ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ- ਡਾ. ਪ੍ਰੀਤੀ ਯਾਦਵ

169

ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ- ਡਾ. ਪ੍ਰੀਤੀ ਯਾਦਵ

ਬਹਾਦਰਜੀਤ ਸਿੰਘ /ਰੂਪਨਗਰ, 25 ਸਤੰਬਰ, 2022

ਪੰਜਾਬ ਸਰਕਾਰ ਵੱਲੋਂ ਇਸ ਵਾਰ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਬਾਰਕ ਮੌਕੇ ਉੱਤੇ ਵੱਖ ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਜਿਹਨਾਂ ਦਾ ਵੇਰਵਾ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜਾਰੀ ਕੀਤਾ ਗਿਆ।

ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਵੀਡਿਓ ਕਾਨਫਰਾਂਸਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਸੂਬੇ ਭਰ ਵਿੱਚ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਵੇਰੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦੀ ਤਸਵੀਰ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ ਅਤੇ ਫੁੱਲ ਭੇਟ ਕੀਤੇ ਜਾਣਗੇ। ਇਸ ਮੌਕੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦਾ ਵੀਡਿਓ ਮੈਸੇਜ ਵੱਡੀ ਸਕਰੀਨ ਉੱਤੇ ਚਲਾਇਆ ਜਾਵੇਗਾ।

ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ- ਡਾ. ਪ੍ਰੀਤੀ ਯਾਦਵ
Shaheed Bhagat Singh

ਇਸ ਤੋਂ ਬਾਅਦ  ਸਾਈਕਲ ਰੈਲੀ ਕੱਢੀ ਜਾਵੇਗੀ। ਉਸੇ ਦਿਨ ਸ਼ਾਮ ਨੂੰ ਕੈਂਡਲ ਲਾਈਟ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ ਅਤੇ ਆਮ ਲੋਕ ਭਾਗ ਲੈਣਗੇ। ਸ਼ਹੀਦੀ ਪਾਰਕ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।

ਉਹਨਾਂ 28 ਸਤੰਬਰ ਨੂੰ ਲੋਕਾਂ ਨੂੰ ਆਪਣੇ ਘਰਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸ਼ਾਮ/ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੀ ਯਾਦ ਵਿੱਚ ਦੀਵਾ ਜਾਂ ਮੋਮਬੱਤੀ ਜਗਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪਾਰਕ ਸਮੇਤ ਮਹੱਤਵਪੂਰਨ ਇਤਿਹਾਸਕ ਇਮਾਰਤਾਂ ਨੂੰ ਰੁਸ਼ਨਾਇਆ ਜਾਵੇਗਾ।

ਉਹਨਾਂ ਕਿਹਾ ਕਿ “ਸ਼ਹੀਦ-ਏ -ਆਜ਼ਮ ਸ. ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ” ਨੂੰ ਪ੍ਰੇਰਨਾ ਹਿੱਤ ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਦੀਆਂ ਦੀਵਾਰਾਂ ਤੇ ਸਟੈਨਸਿਲ/ਪੇਂਟ ਕੀਤਾ ਜਾਵੇਗਾ। ਇਸ ਦਿਨ ਸਕੂਲਾਂ ਵਿੱਚ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਜਾਣਗੇ ਅਤੇ ਸਵੇਰ ਦੀ ਸਭਾ ਦੌਰਾਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਆਦਰਸ਼ਾਂ ਉੱਤੇ ਸੰਬੋਧਨ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਕਿਹਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਇਹਨਾਂ ਸਮਾਗਮਾਂ ਅਤੇ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੌ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਨੂੰ ਉਹਨਾਂ ਦੇ 115ਵੇਂ ਜਨਮ ਦਿਵਸ ਉੱਤੇ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਜਾ ਸਕੇ।