ਪਟਿਆਲਾ ਸ਼ਹਿਰ ਦੇ ਚਾਰ ਮੁੱਖ ਐਂਟਰੀ ਮਾਰਗਾਂ ਦਾ ਹੋਵੇਗਾ ਸੁੰਦਰੀਕਰਨ

176

ਪਟਿਆਲਾ ਸ਼ਹਿਰ ਦੇ ਚਾਰ ਮੁੱਖ ਐਂਟਰੀ ਮਾਰਗਾਂ ਦਾ ਹੋਵੇਗਾ ਸੁੰਦਰੀਕਰਨ

ਪਟਿਆਲਾ 29 ਅਗਸਤ,2022

ਕਈ ਸਿਆਸੀ ਉਤਰਾਅ-ਚੜ੍ਹਾਅ ਤੋਂ ਬਾਅਦ ਆਖਰਕਾਰ 10 ਮਹੀਨਿਆਂ ਬਾਅਦ ਨਗਰ ਨਿਗਮ ‘ਚ ਐੱਫ.ਐਂਡ.ਸੀ.ਸੀ ਦੀ ਮੀਟਿੰਗ ਅੱਜ ਮੰਗਲਵਾਰ ਸ਼ਾਮ 4 ਵਜੇ ਹੋਣ ਜਾ ਰਹੀ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਇਸ ਮੀਟਿੰਗ ਦੌਰਾਨ 38 ਲੱਖ 77 ਹਜ਼ਾਰ 908 ਰੁਪਏ ਦੇ ਮਤੇ ਪਾਸ ਹੋਣ ਦੀ ਸੰਭਾਵਨਾ ਹੈ। ਦਿਲਚਸਪ ਗੱਲ ਇਹ ਹੈ ਕਿ ਨਿਗਮ ਨੇ ਸ਼ਹਿਰ ਦੀਆਂ ਮੁੱਖ ਚਾਰ ਸੜਕਾਂ ਦੀ ਐਂਟਰੀ ਨੂੰ ਸੁੰਦਰ ਬਣਾਉਣ ਲਈ 27 ਲੱਖ, 35 ਹਜ਼ਾਰ, 965 ਰੁਪਏ ਦੀ ਤਜਵੀਜ਼ ਰੱਖੀ ਹੈ। ਇਸ ਤੋਂ ਇਲਾਵਾ ਇਲਾਕਾ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕਈ ਹੋਰ ਵਿਕਾਸ ਕਾਰਜ ਏਜੰਡੇ ਵਿੱਚ ਸ਼ਾਮਲ ਕੀਤੇ ਗਏ ਹਨ।

ਪਟਿਆਲਾ ਸ਼ਹਿਰ ਦੇ ਚਾਰ ਮੁੱਖ ਐਂਟਰੀ ਮਾਰਗਾਂ ਦਾ ਹੋਵੇਗਾ ਸੁੰਦਰੀਕਰਨ

  ਨਗਰ ਨਿਗਮ ਵੱਲੋਂ ਜਾਰੀ ਏਜੰਡੇ ਦੇ ਅਨੁਸਾਰ, ਆਖਰੀ ਐੱਫ ਐਂਡ ਸੀਸੀ ਦੀ ਮੀਟਿੰਗ 14 ਅਕਤੂਬਰ 2021 ਨੂੰ ਹੋਈ ਸੀ। ਮੇਅਰ ਸੰਜੀਵ ਸ਼ਰਮਾ ਵੱਲੋਂ ਦਸ ਮਹੀਨਿਆਂ ਬਾਅਦ ਹੋਣ ਵਾਲੀ ਐੱਫ ਐਂਡ ਸੀਸੀ ਮੀਟਿੰਗ ਲਈ ਜਾਰੀ ਕੀਤੇ ਗਏ ਏਜੰਡੇ ਵਿੱਚ 38 ਲੱਖ 77 ਹਜ਼ਾਰ ਰੁਪਏ ਦੇ ਮਤੇ ਰੱਖੇ ਗਏ ਹਨ। ਸੂਚੀ ਵਿੱਚ ਰਾਜਪੁਰਾ ਰੋਡ ’ਤੇ ਅਰਬਨ ਅਸਟੇਟ ਚੌਕ, ਸਰਹਿੰਦ ਰੋਡ ’ਤੇ ਬਾਈਪਾਸ ਚੌਕ, ਸੰਗਰੂਰ ਰੋਡ ’ਤੇ ਸ਼ਹੀਦ ਠੇਕਰੀ ਵਾਲਾ ਚੌਕ ਅਤੇ ਨਾਭਾ ਰੋਡ ’ਤੇ ਸਿਵਲ ਲਾਈਨ ਥਾਣੇ ਕੋਲ ਚੌਂਕ ਨੂੰ ਸੁੰਦਰ ਬਣਾਉਣ ਲਈ ਤਜਵੀਜ਼ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕੇਸਰ ਬਾਗ ਦੇ ਪਾਰਕ ਲਈ 15.21 ਲੱਖ ਰੁਪਏ, ਨਾਭਾ ਰੋਡ ਤੋਂ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਤੱਕ ਲਿੰਕ ਸੜਕ ‘ਤੇ ਸਟਰੀਟ ਲਾਈਟਾਂ ਲਗਾਉਣ ਲਈ 11 ਲੱਖ 15 ਹਜ਼ਾਰ ਰੁਪਏ, ਸੜਕ ਹਾਦਸਿਆਂ ਨੂੰ ਘਟਾਉਣ ਲਈ ਰੰਬਲ ਸਟਰਿਪ ਲਈ 5 ਲੱਖ, 37 ਹਜ਼ਾਰ ਰੁਪਏ, ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ ਟ੍ਰੀ ਗਾਰਡ ਖਰੀਦਣ ਲਈ 4 ਲੱਖ, 55 ਹਜ਼ਾਰ, ਬਡੂੰਗਰ ਇਲਾਕੇ ਵਿੱਚ ਕਮਿਊਨਿਟੀ ਹਾਲ ਬਣਾਉਣ ਲਈ 23.25 ਲੱਖ, ਤੋਪਖਾਨੇ ਦੇ ਗੇਟ ਨੇੜੇ ਪਾਰਕ ਤਿਆਰ ਕਰਨ ਲਈ 5 ਲੱਖ, 70 ਹਜ਼ਾਰ ਰੁਪਏ ਦੇ ਮਤੇ ਸ਼ਾਮਿਲ ਕੀਤੇ ਗਏ ਹਨ। ਇਸਤੋਂ ਬਿਨਾਂ ਕਈ ਸੜਕਾਂ ‘ਤੇ ਪਏ ਟੋਇਆਂ ਨੂੰ ਬੰਦ ਕਰਨ ਲਈ ਹੋਣ ਵਾਲੇ ਪੈਚ ਵਰਕ ਤੇ 4 ਲੱਖ, 63 ਹਜ਼ਾਰ ਰੁਪਏ ਅਤੇ ਰੋਡ ਗੈਂਗ ਲਈ 28 ਲੱਖ 17 ਹਜ਼ਾਰ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਇਸ ਤੋਂ ਇਲਾਵਾ ਪਟਿਆਲਾ-1 ਅਤੇ ਪਟਿਆਲਾ-2 ਦੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਵਿੱਚ ਕਲੋਰੀਨੇਸ਼ਨ ਤੇ 1 ਲੱਖ, 48 ਹਜ਼ਾਰ 754 ਰੁਪਏ ਦੀ ਤਜਵੀਜ਼ ਸ਼ਾਮਲ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਐੱਫ.ਐਂਡ ਸੀਸੀ ਦੇ ਚੇਅਰਮੈਨ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸੀਨੀਅਰ ਕੌਂਸਲਰ ਐਡਵੋਕੇਟ ਹਰਵਿੰਦਰ ਸ਼ੁਕਲਾ ਅਤੇ ਕੌਂਸਲਰ ਅਨਿਲ ਮੌਦਗਿਲ ਦੇ ਨਾਂ ਸ਼ਾਮਲ ਹਨ।