਾਬੀ ਯੂਨੀਵਰਸਿਟੀ ਨਾਲ਼ ਆਪਣੀ ਸਾਂਝ ਦਾ ਵਿਸ਼ੇਸ਼ ਤੌਰ ਉੱਤੇ ਹਵਾਲਾ ਦਿੰਦਿਆਂ ਇਸ ਦੀ ਬਿਹਤਰੀ ਲਈ ਸਰਕਾਰ ਕੋਲ਼ ਅਵਾਜ਼ ਚੁੱਕਣ ਦੀ ਗੱਲ ਨੂੰ ਜ਼ੋਰ ਦੇ ਕੇ ਕਿਹਾ ਗਿਆ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਯੂਨੀਵਰਸਿਟੀ ਦੇ ਕੰਮ ਕਾਜ ਦੀ ਸਥਿਤੀ, ਪ੍ਰਬੰਧਨ ਅਤੇ ਅਕਾਦਮਿਕ ਖੇਤਰ ਦੇ ਸੁਧਾਰਾਂ ਲਈ ਉਠਾਏ ਜਾ ਰਹੇ ਕਦਮਾਂ ਆਦਿ ਬਾਰੇ ਜਾਣਕਾਰੀ ਦਿੱੱਤੀ।
ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਸਰਕਾਰ ਦੀ ਮਦਦ ਦੀ ਲੋੜ ਹੈ ਉੱਥੇ ਹੀ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ਉੱਤੇ ਵੀ ਬਹੁਤ ਸਾਰੇ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਪਿਛਲੇ ਅਕਾਦਮਿਕ ਸੈਸ਼ਨ ਤੋਂ ਛੇ ਵੱਖ-ਵੱਖ ਖੇਤਰਾਂ ਵਿੱਚ ਪੰਜ ਸਾਲਾ ਇੰਟੀਗਰੇਟਿਡ ਕੋਰਸ ਸ਼ੁਰੂ ਕੀਤੇ ਗਏ ਸਨ। ਇਹ ਸਮੁੱਚੇ ਦੇਸ ਵਿੱਚ ਆਪਣੀ ਕਿਸਮ ਦੇ ਨਿਵੇਕਲੇ ਕੋਰਸ ਹਨ। ਇਨ੍ਹਾਂ ਕੋਰਸਾਂ ਦੀ ਲੋਕਪ੍ਰਿਯਤਾ ਏਨੀ ਵਧ ਗਈ ਹੈ ਕਿ ਇਸ ਸੈਸ਼ਨ ਵਿੱਚ ਇੱਥੇ ਦਾਖ਼ਲਾ ਲੈਣ ਵਾਲਿਆਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਜਿੱਥੇ ਇੱਕ ਪਾਸੇ ਅੱਜਕਲ੍ਹ ਵਿਦਿਆਰਥੀਆਂ ਦੇ ਬਾਹਰ ਜਾਣ ਕਾਰਨ ਰੁਝਾਨ ਬਦਲੇ ਹੋਏ ਹਨ ਅਤੇ ਹਰੇਕ ਅਦਾਰੇ ਨੂੰ ਦਾਖਲੇ ਵਿੱਚ ਸਮੱਸਿਆ ਆ ਰਹੀ ਹੈ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਇਨ੍ਹਾਂ ਕੋਰਸਾਂ ਲਈ ਅਜਿਹੀ ਕੋਈ ਸਮੱਸਿਆ ਨਹੀਂ ਹੈ।
ਇਸ ਤਰ੍ਹਾਂ ਪੇਂਡੂ ਖੇਤਰ ਵਿੱਚ ਹੁਨਰ ਵਿਕਾਸ ਕਰਨ ਲਈ ਅਤੇ ਪੰਜਾਬ ਦੇ ਵਣ-ਤ੍ਰਿਣ ਅਤੇ ਜੀਵ-ਜੰਤ ਦੀ ਮੌਲਿਕਤਾ ਨੂੰ ਬਰਕਰਾਰ ਰੱਖਣ ਲਈ ਕੰਮ ਕਰਨ ਹਿਤ ਦੋ ਕੇਂਦਰ ਸਥਾਪਿਤ ਕੀਤੇ ਗਏ ਹਨ ਜੋ ਕਿ ਆਪਣੀ ਤਰ੍ਹਾਂ ਨਾਲ ਆਪਣਾ ਨਿਵੇਕਲਾ ਕਾਰਜ ਕਰ ਰਹੇ ਹਨ।
ਭ੍ਰਿਸ਼ਟਾਚਾਰ ਨਾਲ ਸੰਬੰਧਤ ਮਾਮਲੇ ਦੀ ਗੱਲ ਕਰਦਿਆਂ ਪ੍ਰੋ. ਅਰਵਿੰਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਵਿੱਚ ਪਿਛਲੇ ਸਮੇਂ ਵਿੱਚ ਹੋਈ ਬੇਨਿਯਮੀਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਤਕਰੀਬਨ 14 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਮਾਮਲਾ ਬੇਪਰਦ ਹੋ ਚੁੱਕਾ ਹੈ। ਉਨ੍ਹਾਂ ਇਸ ਮਸਲੇ ਵਿੱਚ ਵੀ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਨਾਲ਼ ਹੋਈ ਗੱਲਬਾਤ ਵਿੱਚ ਹੋਸਟਲਾਂ ਦੇ ਨਿਰਮਾਣ, ਨਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਲੋੜੀਂਦੇ ਬਜਟ ਵਾਧੇ, ਪੰਜਾਬੀ ਯੂਨੀਵਰਸਿਟੀ ਦੀਆਂ ਵਿੱਤੀ ਦੇਣਦਾਰੀਆਂ, ਮੌਜੂਦਾ ਤਨਖਾਹ ਸੰਕਟ ਆਦਿ ਦੇ ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ।
ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਨਿਰਪੱਖ ਹੋ ਕੇ ਯੂਨੀਵਰਸਿਟੀ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਦਾ ਸਵਾਲ ਪੇਸ਼ ਕੀਤਾ ਅਤੇ ਨਾਲ਼ ਹੀ ਯੂਨੀਵਰਸਿਟੀ ਦੇ ਕੰਮ-ਕਾਜ ਨੂੰ ਮਿਆਰੀ ਅਤੇ ਮਿਕਦਾਰੀ ਪੱਖੋਂ ਅੱਗੇ ਲਿਜਾਣ ਦੀ ਗੱਲ ਕੀਤੀ। ਵਾਈਸ ਚਾਂਸਲਰ ਪ੍ਰੋ ਅਰਵਿੰਦ ਨੇ ਇਸੇ ਗੱਲ ਨੂੰ ਅੱਗੇ ਤੋਰਿਦਆਂ ਕਿਹਾ ਕਿ ਤਰੱਕੀਆਂ ਅਤੇ ਨਿਯੁਕਤੀਆਂ ਦਾ ਸਵਾਲ ਨਿੱਜੀ ਦੋਸਤੀਆਂ ਜਾਂ ਨੇੜਤਾ ਦੀ ਥਾਂ ਯੋਗਤਾ ਅਤੇ ਮਿਆਰੀ ਕਾਰਗੁਜ਼ਾਰੀ ਨਾਲ਼ ਜੁੜਿਆ ਹੋਇਆ ਹੈ ਅਤੇ ਯੂਨੀਵਰਸਿਟੀ ਆਪਣੇ ਮਨੋਰਥ ਨੂੰ ਮਿਆਰੀ ਪੱਖੋਂ ਅੱਗੇ ਵਧਾਉਣ ਲਈ ਦ੍ਰਿੜ ਸੰਕਲਪ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ, ਰਜਿਸਟਰਾਰ ਪ੍ਰੋ. ਨਵਜੋਤ ਕੌਰ, ਡੀਨ ਕਾਲਜਿਜ਼ ਪ੍ਰੋ. ਗੁਰਪ੍ਰੀਤ ਸਿੰਘ ਲਹਿਲ, ਡਾਇਰੈਕਟਰ, ਈ. ਐੱਮ. ਆਰ. ਸੀ. ਦਲਜੀਤ ਅਮੀ, ਡਾਇਰੈਕਟਰ, ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ, ਪ੍ਰੋ. ਹਿਮੇਂਦਰ ਭਾਰਤੀ, ਡਾਇਰੈਕਟਰ ਪੇਂਡੂ ਹੁਨਰ ਵਿਕਾਸ ਕੇਂਦਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ, ਡਾਇਰੈਕਟਰ ਅੰਤਰਰਾਸ਼ਟਰੀ ਵਿਦਿਆਰਥੀ ਵਿੰਗ ਪ੍ਰੋ. ਰਣਜੀਤ ਕੌਰ, ਕੋਆਰਡੀਨੇਟਰ, ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਪ੍ਰੋ. ਭੀਮਇੰਦਰ ਸਿੰਘ ਆਦਿ ਇਸ ਮੌਕੇ ਹਾਜ਼ਰ ਰਹੇ।
ਮੰਚ ਸੰਚਾਲਨ ਦਾ ਕਾਰਜ ਡੀਨ ਅਲੂਮਨੀ ਐਸੋਸੀਏਸ਼ਨ ਡਾ.ਸਤਨਾਮ ਸਿੰਘ ਸੰਧੂ ਵੱਲੋਂ ਕੀਤਾ ਗਿਆ।