ਪਟਿਆਲਾ ਜ਼ਿਲ੍ਹੇ ਅੰਦਰ ਲੰਗਰ ਤੇ ਰਾਸ਼ਨ ਵੰਡਣ ਲਈ ਰੈਡ ਕਰਾਸ ਨਾਲ ਸੰਪਰਕ ਕੀਤਾ ਜਾਵੇ-ਡਿਪਟੀ ਕਮਿਸ਼ਨਰ
ਪਟਿਆਲਾ, 16 ਅਪ੍ਰੈਲ:
ਪਟਿਆਲਾ ਜ਼ਿਲ੍ਹੇ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਆਮ ਲੋਕਾਂ, ਖਾਸ ਕਰਕੇ ਵੱਖ-ਵੱਖ ਥਾਵਾਂ ‘ਤੇ ਲੰਗਰ ਤੇ ਰਾਸ਼ਨ ਵੰਡਣ ‘ਦੇ ਨਾਮ ‘ਤੇ ਲੋਕਾਂ ਵੱਲੋਂ ਜਾਰੀ ਗਤੀਵਿਧੀਆਂ ਨੂੰ ਬੰਦ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲੰਗਰ ਵੰਡਣ ‘ਤੇ ਲਾਈ ਗਈ ਪਾਬੰਦੀ ਮਗਰੋਂ ਰੈਡ ਕਰਾਸ ਸੁਸਾਇਟੀ ਪਟਿਆਲਾ ਦੀਆਂ ਟੀਮਾਂ ਨੇ ਆਪਣੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਆਮ ਲੋਕਾਂ ਤੇ ਸੰਸਥਾਵਾਂ ਵੱਲੋਂ ਆਪਣੇ ਤੌਰ ‘ਤੇ ਲੰਗਰ ਵੰਡਣ ‘ਤੇ ਪਾਬੰਦੀ ਲਗਾਈ ਗਈ ਹੈ, ਕਿਉਂਕਿ ਇਸ ਨਾਲ ਕੋਰੋਨਾਵਾਇਰਸ ਦੇ ਫੈਲਣ ਦਾ ਖ਼ਤਰਾ ਬਹੁਤ ਜਿਆਦਾ ਵਧ ਗਿਆ ਹੈ, ਜਿਸ ਕਰਕੇ ਹੁਣ ਕੇਵਲ ਨੋਡਲ ਏਜੰਸੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਹੀ ਲੋਕਾਂ ਨੂੰ ਰਾਸ਼ਨ ਤੇ ਲੰਗਰ ਵੰਡਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸੰਸਥਾ ਜਾਂ ਨਿਜੀ ਤੌਰ ‘ਤੇ ਕੋਈ ਵਿਅਕਤੀ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰੇ।
ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਜਿੱਥੇ ਹੁਣ ਤੱਕ ਲੋੜਵੰਦਾਂ ਦੀ ਮਦਦ ਕਰਦਿਆਂ ਰੋਜ਼ਾਨਾ ਭੋਜਨ ਦੇ 8 ਹਜ਼ਾਰ ਪੈਕਟ ਅਤੇ ਹੁਣ ਤੱਕ 2 ਲੱਖ ਦੇ ਕਰੀਬ ਪੈਕਟ ਲੋੜਵੰਦਾਂ ਤੱਕ ਪੁੱਜਦੇ ਕੀਤੇ ਹਨ, ਉਥੇ ਹੀ ਜਰੂਰਤਮੰਦਾਂ ਨੂੰ ਦਵਾਈਆਂ ਸਮੇਤ ਹੋਰ ਮੈਡੀਕਲ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਸ਼ਹਿਰ ਦੀਆਂ ਦੋ ਦਰਜਨ ਤੋਂ ਵਧੇਰੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਮਦਦ ਦੇ ਨਾਲ ਰੋਜ਼ਾਨਾ ਹਜ਼ਾਰਾਂ ਹੀ ਲੋੜਵੰਦਾਂ ਨੂੰ ਦੋ ਵਕਤ ਦਾ ਖਾਣਾ ਖੁਆਇਆ ਜਾ ਰਿਹਾ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਇਹ ਖਾਣੇ ਦੇ ਪੈਕਟ ਤਿਆਰ ਕਰਨ ਲਈ ਸਵੱਛਤਾ ਅਤੇ ਕੋਵਿਡ-19 ਪ੍ਰੋਟੋਕਾਲ ਨੇਮਾਂ ਦੀ ਪਾਲਣਾਂ ਕਰਦਿਆਂ ਦੋ ਗੱਡੀਆਂ ਰਾਹੀਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੇ 60 ਦੇ ਕਰੀਬ ਕਲੋਨੀਆਂ ਵਿੱਚ ਭੇਜਕੇ ਲੋੜਵੰਦਾਂ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜਵੰਦਾਂ ਦੀ ਮਦਦ ਲਈ ਰੈਡ ਕਰਾਸ ਕੋਵਿਡ-19 ਰਲੀਫ਼ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ।
ਰੈਡ ਕਰਾਸ ਸੁਸਾਇਟੀ ਦੇ ਆਨਰੇਰੀ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਰੈਡ ਕਰਾਸ ਦੀ ਸੇਂਟ ਜੌਹਨ ਐਂਬੂਲੈਂਸ ਬ੍ਰਿਗੇਡ ਦੇ ਕੋਰਪਸ ਕਮਾਂਡਰ ਸ. ਹਰਿੰਦਰ ਸਿੰਘ ਕਰੀਰ ਦੀ ਅਗਵਾਈ ਹੇਠਲੀਆਂ ਪਟਿਆਲਾ, ਨਾਭਾ, ਸਮਾਣਾ ਤੇ ਰਾਜਪੁਰਾ ਦੀਆਂ ਟੀਮਾਂ ਨੂੰ ਵੀ ਤਿਆਰ ਰਹਿਣ ਲਈ ਆਖਿਆ ਜਾ ਚੁੱਕਾ ਹੈ।