ਪਟਿਆਲਾ ਤੋਂ ਦੁਬਈ ਵਿਚ ਫਸੇ ਹੋਏ ਨੌਜਵਾਨ ਨੀਤੀਸ਼ ਦੇ ਪਰਿਵਾਰਿਕ ਮੈਂਬਰ ਡਾ ਐੱਸ ਪੀ ਸਿੰਘ ਓਬਰਾਏ ਨੂੰ ਮਿਲਣ ਪੁੱਜੇ
ਪਟਿਆਲਾ, 28 ਫਰਵਰੀ
ਪਿਛਲੇ ਦਿਨੀਂ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਖੱਜਲ ਖੁਆਰੀ ਤੋਂ ਜਿਹੜੇ 30 ਪੰਜਾਬੀ ਨੌਜਵਾਨ ਦੁਬਈ ਵਿਚ ਕੰਪਨੀ ਦੇ ਬੰਦ ਹੋਣ ਨਾਲ ਬੇਰੁਜ਼ਗਾਰ ਹੋ ਗਏ ਸੀ ਉਨ੍ਹਾਂ ਵਿਚੋਂ 8 ਨੌਜਵਾਨ ਖ਼ੁਦ ਐੱਸ ਪੀ ਸਿੰਘ ਓਬਰਾਏ ਨਾਲ ਲੈ ਕੇ ਮੋਹਾਲੀ ਏਅਰ ਪੋਰਟ ਆਏ ਸਨ ਅਤੇ ਬਾਕੀ ਰਹਿੰਦੇ 20 ਨੌਜਵਾਨ ਵੀ ਅਗਲੇ ਹਫ਼ਤੇ ਪੰਜਾਬ ਪਰਤ ਆਉਣਗੇ।
ਪਟਿਆਲਾ ਤੋਂ ਫਸੇ ਹੋਏ ਨੌਜਵਾਨ ਨੀਤੀਸ਼ ਦੇ ਪਰਿਵਾਰਿਕ ਮੈਂਬਰ ਡਾ ਐੱਸ ਪੀ ਸਿੰਘ ਓਬਰਾਏ ਨੂੰ ਮਿਲਣ ਪੁੱਜੇ। ਡਾ ਓਬਰਾਏ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ 3 ਹਫਤਿਆਂ ਤੋਂ ਦੁਬਈ ਵਿਖੇ ਇਨ੍ਹਾਂ ਨੌਜਵਾਨ ਉਨ੍ਹਾਂ ਦੇ ਕੈਂਪ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਸਾਰਾ ਖਰਚਾ ਉਨ੍ਹਾਂ ਵਲੋਂ ਸਹਿਨ ਕੀਤਾ ਜਾ ਰਿਹਾ ਹੈ ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਵੀ ਇਨ੍ਹਾਂ ਸਾਰਿਆਂ ਦੀਆਂ ਹਵਾਈ ਟਿਕਟਾਂ ਦਾ ਖਰਚਾ ਡਾ ਓਬਰਾਏ ਵਲੋਂ ਸਹਿਨ ਕੀਤਾ ਗਿਆ ਸੀ ਅਤੇ ਬਾਕੀ ਰਹਿੰਦੇ ਨੌਜਵਾਨਾਂ ਦੀਆਂ ਟਿਕਟਾਂ ਦਾ ਖਰਚਾ ਵੀ ਦਿੱਤਾ ਜਾਵੇਗਾ ।
ਓਬਰਾਏ ਨੇ ਦੱਸਿਆ ਕਿ ਇਨ੍ਹਾਂ ਦੀ ਕਾਗਜ਼ੀ ਕਾਰਵਾਈ ਇੱਕ ਦੋ ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ ਅਤੇ ਅਗਲੇ ਹਫ਼ਤੇ ਇਹ ਨੌਜਵਾਨ ਵਾਪਿਸ ਪੰਜਾਬ ਆ ਜਾਣਗੇ। 8 ਨੌਜਵਾਨ ਡਾ ਓਬਰਾਏ ਨਾਲ ਵਾਪਸ ਆ ਗਏ ਸਨ ਅਤੇ ਉਸ ਤੋਂ ਬਾਅਦ 2 ਹੋਰ ਨੌਜਵਾਨ ਵਾਪਸ ਆ ਗਏ ਸਨ ।
ਓਬਰਾਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਪਿਛਲੇ ਦੋ ਤੋਂ ਛੇ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਟ੍ਰੈਵਲ ਏਜੰਟਾਂ ਨੇ ਜਿਹੜੇ ਵਾਅਦੇ ਕਰ ਕੇ ਇਨ੍ਹਾਂ ਨੂੰ ਵਿਦੇਸ਼ ਭੇਜਿਆ ਸੀ, ਉਹ ਸਹੂਲਤਾਂ ਤੇ ਤਨਖ਼ਾਹਾਂ ਬਿਲਕੁਲ ਵੀ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਮਿਲੀਆਂ।
ਇਹ ਸਾਰੇ ਨੌਜਵਾਨ ਲਗਭਗ ਤਿੰਨ ਤੋਂ ਛੇ ਮਹੀਨੇ ਪਹਿਲਾਂ ਦੁਬਈ ਸਥਿਤ ਦੁਬਈ ਦੀ ਮਾਡਾਰ ਅਲਫ਼ਲਕ ਸਕਿਊਰਿਟੀ ਸਰਵਿਸ ’ਚ ਨੌਕਰੀ ਕਰਨ ਲਈ ਦੁਬਈ ਗਏ ਸਨ ਪਰ ਉਸ ਕੰਪਨੀ ਦਾ ਮਾਲਕ ਹੀ ਗ਼ਾਇਬ ਹੋ ਗਿਆ ਤੇ ਜਿਸ ਕੈਂਪ ’ਚ ਉਹ ਰਹਿ ਰਹੇ ਸਨ, ਉੱਥੋਂ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ। ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ; ਜਿਸ ਕਾਰਨ ਉਹ ਸੜਕ ’ਤੇ ਆ ਗਏ।
ਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆਂ; ਜਿਸ ਕਾਰਨ ਉਹ ਉੱਥੇ ਰੋਟੀ ਖਾਣ ਤੋਂ ਵੀ ਮੁਥਾਜ ਹੋ ਗਏ।
ਨੀਤੀਸ਼ ਦੇ ਭਰਾ ਨੇ ਡਾ ਓਬਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਮੇਸ਼ਾਂ ਹੀ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ ਅਤੇ ਹਮੇਸ਼ਾ ਹੀ ਇਨ੍ਹਾਂ ਵਲੋਂ ਖ਼ਾੜੀ ਦੇਸ਼ਾਂ ਵਿੱਚ ਪੰਜਾਬੀਆਂ ਅਤੇ ਹੋਰਨਾਂ ਦੀ ਬਾਂਹ ਫੜੀ ਹੈ ।