ਪੰਜਾਬੀ ਯੂਨੀਵਰਸਿਟੀ ਲਈ ਇਕ ਹੋਰ ਮਾਣ ਵਾਲੀ ਗੱਲ-ਗਿਆਨ ਨਾਮੀ ਇਕ ਵਿਸ਼ੇਸ਼ ਪ੍ਰਾਜੈਕਟ ਹਾਸਿਲ ਹੋਇਆ
ਕੰਵਰ ਇੰਦਰ ਸਿੰਘ /ਜੂਨ, 25,2020 / ਚੰਡੀਗੜ੍ਹ
ਪੰਜਾਬੀ ਯੂਨੀਵਰਸਿਟੀ ਲਈ ਇਕ ਹੋਰ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਮਨੁੱਖੀ ਸ਼ਰੋਤ ਵਿਕਾਸ ਵਿਭਾਗ (ਐਮ. ਐੱਚ.ਆਰ. ਡੀ.) ਅਤੇ ਵਿਗਿਆਨ ਤੇ ਤਕਨੌਲਜੀ ਵਿਭਾਗ (ਡੀ.ਐੱਸ.ਟੀ.) ਵੱਲੋਂ ਅੰਤਰਰਾਸ਼ਟਰੀ ਸਾਂਝਾਂ ਦੇ ਜ਼ਰੀਏ ਉਚੇਰੀ ਸਿੱਖਿਆ ਵਿਚ ਗੁਣਵੱਤਾ ਵਿਕਾਸ ਕਰਨ ਹਿਤ ਚਲਾਏ ਜਾ ਰਹੇ ਗਲੋਬਲ ਇਨੀਸ਼ੀਏਟਿਵ ਫੌਰ ਅਕਡੈਮਿਕ ਨੈੱਟਵਰਕ (ਗਿਆਨ) ਰਾਹੀਂ ਇਕ ਵਿਸ਼ੇਸ਼ ਪ੍ਰਾਜੈਕਟ ਹਾਸਿਲ ਹੋਇਆ ਹੈ। ਜਿ਼ਕਰਯੋਗ ਹੈ ਕਿ ‘ਗਿਆਨ’ ਨਾਮੀ ਇਸ ਪ੍ਰਾਜੈਕਟ ਰਾਹੀਂ ਵਿਦੇਸ਼ਾਂ ਤੋਂ ਉੱਘੇ ਮਾਹਿਰ ਭਾਰਤ ਵਿਚਲੀ ਸੰਬੰਧਤ ਮੇਜ਼ਬਾਨ ਯੂਨੀਵਰਸਿਟੀ ਵਿਚ ਪਹੁੰਚ ਕੇ ਸ਼ੌਰਟ ਟਰਮ ਕੋਰਸ ਅਤੇ ਪ੍ਰੋਗਰਾਮ ਚਲਾਉਂਦੇ ਹਨ।
ਮਿਨੀਐਚੁਰਾਈਜ਼ਡ ਟੋਟਲ ਐਨਲਾਈਸਿਸ ਸਿਸਟਮ ਨਾਮੀ ਤਾਜ਼ਾ ਹਾਸਿਲ ਹੋਏ ਇਸ ਪ੍ਰਾਜੈਕਟ ਰਾਹੀਂ ਹੁਣ ਆਸਟਰੇਲੀਆ ਦੀ ਸਮਾਰਟ ਸੈਂਸਿੰਗ ਸੈਂਟਰ ਫੌਰ ਰਿਜਨਲ ਐਂਡ ਰੂਰਲ ਫੀਚਰਜ਼, ਡੀਕਿਨ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਰੋਜ਼ੈਨੇ ਗੁਇਜਿ਼ਟ ਪੰਜਾਬੀ ਯੂਨੀਵਰਸਿਟੀ ਲਈ ਵਿਜ਼ਟਿੰਗ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਉਣਗੇ। ਅੰਡਰ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਵਿਦਿਆਰਥੀਆਂ ਨਾਲ ਸੰਬੰਧਤ ਇਸ ਪ੍ਰੋਗਰਾਮ ਵਿਚ ਫੀਲਡ ਐਨੈਲਸਿਸ ਭਾਵ ਵਿਸ਼ੇਸ਼ ਖੇਤਰੀ ਪੜਚੋਲ ਲਈ ਮਿਨੀਐਚੁਰਾਈਜ਼ਡ ਟੂਲਜ਼ ਦੇ ਰੂਪ ਵਿਚ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਹਨ। ਇਸ ਪ੍ਰੋਗਰਾਮ ਵਿਚ ਇੰਡਸਟਰੀ ਦੇ ਵਖ-ਵਖ ਭਾਗਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਣੀ ਹੈ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਇਸ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਆਈ ਇਕ ਹੋਰ ਵੱਡੀ ਪ੍ਰਾਪਤੀ ਹੈ ਜਿਸ ਦਾ ਫ਼ੈਕਲਟੀ, ਖੋਜ਼ਾਰਥੀਆਂ ਅਤੇ ਵਿਦਿਆਰਥੀਆਂ ਨੂੰ ਭਰਪੂਰ ਲਾਭ ਹੋਣਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਅੰਤਰਰਾਸ਼ਟਰੀ ਫੈ਼ਕਲਟੀ ਨਾਲ ਆਪਣੇ ਸੰਬੰਧਤ ਵਿਸ਼ੇ ਦਾ ਗਿਆਨ ਆਦਾਨ ਪ੍ਰਦਾਨ ਕਰਨ ਦੇ ਯੋਗ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਜਰਮਨੀ, ਇੰਗਲੈਂਡ, ਕੈਨੇਡਾ ਅਤੇ ਬਰਾਜ਼ੀਲ ਦੇ ਕੁੱਝ ਹੋਰ ਫੈਕਲਟੀ ਮੈਂਬਰਾਂ ਨੇ ਵੀ ਪੰਜਾਬੀ ਯੂਨੀਵਰਸਿਟੀ ਆ ਕੇ ਇਸ ਪ੍ਰਾਜੈਕਟ ਵਿਚ ਸ਼ਮੂਲੀਅਤ ਕਰਨ ਹਿਤ ਆਪਣੀ ਰੁਚੀ ਜਾਹਿਰ ਕੀਤੀ ਹੈ।
ਅੰਤਰਰਾਸ਼ਟਰੀ ਪੱਧਰ ਤੇ ਅਕਾਦਮਿਕ ਸਾਂਝਾਂ ਸਿਰਜਣ ਹਿਤ, ਗੁਣਵੱਤਾ ਭਰਪੂਰ ਖੋਜ ਅਤੇ ਅਧਿਐਨ ਸਮੱਗਰੀ ਪੈਦਾ ਕਰਨ ਹਿਤ, ਅੰਤਰਰਾਸ਼ਟਰੀ ਪੱਧਰ ਦੀਆਂ ਅਧਿਆਪਨ ਵਿਧੀਆਂ ਆਦਿ ਦੇ ਵਿਕਾਸ ਹਿਤ ਇਹ ਮੰਚ ਬਹੁਤ ਹੀ ਕਾਰਗਰ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੰਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮੁਹਈਆ ਕਰਵਾਈ ਜਾਂਦੀ ਸਿੱਖਿਆ ਨੂੰ ਅੰਤਰਰਾਸ਼ਟਰੀ ਮਿਆਰਾਂ ਤਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਪ੍ਰਾਜੈਕਟ ਲਈ ਸਥਾਨਕ ਕੋਆਰਡੀਨੇਟਰ ਵਜੋਂ ਤਾਇਨਾਤ ਕੀਤੇ ਗਏ ਰਸਾਇਣ ਵਿਭਾਗ ਦੇ ਮੁਖੀ ਅਤੇ ਡੀ.ਪੀ.ਐਮ. ਡਾ. ਅਸ਼ੋਕ ਕੁਮਰ ਮਲਿਕ ਨੇ ਦੱਸਿਆ ਕਿ ਹੁਣ ਜਦੋਂ ਡਾ. ਬੀ.ਐੱਸ. ਘੁੰਮਣ ਦੀ ਯੋਗ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਦੀ ਨਿਰਫ਼ ਰੈਂਕਿੰਗ ਚੰਗੀ ਹੋ ਗਈ ਹੈ ਅਤੇ ਨੈਕ ਵੱਲੋਂ 3.34 ਸੀ.ਜੀ.ਪੀ.ਏ. ਨਾਲ ‘ਏ’ ਗਰੇਡ ਹਾਸਿਲ ਹੈ ਤਾਂ ਅਜਿਹੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਹਿਮ ਅਤੇ ਵੱਕਾਰੀ ਪ੍ਰਾਜੈਕਟਾਂ ਲਈ ਰਾਹ ਖੁੱਲ੍ਹ ਗਿਆ ਹੈ। ਪੰਜਾਬੀ ਯੂਨੀਵਰਸਿਟੀ ਨੇ 2019 ਵਿਚ ਇਸ ‘ਗਿਆਨ’ ਪ੍ਰੋਗਰਾਮ ਵਿਚ ਸਿ਼ਰਕਤ ਕੀਤੀ ਸੀ ਤਾਂ ਕਿ ਅੰਤਰਰਾਸ਼ਟਰੀ ਵਿਗਿਆਨੀਆਂ ਅਤੇ ਉੱਦਮੀਆਂ ਨਾਲ ਉਸਾਰੂ ਸੰਵਾਦ ਰਚਾਇਆ ਜਾ ਸਕੇ।