ਪੋਸ਼ਣ ਬਗ਼ੀਚੀਆਂ ਰਾਹੀਂ ਕੁਪੋਸ਼ਣ ਦੇ ਖਾਤਮੇ ਦੀ ਮੁਹਿੰਮ ;-ਹੁਣ ਤੱਕ ਪਟਿਆਲਾ ਜ਼ਿਲ੍ਹੇ ‘ਚ 248 ਪੋਸ਼ਣ ਬਗ਼ੀਚੀਆਂ ਹੋਂਦ ‘ਚ ਆਈਆਂ

500

ਪੋਸ਼ਣ ਬਗ਼ੀਚੀਆਂ ਰਾਹੀਂ ਕੁਪੋਸ਼ਣ ਦੇ ਖਾਤਮੇ ਦੀ ਮੁਹਿੰਮ ;-ਹੁਣ ਤੱਕ ਪਟਿਆਲਾ ਜ਼ਿਲ੍ਹੇ ‘ਚ 248 ਪੋਸ਼ਣ ਬਗ਼ੀਚੀਆਂ ਹੋਂਦ ‘ਚ ਆਈਆਂ

ਪਟਿਆਲਾ, 27 ਜਨਵਰੀ :

ਪੋਸ਼ਣ ਬਗ਼ੀਚੀਆਂ ਰਾਹੀਂ ਕੁਪੋਸ਼ਣ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਹਰਮਨ ਪਿਆਰੀ ਹੋਣ ਲੱਗੀ ਹੈ। ਪੋਸ਼ਣ ਅਭਿਆਨ ਤਹਿਤ ਸ਼ੁਰੂ ਕੀਤੀ ਗਈ ਇਸ ਮੁਹਿੰਮ ਅਧੀਨ ਪਟਿਆਲਾ ਜ਼ਿਲ੍ਹੇ ਅੰਦਰ ਆਂਗਣਵਾੜੀ ਸੈਂਟਰਾਂ, ਧਰਮਸ਼ਾਲਾਵਾਂ, ਸਾਂਝੀਆਂ ਥਾਵਾਂ ਤੇ ਆਂਗਣਵਾੜੀ ਵਰਕਰਾਂ ਦੇ ਘਰਾਂ ‘ਚ 248 ਪੋਸਣ ਬਗ਼ੀਚੀਆਂ ਹੋਂਦ ‘ਚ ਆਈਆਂ ਹਨ।ਇਨ੍ਹਾਂ ਬਗ਼ੀਚੀਆਂ ‘ਚ ਉਗਾਈਆਂ ਜਾਂਦੀਆਂ ਮੌਸਮੀ ਸਬਜੀਆਂ ਕਿਸ਼ੋਰ ਲੜਕੀਆਂ, ਗਰਭਵਤੀ ਮਹਿਲਾਵਾਂ ਤੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ‘ਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਲਈ ਆਂਗਣਵਾੜੀ ਵਰਕਰਾਂ ਵੱਲੋਂ ਮੁਫ਼ਤ ਵੰਡੀਆਂ ਜਾਂਦੀਆਂ ਹਨ।

ਪਿੰਡ ਦੌਣ ਕਲਾਂ ਦੀ ਆਂਗਣਵਾੜੀ ਵਰਕਰ ਪ੍ਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਪੋਸ਼ਣ ਬਗ਼ੀਚੀ ‘ਚ ਉਗੀਆਂ ਸਬਜੀਆਂ ਸਬਲਾ, ਬੱਚਿਆਂ ਦੀਆਂ ਮਾਵਾਂ ਤੇ ਗਰਭਵਤੀ ਮਹਿਲਾਵਾਂ ਨੂੰ ਵੰਡ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ। ਪਿੰਡ ਪਹਾੜਪੁਰ ਦੀਆਂ ਆਂਗਣਵਾੜੀ ਵਰਕਰਾਂ ਨੇ ਵੀ ਕਿਹਾ ਕਿ ਇਨ੍ਹਾਂ ਪੋਸ਼ਣ ਬਗ਼ੀਚੀਆਂ ਦਾ ਬਹੁਤ ਲਾਭ ਹੋ ਰਿਹਾ ਹੈ।

ਪਿੰਡ ਖੇੜੀ ਗੌੜੀਆਂ ਦੀਆਂ ਵਰਕਰਾਂ ਨੇ ਕਿਹਾ ਕਿ ਇਸ ਬਗ਼ੀਚੀ ‘ਚ ਉਗਦੀਆਂ ਸਬਜ਼ੀਆਂ ਪ੍ਰਾਪਤ ਕਰਕੇ ਲਾਭਪਾਤਰੀ ਮਹਿਲਾਵਾਂ ਵੀ ਬਹੁਤ ਖੁਸ਼ ਹਨ ਅਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਨ੍ਹਾਂ ਪਿੰਡਾਂ ਦੀਆਂ ਲਾਭਪਾਤਰੀ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਪੋਸ਼ਣ ਬਗ਼ੀਚੀਆਂ ਤੋਂ ਹਰੀਆਂ ਤੇ ਤਾਜੀਆਂ ਸਬਜ਼ੀਆਂ ਮੁਫ਼ਤ ‘ਚ ਮਿਲ ਰਹੀਆਂ ਹਨ, ਜਿਸ ਲਈ ਉਹ ਆਂਗਣਵਾੜੀ ਵਰਕਰਾਂ ਦਾ ਧੰਨਵਾਦ ਕਰਦੀਆਂ ਹਨ।

ਇਸੇ ਦੌਰਾਨ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੇਟੀਆਂ ਦੀ ਬਿਹਤਰੀ ਲਈ ਉਲੀਕੇ ਗਏ ਪ੍ਰੋਗਰਾਮਾਂ ਤਹਿਤ ਕੌਮੀ ਬੇਟੀ ਦਿਵਸ ਮਨਾਕੇ ਬੇਟੀਆਂ ਦੀਆਂ ਮਾਵਾਂ ਨੂੰ ਤੋਹਫ਼ੇ ਵੰਡੇ ਗਏ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ 1828 ਆਂਗਣਵਾੜੀ ਸੈਂਟਰ ਹਨ ਅਤੇ ਆਂਗਣਵਾੜੀ ਵਰਕਰਾਂ ਵੱਲੋਂ 248 ਪੋਸ਼ਣ ਵਾਟਿਕਾ ਬਣਾ ਕੇ ਕੁਪੋਸ਼ਣ ਦੇ ਖਾਤਮੇ ਲਈ ਵਿੱਢੀ ਜੰਗ ਤਹਿਤ ਹੀ ਇੱਥੇ ਪੈਦਾ ਹੋਣ ਵਾਲੀਆਂ ਤਾਜੀਆਂ ਮੌਸਮੀ ਸਬਜੀਆਂ ਲਾਭਪਾਤਰੀਆਂ ਨੂੰ ਵੰਡੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਇਹ ਪੋਸ਼ਣ ਵਾਟਿਕਾ ਵਰਦਾਨ ਸਾਬਤ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਸਮਾਜਿਕ ਜਾਗਰੂਕਤਾ ਲਈ ਨਵ ਜਨਮੀਆਂ ਬੇਟੀਆਂ ਦੇ ਜਨਮ ਦਿਨ ਮਨਾਉਣ ਲਈ ਬੂਟੇ ਲਗਾਏ ਜਾ ਰਹੇ ਹਨ। ਪੋਸ਼ਣ ਅਭਿਆਨ ਤਹਿਤ ਹੀ ਹਰ ਮਹੀਨੇ ਆਂਗਣਵਾੜੀ ਸੈਂਟਰਾਂ ‘ਚ ਸੁਪੋਸ਼ਣ ਦਿਵਸ ਮਨਾ ਕੇ ਕੁਪੋਸ਼ਣ, ਖੂਨ ਦੀ ਕਮੀ ਤੇ ਘੱਟ ਵਜਨ ਆਦਿ ਦੂਰ ਕਰਨ ਲਈ ਲਾਭਪਾਤਰੀ ਮਹਿਲਾਵਾਂ ਨੂੰ ਪੌਸ਼ਟਿਕ ਤੱਤਾਂ ਦੀ ਕਮੀ ਦੂਰ ਕਰਨ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਸੀ.ਡੀ.ਪੀ.ਓ. ਪਟਿਆਲਾ ਦਿਹਾਤੀ ਸੁਪਰੀਤ ਕੌਰ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਵਿੱਚ ਪੋਸ਼ਣ ਵਾਟਿਕਾ ਮੁਹਿੰਮ ਬਹੁਤ ਹੀ ਸਫ਼ਲਤਾ ਪੂਰਵਕ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ‘ਚ ਸੁਪਰਵਾਈਜਰਾਂ ਤੇ ਆਂਗਣਵਾੜੀ ਵਰਕਰਾਂ ਰਾਹੀਂ ਬਣਾਈਆਂ ਗਈਆਂ ਪੋਸ਼ਣ ਵਾਟਿਕਾ ‘ਚ ਅੱਜ ਕੱਲ੍ਹ ਮੌਸਮੀ ਸਬਜ਼ੀਆਂ ਪੂਰੇ ਜੋਬਨ ‘ਤੇ ਪੈਦਾ ਕੀਤੀਆਂ ਜਾ ਰਹੀਆਂ ਹਨ।