ਪਾਵਨ ਸਰੂਪਾਂ ਦਾ ਵੇਰਵਾ ਇਕੱਤਰ ਕਰਨ ਪਿੰਡਾਂ ‘ਚ ਜਾਣਗੇ ਸ਼੍ਰੋਮਣੀ ਕਮੇਟੀ ਪ੍ਰਚਾਰਕ

231

ਪਾਵਨ ਸਰੂਪਾਂ ਦਾ ਵੇਰਵਾ ਇਕੱਤਰ ਕਰਨ ਪਿੰਡਾਂ ‘ਚ ਜਾਣਗੇ ਸ਼੍ਰੋਮਣੀ ਕਮੇਟੀ ਪ੍ਰਚਾਰਕ

ਪਟਿਆਲਾ 10 ਸਤੰਬਰ (ਗੁਰਜੀਤ ਸਿੰਘ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਜਾਰੀ ਹੋਏ ਆਦੇਸ਼ਾਂ ‘ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਵੇਰਵਾ ਇਕੱਤਰ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ‘ਚ ਪ੍ਰਚਾਰਕਾਂ, ਢਾਡੀ ਅਤੇ ਕਵੀਸ਼ਰਾਂ ਜਥਿਆਂ ਨੂੰ ਤਾਇਨਾਤ ਕੀਤਾ ਗਿਆ, ਜਿਸ ਤਹਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਪਟਿਆਲਾ ਜ਼ਿਲ੍ਹੇ ਦੇ ਅੱਠ ਹਲਕਿਆਂ ‘ਚ ਪ੍ਰਚਾਰਕਾਂ ਅਤੇ ਢਾਡੀ ਜਥਿਆਂ ਨੂੰ ਭੇਜਣ ਤੋਂ ਪਹਿਲਾਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਵਿਚਾਰਾਂ ਵੀ ਕੀਤੀਆਂ।

ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਸਾਹਿਬ ਜੀ ਦੇ ਅਦਬ ਅਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਧਰਮ ਪ੍ਰਚਾਰ ਕਮੇਟੀ ਵੱਲੋਂ ਪਾਵਨ ਸਰੂਪਾਂ ਦੇ ਲੜੀ ਨੰਬਰ ਅਤੇ ਵੇਰਵੇ ਇਕੱਤਰ ਕਰਨ ਦੇ ਆਦੇਸ਼ ਹੋਏ ਹਨ, ਜੋ ਆਪੋ-ਆਪਣੇ ਪ੍ਰਚਾਰ ਹਲਕਿਆਂ ਦੇ ਸ਼ਹਿਰਾਂ-ਪਿੰਡਾਂ ‘ਚ ਸਥਿਤ ਗੁਰਦੁਆਰਾ ਸਾਹਿਬਾਨਾਂ, ਸੰਸਥਾਵਾਂ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਪੀੜ੍ਹਾ ਸਾਹਿਬ ਤੇ ਚੰਦੋਆ ਸਾਹਿਬ ਵਾਲੀ ਜਗਾ ‘ਤੇ ਪ੍ਰਕਾਸ਼ ਕਰਕੇ ਦਰਸ਼ਨ ਕਰਨ ਅਤੇ ਜਾਰੀ ਕੀਤੇ ਗਏ ਪ੍ਰੋਫਾਰਮੇ ਅਨੁਸਾਰ ਸਾਰੀ ਜਾਣਕਾਰੀ ਇਕੱਤਰ ਕਰਕੇ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਨੂੰ ਰਿਪੋਰਟ ਕਰਨਗੇ।

ਪਾਵਨ ਸਰੂਪਾਂ ਦਾ ਵੇਰਵਾ ਇਕੱਤਰ ਕਰਨ ਪਿੰਡਾਂ 'ਚ ਜਾਣਗੇ ਸ਼੍ਰੋਮਣੀ ਕਮੇਟੀ ਪ੍ਰਚਾਰਕ

ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਡੇਰਾਬਸੀ, ਰਾਜਪੁਰਾ, ਸਨੌਰ, ਡਕਾਲਾ, ਭਾਦਸੋਂ ਅਤੇ ਨਾਭਾ ਹਲਕੇ ‘ਚ ਜਾਣ ਵਾਲੇ ਪ੍ਰਚਾਰਕਾਂ ਨਾਲ ਢਾਡੀ ਅਤੇ ਕਵੀਸ਼ਰ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਸਰੂਪ ਦੀ ਵੰਡ, ਛਪਾਈ ਦਾ ਵੇਰਵਾ, ਕਿਹੜਾ ਸੰਨ, ਸਰੂਪ ਪਦ ਛੇਦ ਜਾਂ ਲੜੀਵਾਰ ਤੋਂ ਇਲਾਵਾ ਬਿਰਧ ਅਤੇ ਮੌਜੂਦਾ ਹਾਲਾਤ ਦਾ ਵੇਰਵਾ ਵੀ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਰੀ ਕੀਤੇ ਪ੍ਰੋਫਾਰਮੇ ਵਿਚ ਪ੍ਰਚਾਰਕ ਗੁਰਦੁਆਰਾ ਸਾਹਿਬ ‘ਚ ਪਾਵਨ ਸਰੂਪਾਂ ਦਾ ਵੇਰਵਾ ਅਤੇ ਸੰਗਤਾਂ ਦੇ ਘਰਾਂ ‘ਚ ਪ੍ਰਕਾਸ਼ ਕੀਤੇ ਸਰੂਪਾਂ ਦੇ ਵੇਰਵੇ ਦੀ ਜਾਣਕਾਰੀ ਭੇਜਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਕਰਤਾਰ ਸਿੰਘ ਆਦਿ ਹਾਜ਼ਰ ਸਨ।