ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐਚ.ਡੀ. ਅਤੇ ਐਮ. ਫ਼ਿਲ ਦੀ ਕੌਂਸਲਿੰਗ ਪ੍ਰਕਿਰਿਆ ਨਿਰਵਿਘਨ ਜਾਰੀ

339

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐਚ.ਡੀ. ਅਤੇ ਐਮ. ਫ਼ਿਲ ਦੀ ਕੌਂਸਲਿੰਗ ਪ੍ਰਕਿਰਿਆ ਨਿਰਵਿਘਨ ਜਾਰੀ

ਪਟਿਆਲਾ /21 ਜਨਵਰੀ 2021

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 21 ਜਨਵਰੀ 2021 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੂਰੀ ਤਰਾਂ ਖੁੱਲ ਚੁੱਕੀ ਹੈ। ਇਸ ਦੇ ਚਲਦਿਆਂ ਅੱਜ ਪੀ-ਐਚ.ਡੀ. ਅਤੇ ਐਮ. ਫ਼ਿਲ ਦੀ ਕੌਂਸਲਿੰਗ ਰੱਖੀ ਗਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ  ਗੈਰ ਅਧਿਆਪਨ ਅਮਲੇ ਦੇ ਪ੍ਰਧਾਨ  ਰਜਿੰਦਰ ਰਾਜੂ ਵਲੋਂ ਕੌਂਸਲਿੰਗ ਵਿਚ ਵਿਘਨ ਪਾਉਣ ਦਾ ਯਤਨ ਕੀਤਾ ਗਿਆ।

ਉਨ੍ਹਾਂ ਵੱਲੋਂ ਜਬਰਦਸਤੀ ਬਹੁਤ ਸਾਰੇ ਵਿਭਾਗਾਂ ਨੂੰ ਬੰਦ ਕਰਵਾਇਆ ਗਿਆ। ਵਿਘਨ ਪਾਉਣ ਸੰਬੰਧੀ ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ ਅਤੇ ਸਮੂਹ ਵਿਭਾਗਾਂ ਵਿੱਚ ਕੌਂਸਲਿੰਗ ਪ੍ਰਕਿਰਿਆ ਨਿਰਵਿਘਨ ਜਾਰੀ ਰਹੀ  ਕਿਉਂਕਿ ਡੀਨ ਅਕਾਦਮਿਕ ਮਾਮਲੇ ਡਾ. ਅਮ੍ਰਿਤਪਾਲ ਕੌਰ, ਰਜਿਸਟਰਾਰ ਡਾ. ਦੇਵਿੰਦਰ ਪਾਲ ਸਿੰਘ ਸਿੱਧੂ, ਡੀਨ ਬਾਹਰੀ ਕੇਂਦਰ ਡਾ. ਪੁਸ਼ਪਿੰਦਰ ਗਿੱਲ, ਇੰਚਾਰਜ ਲੀਗਲ ਅਫੇਅਰਜ਼ ਡਾ. ਗੁਰਚਰਨ ਸਿੰਘ ਅਤੇ ਮੁੱਖ ਸੁਰੱਖਿਆ ਅਫਸਰ ਕੈਪਟਨ ਗੁਰਤੇਜ ਸਿੰਘ ਵੱਲੋਂ ਖੁਦ ਵੱਖ-ਵੱਖ ਵਿਭਾਗਾਂ ਵਿੱਚ ਪਹੁੰਚ ਕੇ ਸਬੰਧਤ ਵਿਭਾਗਾਂ ਨੂੰ ਖੁਲ੍ਹਵਾਇਆ ਗਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐਚ.ਡੀ. ਅਤੇ ਐਮ. ਫ਼ਿਲ ਦੀ ਕੌਂਸਲਿੰਗ ਪ੍ਰਕਿਰਿਆ ਨਿਰਵਿਘਨ ਜਾਰੀ

ਉਪਰੋਕਤ ਸਬੰਧੀ ਡੀਨ ਅਕਾਦਮਿਕ ਮਾਮਲੇ ਡਾ. ਅਮ੍ਰਿਤਪਾਲ ਕੌਰ ਨੇ ਕਿਹਾ ਕਿ ਇਹ ਵਰਤਾਰਾ ਅਤਿ ਨਿੰਦਣਯੋਗ ਹੈ ਜਿਸ ਨਾਲ ਵਿਦਿਆਰਥੀ ਪ੍ਰਭਾਵਿਤ ਹੁੰਦੇ ਹਨ। ਉਹਨਾਂ ਕਿਹਾ ਕਿ ਕਰਮਚਾਰੀਆਂ ਨੂੰ ਹਾਲਾਂਕਿ ਪਹਿਲਾਂ ਹੀ ਭਰੋਸਾ ਦਿੱਤਾ ਜਾ ਚੁੱਕਾ ਸੀ ਕਿ ਉਨ੍ਹਾਂ ਦੇ ਮਸਲਿਆਂ ਦੇ ਵਾਜਿਬ ਹੱਲ ਜਲਦੀ ਹੀ ਕੱਢ ਦਿੱਤੇ ਜਾਣਗੇ ਪਰ ਫਿਰ ਵੀ ਉਨ੍ਹਾਂ ਵੱਲੋਂ ਅਜਿਹਾ ਕਰਨਾ ਬਹੁਤ ਹੀ ਨਿੰਦਣਯੋਗ ਹੈ।