ਪੰਜਾਬੀ ਯੂਨੀਵਰਸਿਟੀ ਲਹਿਰਾਇਆ ਤਿਰੰਗਾ; ਪਿਛਲਾ ਇੱਕ ਸਾਲ ਯੂਨੀਵਰਸਿਟੀ ਦੇ ਵਿੱਤੀ ਸੰਕਟ ਪੱਖੋਂ ਰਿਹਾ ਅਹਿਮ : ਪ੍ਰੋ .ਅਰਵਿੰਦ
ਪਟਿਆਲਾ/ ਅਗਸਤ 15, 2023
ਅਜ਼ਾਦੀ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਝੰਡਾ ਲਹਿਰਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਹੋਣ ਵਾਲੀ ਪਰੇਡ ਵਿੱਚ ਭਾਗ ਲਿਆ।
ਤਿਰੰਗਾ ਲਹਿਰਾਏ ਜਾਣ ਦੀ ਰਸਮ ਉਪਰੰਤ ਸੈਨੇਟ ਹਾਲ ਵਿਖੇ ਹੋਏ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਦਿਨ ਜਿੱਥੇ ਦੇਸ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਨਾ ਹੁੰਦਾ ਹੈ ਉੱਥੇ ਹੀ ਦੇਸ ਅਤੇ ਦੇਸ ਦੇ ਅਦਾਰਿਆਂ ਦੀ ਸਥਿਤੀ ਬਾਰੇ ਵੀ ਲੇਖਾ ਜੋਖਾ ਕਰਨ ਦਾ ਸਬੱਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਪਿਛਲੇ ਸੁਤੰਤਰਤਾ ਦਿਵਸ ਤੋਂ ਲੈ ਕੇ ਹੁਣ ਤੱਕ ਦਾ ਇੱਕ ਸਾਲ ਦਾ ਸਮਾਂ ਵਿੱਤੀ ਪੱਖੋਂ ਬਹੁਤ ਹੀ ਅਹਿਮ ਰਿਹਾ ਹੈ ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਨੂੰ ਵਧਾ ਕੇ ਇਸ ਦੇ ਵਿੱਤੀ ਸੰਕਟ ਨੂੰ ਹੱਲ ਕਰਨ ਵਿੱਚ ਵੱਡਾ ਯੋਗਦਾਨ ਪਾ ਦਿੱਤਾ ਹੈ।
ਉਨ੍ਹਾਂ ਇਸ ਮੰਚ ਤੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਮੁੱਚੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗਰੀਬ, ਪੱਛੜੇ ਵਰਗਾਂ, ਪੇਂਡੂ ਵਿਦਿਆਰਥੀਆਂ ਅਤੇ ਲੜਕੀਆਂ ਲਈ ਉਚੇਰੀ ਸਿੱਖਿਆ ਦੇ ਸੁਪਨੇ ਪੂਰੇ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਨੂੰ ਅੱਗੇ ਲਿਜਾਣਾ ਸਰਕਾਰ ਦਾ ਫਰਜ਼ ਸੀ ਜੋ ਉਸ ਨੇ ਨਿਭਾਇਆ ਹੈ। ਉਨ੍ਹਾਂ ਕਿਹਾ ਅਜਿਹਾ ਹੋਣ ਨਾਲ਼ ਹੁਣ ਯੂਨੀਵਰਸਿਟੀ ਵਿਖੇ ਕੰਮ ਕਰਨ ਦੀ ਜਿ਼ੰਮੇਵਾਰੀ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪੋ ਆਪਣੇ ਪੱਧਰ ਉੱਤੇ ਛੋਟੇ ਛੋਟੇ ਕਦਮ ਉਠਾ ਕੇ ਯੂਨੀਵਰਸਿਟੀ ਦੀ ਬਿਹਤਰੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ 2023-24 ਦੌਰਾਨ ਯੂਨੀਵਰਸਿਟੀ ਦੇ ਦਾਖਲਿਆਂ ਵਿੱਚ ਚੋਖਾ ਵਾਧਾ ਹੋਇਆ ਹੈ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਵਿਦੇਸ਼ ਜਾਣ ਦੇ ਰੁਝਾਨ ਕਾਰਨ ਅੱਜਕਲ੍ਹ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਦੀ ਸਮੱਸਿਆ ਹੈ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਕੁੱਝ ਕੋਰਸਾਂ ਵਿੱਚ ਇਸ ਵਾਰ ਦਾਖਲੇ ਦੇ ਵਧਦੇ ਰੁਝਾਨ ਨੂੰ ਵੇਖਦੇ ਹੋਏ ਉਪਲਬਧ ਸੀਟਾਂ ਨੂੰ ਵਧਾਉਣ ਦੀ ਗੱਲ ਵੀ ਤੁਰੀ ਹੈ ਜੋ ਕਿ ਇੱਕ ਸ਼ੁਭ ਸੰਕੇਤ ਹੈ।
ਇਸ ਪ੍ਰੋਗਰਾਮ ਦਾ ਸੰਚਾਲਨ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਨੇ ਬੋਲੇ।
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਉਪਰੰਤ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ, ਜਿਸ ਵਿੱਚ ਕਿ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਸਨ, ਵਿੱਚ ਸ਼ਿਰਕਤ ਕੀਤੀ।