ਪੰਜਾਬੀ ਯੂਨੀਵਰਸਿਟੀ ਮਨਾਵੇਗੀ ਸਿਰਮੌਰ ਸ਼ਾਇਰ ਵਾਰਿਸ ਸ਼ਾਹ ਦਾ 300 ਸਾਲਾ

405

ਪੰਜਾਬੀ ਯੂਨੀਵਰਸਿਟੀ ਮਨਾਵੇਗੀ ਸਿਰਮੌਰ ਸ਼ਾਇਰ ਵਾਰਿਸ ਸ਼ਾਹ ਦਾ 300 ਸਾਲਾ

ਪਟਿਆਲਾ/ 25-02-2022

“ਪੰਜਾਬੀ ਦੇ ਸਿਰਮੌਰ ਸ਼ਾਇਰ ਨੂੰ ਪੰਜਾਬੀ ਦੇ ਸਿਰਮੌਰ ਅਦਾਰੇ ਵੱਲੋਂ ਸਾਲ ਭਰ ਯਾਦ ਕੀਤਾ ਜਾਵੇਗਾ।” ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਫਿ਼ਕਰਾ ਸਿਰਮੌਰ ਸ਼ਾਇਰ ਵਾਰਿਸ ਸ਼ਾਹ ਦੇ 300 ਸਾਲਾ ਮਨਾਉਣ ਸੰਬੰਧੀ ਕੀਤੇ ਗਏ ਐਲਾਨ ਮੌਕੇ ਵਰਤਿਆ ਗਿਆ। ਉਨ੍ਹਾਂ ਐਲਾਨ ਕੀਤਾ ਕਿ ਵਾਰਿਸ ਸ਼ਾਹ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਮਾਣ ਹਨ। ਇਸ ਲਈ ਪੰਜਾਬੀ ਭਾਸ਼ਾ ਦੇ ਨਾਮ ਉੱਤੇ ਬਣੀ ਯੂਨੀਵਰਸਿਟੀ ਪੂਰਾ ਸਾਲ ਉਨ੍ਹਾਂ ਨੂੰ ਕੇਂਦਰ ਵਿੱਚ ਰੱਖ ਕੇ ਗਤੀਵਿਧੀਆਂ ਕਰੇਗੀ।

ਵਰਨਣਯੋਗ ਹੈ ਕਿ ਵਾਰਿਸ ਸ਼ਾਹ ਅੱਜ ਤੋਂ ਤਿੰਨ ਸੌ ਸਾਲ ਪਹਿਲਾਂ ਜੰਡਿਆਲਾ (ਹੁਣ ਲਹਿੰਦੇ ਪੰਜਾਬ ਵਿੱਚ) ਵਿਖੇ 1722 ਵਿੱਚ ਜਨਮੇ ਸਨ। ਉਹ ਬੁੱਲੇ ਸ਼ਾਹ ਤੋਂ 42 ਸਾਲ ਬਾਅਦ ਜਨਮੇ ਅਤੇ ਤਕਰੀਬਨ 35 ਸਾਲ ਸਮਕਾਲੀ ਰਹੇ।

ਪੰਜਾਬੀ ਯੂਨੀਵਰਸਿਟੀ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦੇ ਆਯੋਜਨ ਹਿਤ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਗਈ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਇਸ ਕਮੇਟੀ ਦੇ ਚੇਅਰਮੈਨ ਹਨ।

ਇਸ ਕਮੇਟੀ ਵੱਲੋਂ ਆਪਣੀ ਪਲੇਠੀ ਮੀਟਿੰਗ ਕੀਤੀ ਜਿਸ ਵਿੱਚ ਇਸ ਤਿੰਨ ਸੌ ਸਾਲਾ ਜਸ਼ਨਾਂ ਦੇ ਸੰਬੰਧ ਵਿੱਚ ਵੱਖ-ਵੱਖ ਗਤੀਵਿਧੀਆਂ ਕਰਨ ਬਾਰੇ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਵਿਚਾਰ ਚਰਚਾ ਉਪਰੰਤ ਫ਼ੈਸਲਾ ਲਿਆ ਕਿ ਵਾਰਿਸ ਸ਼ਾਹ ਰਚਿਤ ਹੀਰ ਰਾਂਝੇ ਦਾ ਪਾਠ  ਗੁਰਮੁਖੀ ਅਤੇ ਸ਼ਾਹਮੁਖੀ ਵਿਚ ਨਾਲੋ ਨਾਲ ਪ੍ਰਕਾਸ਼ਤ ਕੀਤਾ ਜਾਵੇਗਾ ਅਤੇ ਚਿੱਤਰਾਂ ਰਾਹੀਂ ਦਰਸਾਇਆ ਜਾਵੇਗਾ।ਇਸ ਪਾਠ ਨੂੰ ਦੇਵਨਾਗਰੀ ਅਤੇ ਰੋਮਨ ਵਿੱਚ ਪ੍ਰਕਾਸ਼ਤ ਕਰਨ ਬਾਰੇ ਵੀ ਵਿਚਾਰ ਹੋਈ।ਇਹ ਵੀ ਚਰਚਾ ਹੋਈ ਕਿ ਗੁਰਮੁਖੀ ਅੱਖਰਾਂ ਵਿੱਚ ਕਿੱਸਾ  ਹੀਰ-ਰਾਝਾਂ ਦਾ ਅਜਿਹਾ ਪਾਠ ਪ੍ਰਕਾਸ਼ਤ ਕੀਤਾ ਜਾਵੇਗਾ ਜਿਸ ਵਿੱਚ ਸਾਰੇ ਔਖੇ ਸ਼ਬਦਾਂ ਦੇ ਅਰਥ ਦਿੱਤੇ ਹੋਣ। ਇਸ ਸਬੰਧੀ ਵੱਖਰਾ ਕੋਸ਼ ਵੀ ਬਣਾਏ ਜਾਣ ਉੱਤੇ ਵੀ ਵਿਚਾਰ ਹੋਈ ।

ਪੰਜਾਬੀ ਯੂਨੀਵਰਸਿਟੀ ਮਨਾਵੇਗੀ ਸਿਰਮੌਰ ਸ਼ਾਇਰ ਵਾਰਿਸ ਸ਼ਾਹ ਦਾ 300 ਸਾਲਾ

ਹੀਰ ਵਾਰਿਸ ਸ਼ਾਹ ਦੇ ਵੱਖ ਵੱਖ ਪੱਖਾਂ ਬਾਰੇ  ਭਾਸ਼ਣ ਲੜੀ ਸ਼ੁਰੂ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਵਾਰਿਸ ਸ਼ਾਹ ਉਪਰ ਕੇਂਦਰਤ ਸੈਮੀਨਾਰ ਕਰਵਾਉਣ ਬਾਰੇ ਵੀ ਫ਼ੈਸਲਾ ਹੋਇਆ।ਇਹ ਵੀ ਫ਼ੈਸਲਾ ਹੋਇਆ ਕਿ ਹੀਰ ਗਾਇਨ ਮੁਕਾਬਲੇ ਕਰਵਾਏ ਜਾਣਗੇ ਅਤੇ ਚੋਣਵੇਂ ਗਾਇਕਾਂ ਨੂੰ ਵੀ ਸੱਦਿਆ ਜਾਵੇਗਾ। ਫਾਈਨ ਆਰਟਸ ਵਿਭਾਗ ਵਾਰਿਸ ਸ਼ਾਹ ਅਤੇ ਹੀਰ ਰਾਂਝੇ ਦੇ ਕਿੱਸੇ ਦੇ ਵੱਖ ਵੱਖ ਚਰਿੱਤਰਾਂ ਦੀਆਂ  ਤਸਵੀਰਾਂ ਪੇਂਟਿੰਗਜ਼/ਕਾਰਟੂਨ/ਬੁੱਤ ਆਦਿ ਬਣਾਵੇਗਾ।ਹੀਰ ਵਾਰਿਸ ਸ਼ਾਹ ਉਪਰ ਸਾਹਿਤਕ ਆਲੋਚਨਾ ਦੀ ਪੁਸਤਕ ਪ੍ਰਕਾਸ਼ਤ ਕਰਨ ਸਬੰਧੀ ਵੀ ਚਰਚਾ ਕੀਤੀ ਗਈ।ਇਹ ਤੈਅ ਹੋਇਆ ਕਿ ਇਸ ਸਬੰਧੀ ਵੱਖ ਵੱਖ ਵਿਭਾਗ ਆਪਸੀ ਤਾਲਮੇਲ ਕਰਕੇ ਸਾਰੇ ਸਾਲ ਦੇ ਪ੍ਰੋਗਰਾਮ ਬਣਾਉਣਗੇ।

ਜਿ਼ਕਰਯੋਗ ਹੈ ਕਿ ਵਾਰਿਸ ਸ਼ਾਹ ਵੱਲੋਂ ਲਿਖਿਆ ਗਿਆ ਪਿਆਰ-ਕਿੱਸਾ ਇੱਕ ਸ਼ਾਹਕਾਰ ਅਤੇ ਅਮਰ ਰਚਨਾ ਹੈ ਜਿਸ ਨੂੰ ਅੱਜ ਵੀ ਉਸੇ ਸਿ਼ੱਦਤ ਨਾਲ ਪੜ੍ਹਿਆ ਜਾਂਦਾ ਹੈ ਜਿਸ ਸਿ਼ੱਦਤ ਨਾਲ ਇਸ ਦੇ ਰਚਣਕਾਲ ਵਿੱਚ ਪੜ੍ਹਿਆ (ਸੁਣਿਆ) ਜਾਂਦਾ ਸੀ। ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨੂੰ ਅਧਾਰ ਬਣਾ ਕੇ ਲਿਖਿਆ ਗਿਆ ਇਹ ਕਿੱਸਾ ਹੁਣ ਤੱਕ ਰਚੇ ਗਏ ਸਮੁੱਚੇ ਪੰਜਾਬੀ ਸਾਹਿਤ ਵਿੱਚ ਅਮੀਰ ਰੁਤਬਾ ਰਖਦਾ ਹੈ। ਵਾਰਿਸ ਸ਼ਾਹ ਤੋਂ ਪਹਿਲਾਂ ਵੀ ਬਹੁਤ ਸਾਰੇ ਕਵੀਆਂ ਨੇ ਇਸ ਪ੍ਰੇਮ ਕਹਾਣੀ ਨੂੰ ਅਧਾਰ ਬਣਾ ਕੇ ਕਿੱਸਾ ਰਚਿਆ ਸੀ ਅਤੇ ਉਨ੍ਹਾਂ ਤੋਂ ਬਾਅਦ ਹੁਣ ਤੱਕ ਵੀ ਇਸ ਪ੍ਰੇਮ ਗਾਥਾ ਉੱਪਰ ਬਹੁਤ ਕੁੱਝ ਰਚਿਆ ਜਾ ਰਿਹਾ ਹੈ ਪਰ ਜੋ ਰੁਤਬਾ ਇਸ ਸ਼ਾਹਕਾਰ ਰਚਨਾ ਨੂੰ ਪ੍ਰਾਪਤ ਹੋਇਆ ਹੈ ਉਹ ਕਿਸੇ ਹੋਰ ਨੂੰ ਨਹੀਂ ਹੋ ਸਕਿਆ ਹੈ। ਹੀਰ ਦਾ ਇਹ ਕਿੱਸਾ ਉਨ੍ਹਾਂ ਦੇ ਨਾਮ ਨਾਲ ਪੂਰੀ ਤਰ੍ਹਾਂ ਜੁੜ ਗਿਆ ਹੈ। ਹੀਰ ਅਤੇ ਵਾਰਿਸ ਸ਼ਾਹ ਆਪਸ ਵਿੱਚ ਇਸ ਕਦਰ ਤੱਕ ਇੱਕਮਿੱਕ ਹਨ ਅਕਸਰ ਹੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਹੀਰ ਅਤੇ ਵਾਰਿਸ ਦੋਹਾਂ ਨੇ ਇੱਕ ਦੂਜੇ ਨੂੰ ਅਮਰ ਕਰ ਦਿੱਤਾ ਹੈ।

ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੀ ਕਮੇਟੀ ਵਿਚਲੇ ਗਿਆਰਾਂ ਮੈਂਬਰਾਂ ਵਿੱਚ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਰਾਜਿੰਦਰ ਪਾਲ ਬਰਾੜ, ਦੂਰਵਰਤੀ ਸਿੱਖਿਆ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਸੰਧੂ, ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ, ਪੰਜਾਬੀ ਕੋਸ਼ਕਾਰੀ ਅਤੇ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਸੁਮਨਪ੍ਰੀਤ ਕੌਰ, ਸੰਗੀਤ ਵਿਭਾਗ ਦੇ ਮੁਖੀ ਡਾ. ਨਿਵੇਦਿਤਾ ਉੱਪਲ, ਥੀਏਟਰ ਅਤੇ ਟੀਵੀ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਓਲ, ਫ਼ਾਈਨ ਆਰਟਸ ਵਿਭਾਗ ਦੇ ਮੁਖੀ ਡਾ. ਕਵਿਤਾ ਸਿੰਘ, ਡਾਇਸਪੋਰਾ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਗੁਰਮੁਖ ਸਿੰਘ, ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖ਼ਤਰ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਲਜੀਤ ਅਮੀ ਸ਼ਾਮਿਲ ਹਨ।