ਪੰਜਾਬੀ ਦੇ ਫੌਂਟਾਂ ਨੂੰ ਮਿਆਰੀ ਯੂਨੀਕੋਡ (ਰਾਵੀ) ਵਿਚ ਤਬਦੀਲ ਕਰਨ ਵਾਲੀ ਵਿਸ਼ੇਸ਼ ਐਪ ਜਾਰੀ ਕੀਤੀ

331

ਪੰਜਾਬੀ ਦੇ ਫੌਂਟਾਂ ਨੂੰ ਮਿਆਰੀ ਯੂਨੀਕੋਡ (ਰਾਵੀ) ਵਿਚ ਤਬਦੀਲ ਕਰਨ ਵਾਲੀ ਵਿਸ਼ੇਸ਼ ਐਪ ਜਾਰੀ ਕੀਤੀ

ਕੰਵਰ ਇੰਦਰ ਸਿੰਘ /ਪਟਿਆਲਾ, 16 ਫਰਵਰੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਪੰਜਾਬੀ ਦੇ ਫੌਂਟਾਂ ਨੂੰ  ਮਿਆਰੀ ਯੂਨੀਕੋਡ (ਰਾਵੀ) ਵਿਚ ਤਬਦੀਲ ਕਰਨ ਵਾਲੀ ਇਕ ਵਿਸ਼ੇਸ਼ ਐਪ ਜਾਰੀ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਅਜਿਹੇ ਕਦਮ ਉਠਾਏ ਜਾਣੇ ਬਹੁਤ ਲਾਜਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਜਿਸ ਦਾ ਮੂਲ ਮੰਤਵ ਹੀ ਪੰਜਾਬੀ ਭਾਸ਼ਾ ਦਾ ਹਰ ਪੱਖੋਂ ਵਿਕਾਸ ਕਰਨਾ ਹੈ, ਵੱਲੋਂ ਸਮੇਂ ਸਮੇਂ ਅਜਿਹੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਰਟ ਫੋਨ ਤੇ ਕੰਮ ਕਰਨ ਵਾਲਿਆਂ ਨੂੰ ਨਿਰਸੰਦੇਹ ਇਸ ਐਪ ਦਾ ਲਾਭ ਹੋਵੇਗਾ।

ਪੰਜਾਬੀ ਦੇ ਫੌਂਟਾਂ ਨੂੰ ਮਿਆਰੀ ਯੂਨੀਕੋਡ (ਰਾਵੀ) ਵਿਚ ਤਬਦੀਲ ਕਰਨ ਵਾਲੀ ਵਿਸ਼ੇਸ਼ ਐਪ ਜਾਰੀ ਕੀਤੀ

ਇਸ ਮੌਕੇ ਹਾਜ਼ਰ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਇਸ ਮੌਕੇ ਇਸ ਐਪ ਦੀ ਨਿਰਮਾਣਕਾਰੀ ਵਾਲੀ ਟੀਮ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।

‘ਪਲਟਾਵਾ’ ਨਾਮੀ ਇਸ ਐਪ ਨੂੰ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਡਾ. ਸੀ. ਪੀ. ਕੰਬੋਜ ਅਤੇ ਉਨ੍ਹਾਂ ਦੇ ਖੋਜਾਰਥੀ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਨਮੋਲ ਲਿਪੀ, ਅਸੀਸ, ਸਤਲੁਜ ਆਦਿ ਪੁਰਾਣੇ ਫੌਂਟਾਂ ਮਿਆਰੀ ਯੂਨੀਕੋਡ ਵਿਚ ਬਦਲਣ ਲਈ ਕਈ ਸਾਫਟਵੇਅਰ ਪਹਿਲਾਂ ਹੀ ਬਣ ਚੁੱਕੇ ਹਨ ਪਰ ਮੋਬਾਈਲ ਫੋਨਾਂ ਲਈ ਅਜਿਹੇ ਪ੍ਰੋਗਰਾਮ ਦੀ ਵੱਡੀ ਘਾਟ ਸੀ। ਇਸ ਘਾਟ ਦੀ ਪੂਰਤੀ ਲਈ ਇਸ ਐਪ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਐਪ ਇਕ ਛੋਹ ਰਾਹੀਂ ਪੁਰਾਣੇ ਗੈਰ ਮਿਆਰੀ ਫੌਂਟਾਂ ਦੀ ਸਮੱਗਰੀ ਨੂੰ ਮਿਆਰੀ ਯੂਨੀਕੋਡ ਪ੍ਰਣਾਲ਼ੀ ਵਿਚ ਬਦਲ ਸਕਦੀ ਹੈ।

ਡਾ. ਕੰਬੋਜ ਨੇ ਦੱਸਿਆ ਕਿ ਇਸ ਐਪ ਬਾਰੇ ਵੀਡੀਓ ਰਾਹੀਂ ਤਕਨੀਕੀ ਜਾਣਕਾਰੀ ਲੈਣ ਲਈ ਯੂ-ਟਿਊਬ ਚੈਨਲ “ਮੇਰਾ ਕੰਪਿਊਟਰ ਮੀਡੀਆ” ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਪਲਟਾਵਾਂ (paltava) ਦੇ ਨਾਮ ਨਾਲ ਜਾਂ tiny.cc/3re2jz ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਡਾ. ਕੰਬੋਜ ਮਾਤ-ਭਾਸ਼ਾ ਪੰਜਾਬੀ ਵਿਚ ਕੁੱਲ 30 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ ਤੇ ਉਨ੍ਹਾਂ ਦੇ ਸੈਂਕੜੇ ਤਕਨੀਕੀ ਲੇਖ ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪ ਚੁੱਕੇ ਹਨ।