ਪੂਟਾ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਦੇ ਫ਼ੈਸਲੇ ਦਾ ਕੀਤਾ ਸਖਤ ਵਿਰੋਧ
ਪਟਿਆਲਾ/ਅਪ੍ਰੈਲ 20,2021
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਡੀਨ ਅਕਾਦਮਿਕ ਮਾਮਲੇ ਦੁਆਰਾ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਂਸਟੀਚੁਐਂਟ ਕਾਲਜਾਂ ਵਿੱਚ ਵਾਧੂ ਵਰਕਲੋਡ ਲੈਕਚਰ ਆਧਾਰ ਤੇ ਕੰਮ ਕਰ ਰਹੇ ਅਧਿਆਪਕਾਂ ਦੀ ਥਾਂ ਸੀਨੀਅਰ/ਜੂਨੀਅਰ ਰਿਸਰਚ ਫੈਲੋ ਨੂੰ ਦੇਣ ਦਾ ਫ਼ੈਸਲੇ ਦਾ ਸਖਤ ਵਿਰੋਧ ਕੀਤਾ। ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਕਿਹਾ ਕਿ ਇਹ ਇਕਤਰਫਾ ਅਤੇ ਗੈਰ ਸੰਵਿਧਾਨਕ ਫੈਸਲਾ ਯੂ ਜੀ ਸੀ ਅਤੇ ਹੋਰ ਏਜੰਸੀਆਂ ਵੱਲੋਂ ਜਾਰੀ ਇਨ੍ਹਾਂ ਫੈਲੋਸ਼ਿਪਾਂ ਦੇ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਘੋਰ ਉਲੰਘਣਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਵਿੱਚ ਇਨ੍ਹਾਂ ਫੈਲੋਸ਼ਿਪਾਂ ਉੱਤੇ ਕੰਮ ਕਰ ਰਹੇ ਖੋਜਾਰਥੀ ਆਪਣਾ ਕੰਮ ਜ਼ਿਆਦਾਤਰ ਕੈਂਪਸ ਵਿਖੇ ਰਹਿ ਕੇ ਹੀ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਕਾਂਸਟੀਚੁਐਂਟ ਕਾਲਜਾਂ ਵਿਖੇ ਪੜ੍ਹਾਉਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਰਿਸਰਚ ਸਕਾਲਰਾਂ ਨੂੰ ਪੂਰਨ ਤੌਰ ਤੇ ਅਧਿਆਪਨ ਕਾਰਜ ਦੇਣ ਨਾਲ ਖੋਜ ਕਾਰਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਉਨ੍ਹਾਂ ਨੇ ਪ੍ਰੈਸ ਨੁੰ ਦੱਸਿਆ ਕਿ ਕਈ ਕੋਰਸਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਨ ਵਾਲੀਆਂ ਰੈਗੂਲੇਟਰੀ ਬਾਡੀਜ਼ ਜਿਵੇਂ ਕਿ AICTE, NCTE ਅਤੇ BAR COUNCIL ਅਜਿਹੀ ਵਿਵਸਥਾ ਦੀ ਪ੍ਰਵਾਨਗੀ ਨਹੀਂ ਦਿੰਦੀਆਂ। ਇਨ੍ਹਾਂ ਕੋਰਸਾਂ ਵਿਚਲੇ ਅਧਿਆਪਕਾਂ ਦੀ ਗਿਣਤੀ ਪ੍ਰਵਾਨਿਤ ਬੈਚ ਦੀ ਗਿਣਤੀ ਦੇ ਅਨੁਸਾਰ ਨਿਰਧਾਰਿਤ ਕੀਤੀ ਜਾਂਦੀ ਹੈ। ਪੂਟਾ ਪ੍ਰਧਾਨ ਵੱਲੋਂ ਇਹ ਵੀ ਦੱਸਿਆ ਗਿਆ ਕਿ 160 ਦੇ ਲਗਪਗ ਕੰਟਰੈਕਟ ਅਧਿਆਪਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਮਾਲਵੇ ਦੇ ਦੂਰ ਦੁਰਾਡੇ ਅਤੇ ਪੇਂਡੂ ਇਲਾਕੇ ਵਿੱਚ ਉੱਚ ਸਿੱਖਿਆ ਪ੍ਰਦਾਨ ਕਰਨ ਦਾ ਕਾਰਜ ਬੜੀ ਈਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਇਹ ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਤੋਂ ਬਿਨਾਂ ਵੀ ਆਪਣਾ ਕੰਮ ਪੂਰੀ ਸ਼ਿੱਦਤ ਨਾਲ ਨਿਭਾ ਰਹੇ ਹਨ।

ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਅਧਿਆਪਕਾਂ ਤੋਂ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਦੌਰਾਨ ਰੁਜ਼ਗਾਰ ਖੋਹਣ ਦੇ ਇਸ ਆਪ ਹੁਦਰੇ ਫ਼ੈਸਲੇ ਦਾ ਪੂਟਾ ਸਖ਼ਤ ਵਿਰੋਧ ਅਤੇ ਸਖ਼ਤ ਨਿਖੇਧੀ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਉਪਰੋਕਤ ਪੱਤਰ ਨੂੰ ਫੌਰੀ ਤੌਰ ਤੇ ਰੱਦ ਕਰਨ ਅਤੇ ਕੰਟਰੈਕਟ ਅਧਿਆਪਕਾਂ ਦੇ ਸੇਵਾ ਕਾਲ ਵਿੱਚ ਵਾਧੇ ਦੇ ਹੁਕਮ ਤੁਰੰਤ ਜਾਰੀ ਕਰਨ ਦੀ ਜ਼ੋਰਦਾਰ ਮੰਗ ਕਰਦਾ ਹੈ। ਪੂਟਾ ਵੱਲੋਂ ਇਸ ਸਬੰਧੀ ਕੰਟਰੈਕਟ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ।
ਪੂਟਾ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਅਪ੍ਰੈਲ ਮਹੀਨੇ ਦੇ 20 ਦਿਨ ਲੰਘਣ ਉਪੰਰਤ ਵੀ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਛੇ ਮਹੀਨਿਆਂ ਦੀ ਜੀ.ਪੀ.ਐਫ. ਰਾਸ਼ੀ ਅਜੇ ਤੱਕ ਸਬੰਧਤ ਖਾਤਿਆਂ ਵਿਚ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਬਹੁ ਗਿਣਤੀ ਅਧਿਆਪਕਾਂ ਨੂੰ ਅਜੇ ਤੱਕ ਡੀ.ਏ. ਬਕਾਇਆ ਦੀ ਰਾਸ਼ੀ ਦਾ ਭੁਗਤਾਨ ਵੀ ਅਜੇ ਤੱਕ ਨਹੀਂ ਕੀਤਾ ਗਿਆ।
ਪ੍ਰਸ਼ਾਸ਼ਨ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਅਧਿਆਪਕ ਸਾਹਿਬਾਨ ਦੇ ਸਟੈਪਅੱਪ ਇੰਕਰੀਮੈਂਟ ਅਜੇ ਤੱਕ ਨਹੀਂ ਲਗਾਏ ਗਏ ਹਨ। ਇਨ੍ਹਾਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਸਮੂੰਹ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
