ਪੰਜਾਬੀ ਯੂਨੀਵਰਸਿਟੀ ਵਿਖੇ ਦਾਖ਼ਲਾ ਲੈਣ ਦੀ ਅੰਤਿਮ ਮਿਤੀ ਵਿੱਚ ਵਾਧਾ;ਐੱਲ. ਐੱਲ. ਐੱਮ. ਦੀ ਦਾਖ਼ਲਾ ਵਿਧੀ ਵਿੱਚ ਕੀਤੀ ਜਾ ਰਹੀ ਹੈ ਤਬਦੀਲੀ
ਪਟਿਆਲਾ/ 30 ਜੂਨ, 2023
ਪੰਜਾਬੀ ਯੂਨੀਵਰਸਿਟੀ ਵਿਖੇ ਪੋਸਟ ਗਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਹੁਣ ਇੱਕ ਹੋਰ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੀ ਅੰਤਿਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਤੱਕ ਕਈ ਵਿਦਿਆਰਥੀ ਆਪਣੇ ਇਮਤਿਹਾਨਾਂ ਵਿੱਚ ਰੁਝੇ ਹੋਏ ਸਨ। ਹੁਣ ਬੀ.ਏ., ਬੀ.ਐੱਸ.ਸੀ. ਅਤੇ ਬੀ.ਕੌਮ ਦੇ ਪੰਜ ਸਮੈਸਟਰ ਪਾਸ ਕਰ ਚੁੱਕੇ ਵਿਦਿਆਰਥੀ ਦਾਖਲੇ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੇ ਆਖਰੀ ਸਮੈਸਟਰ ਦਾ ਨਤੀਜਾ ਆਉਣ ਤੱਕ ਇਹ ਦਾਖਲਾ ਆਰਜ਼ੀ ਮੰਨਿਆ ਜਾਵੇਗਾ ਅਤੇ ਨਤੀਜਾ ਆਉਣ ਉਪਰੰਤ ਨਤੀਜੇ ਮੁਤਾਬਕ ਪੱਕਾ ਕਰ ਦਿੱਤਾ ਜਾਵੇਗਾ। ਦਾਖਲਾ ਪੰਜ ਸਮੈਸਟਰਾਂ ਦੀ ਮੈਰਿਟ ਦੇ ਆਧਾਰ ਉੱਤੇ ਕੀਤਾ ਜਾਵੇਗਾ।
ਕੇਂਦਰੀ ਦਾਖਲਾ ਸੈੱਲ ਦੇ ਕੋਆਰਡੀਨੇਟਰ ਡਾ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਹੁਣ ਚਾਹਵਾਨ ਵਿਦਿਆਰਥੀ 11 ਜੁਲਾਈ 2023 ਤੱਕ ਬਿਨਾ ਲੇਟ ਫ਼ੀਸ ਤੋਂ ਦਾਖ਼ਲੇ ਲਈ ਅਰਜ਼ੀ ਦੇ ਸਕਦੇ ਹਨ। ਇਸ ਉਪਰੰਤ 13 ਅਤੇ 14 ਜੁਲਾਈ ਨੂੰ ਇਨ੍ਹਾਂ ਅਰਜ਼ੀਆਂ ਦੇ ਅਧਾਰ ਉੱਤੇ ਇੰਟਰਵਿਊ ਰੱਖੀ ਜਾਵੇਗੀ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਐੱਲ. ਐੱਲ. ਐੱਮ. ਦੀ ਦਾਖ਼ਲਾ ਵਿਧੀ ਵਿੱਚ ਤਬਦੀਲੀ ਕੀਤੀ ਗਈ ਹੈ। ਐੱਲ. ਐੱਲ. ਐੱਮ ਦਾ ਦਾਖ਼ਲਾ, ਜੋ ਪਹਿਲਾਂ ਮੈਰਿਟ ਅਧਾਰ ਉੱਤੇ ਹੋਣਾ ਸੀ, ਇਹ ਹੁਣ ਪ੍ਰਵੇਸ਼ ਪ੍ਰੀਖਿਆ (ਐਂਟਰਸ ਟੈਸਟ) ਦੇ ਅਧਾਰ ਉੱਤੇ ਹੋਣਾ ਹੈ। ਇਸ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ਡਿਊਲ ਜਲਦ ਹੀ ਵੈਬਸਾਈਟ ਉੱਤੇ ਸਾਂਝਾ ਕਰ ਦੇਣਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਅਜਿਹੇ ਵਿਦਿਆਰਥੀ ਜੋ ਕਿਸੇ ਕਾਰਨ ਪਹਿਲਾਂ ਦਾਖਲਾ ਅਰਜ਼ੀ ਦੇਣ ਤੋਂ ਖੁੰਝ ਗਏ ਹਨ, ਉਹ ਹੁਣ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ।