ਪੰਜਾਬ ਚ ਪਹਿਲੀ ਵਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਚ ਲੱਗੇ 14 ਕਮ‌ਿਊਨਿਟੀ ਮੋਬਾਇਲ ਟਾਇਲਟ ਤਿਆਰ ਕੀਤੇ ਗਏ

285

ਪੰਜਾਬ ਚ ਪਹਿਲੀ ਵਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਚ ਲੱਗੇ 14 ਕਮ‌ਿਊਨਿਟੀ ਮੋਬਾਇਲ ਟਾਇਲਟ ਤਿਆਰ ਕੀਤੇ ਗਏ

ਫਤਹਿਗੜ੍ਹ ਸਾਹਿਬ, 03 ਫਰਵਰੀ : 

ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਦ ਵੀ ਸਰਕਾਰ ਕੁੱਛ ਕਰਨ ਤੇ ਆਉਦੀ ਹੈ ਤਾਂ ਉਸਦੀ ਕੋਸ਼ਿਸ਼ ਹੁੰਦੀ ਹੈ ਜੇ ਕੋਈ ਆਮ ਸਹੂਲਤ ਬਣਾਈ ਜਾਵੇ ਤਾਂ ਉਹ ਉਸ ਸਥਾਨ ਦੀ ਆਉਣ ਵਾਲੇ ਸਮੇਂ ਦੀਆਂ ਵੀ ਲੋੜਾਂ ਪੂਰੀਆਂ ਕਰੇ ਪਰ ਸ਼ਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਇਸ ਵਾਰ ਇਸ ਗੱਲ ਤੋਂ ਵੱਖਰੀ ਮਿਸਾਲ ਕਾਇਮ ਕਰ ਰਿਹਾ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦਸੰਬਰ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸਰਧਾਂਜਲੀ ਦੇਣ ਮੌਕੇ ਇੱਕਠੀ ਹੋਣ ਵਾਲੀ  ਲੱਖਾਂ ਦੀ ਸੰਗਤ ਲਈ ਪੰਜਾਬ ਚ ਪਹਿਲੀ ਵਾਰ ਕਮ‌ਿਊਨਿਟੀ ਮੋਬਾਇਲ ਟਾਇਲਟ ਅਤੇ  ਵੱਡੇ ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਾਏ ਗਏ।

ਦਿਲਚਸਪ ਹੈ ਕਿ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਨਾਲ ਲੱਗਦੇ ਸ਼ਹਿਰ ਸਰਹਿੰਦ ਦੀ ਆਬਾਦੀ ਬਹੁਤ ਘੱਟ ਹੈ ਪਰ ਸ਼ਹੀਦੀ ਸਭਾ ਦੌਰਾਨ ਇਹ ਅਬਾਦੀ ਕਈ ਗੁਣਾ ਵੱਧ ਜਾਂਦੀ ਹੈ। ਇੱਕ ਹਫਤੇ ਤੋਂ ਲੈ ਕੇ ਇੱਕ ਮਹੀਨੇ ਤੱਕ ਵੱਧਣ ਵਾਲੀ ਇਸ ਅਬਾਦੀ ਲਈ ਕੁੱਛ ਵਿਸ਼ੇਸ਼ ਜਰੂਰਤਾਂ ਅਸਥਾਈ ਤੌਰ ਤੇ ਬਣਾਈਆਂ ਜਾਂਦੀਆਂ ਹਨ। ਸ਼ਹਿਰ ਦੇ ਹੀ  ਇੱਕ ਬਜੁਰਗ ਨਾਗਰਿਕ ਸ੍ਰੀ ਪਰਮਵੀਰ ਸੂਦ ਦੱਸਦੇ ਹਨ ਕਿ ਇਸ ਵਾਰ ਇੱਥੇ ਬਹੁਤ ਹੀ ਵਧੀਆ ਮੋਬਾਇਲ ਟਾਇਲਟ ਲਗਾਏ ਗਏ। ਜਿਹੜੇ ਕੇ ਸਮੇਂ ਦੀ ਲੋੜ ਸਨ ਪਰ ਹੁਣ ਇਹ ਜਰੂਰੀ ਹੈ ਕਿ ਇਸ ਸਾਲ ਦਸੰਬਰ ਤੱਕ ਇਨ੍ਹਾਂ ਦੀ ਚੰਗੀ ਸਾਂਭ ਸੰਭਾਲ ਕੀਤੀ ਜਾਵੇ।

ਇਸੇ ਤਰ੍ਹਾਂ ਸਿੰਘੂ ਬਾਡਰ ਜਾਣ ਤੋਂ ਪਹਿਲਾਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਗੋਸਲਾ  ਪਿੰਡ ਦੇ ਰਣਧੀਰ ਸਿੰਘ ਦੱਸਦੇ ਹਨ ਕਿ  ਅਜਿਹੇ ਟਾਇਲਟਾਂ ਦੀ ਹੋਰ ਵੀ ਕਈ ਥਾਵਾਂ ਤੇ ਲੋੜ ਹੈ। ਉਹ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਨਾ ਕੇਵਲ ਸਾਫ ਸਫਾਈ ਵਿੱਚ ਸਹਾਇਕ ਹੋਵੇਗਾ ਬਲਕ‌ਿ ਇਸ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਵੀ ਰੋਕਿਆ ਜ ਸਕੇਗਾ। ਭਾਵੇਂ ਕਿ ਕਿਸਾਨ ਅੰਦੋਲਨ ਚ ਇਹ ਟਾਇਲਟ ਕੁਛ ਕੰਮ ਨਹੀਂ ਆ ਸਕਦੇ ਪਰ ਸ੍ਰੀ ਚਮਕੌਰ ਸਾਹਿਬ, ਸ੍ਰੀ ਮੁਕਤਸ਼ਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਆਦਿ ਵਿੱਚ ਸਲਾਨਾ ਤੌਰ ਤੇ ਲੱਗਣ ਵਾਲੇ ਵੱਡੇ ਮੇਲੇ ਅਤੇ ਹੋਣ ਵਾਲੀਆਂ ਸਭਾਵਾਂ ਚ ਵੀ ਅਜਿਹੇ ਟਾਇਲਟ ਲਗਾਏ ਜਾਣੇ ਚਾਹੀਦੇ ਹਨ।

ਦੂਜੇ ਪਾਸੇ ਜਦ ਇਨ੍ਹਾਂ ਟਾਇਲਟਾਂ ਬਾਰੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਜੌਨੀ ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ  ਰਾਜ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਜਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 14 ਕਮ‌ਿਊਨਿਟੀ ਮੋਬਾਇਲ ਟਾਇਲਟ ਵੈਨਾਂ ਉਪਲੱਬਧ ਕਰਵਾਈਆਂ ਗਈਆਂ ਹਨ। ਇਨ੍ਹਾਂ ਤੇ 59.24ਲੱਖ ਰੁਪਏ ਦੀ ਲਾਗਤ ਆਈ ਹੈ। ਇਸੇ ਤਰ੍ਹ 03 ਕਮਿਊਨਿਟੀ ਸੈਨੇਟਰੀ ਕੰਪਲੈਕਸ ਤਿਆਰ ਕੀਤੇ ਗਏ ਹਨ ਜਿਨ੍ਹਾਂ ਤੇ 124.89 ਲੱਖ ਰੁਪਏ ਦੀ ਲਾਗਤ ਆਈ। ਇੰਜੀ. ਜੌਨੀ ਖੰਨਾ ਨੇ ਦੱਸਿਆ ਕਿ ਬਹੁਤ ਵੱਡੀ ਗਿਣਤੀ  ਵਿੱਚ ਸੰਗਤ ਆਉਣ ਕਰਕੇ ਜਨ ਸਿਹਤ ਸੇਵਾਵਾਂ ਸਬੰਧੀ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਗੰਦਗੀ ਫੈਲਦੀ ਸੀ। ਜਿਹੜੀ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਘਟਾਉਂਦੀ ਸੀ ।

ਇਨ੍ਹਾਂ ਮੋਬਾਇਲ ਟਾਇਲਟ ਵੈਨਾਂ ਦੀ ਸਾਂਭ ਸੰਭਾਲ ਅਤੇ ਰਾਜ ਵਿੱਚ ਕਿਤੇ ਹੋਰ ਵਰਤੋਂ ਕਰਨ ਸਬੰਧੀ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਵਧੀਆ ਹਾਲਤ ਵਿੱਚ ਹਨ ਅਤੇ ਇਨ੍ਹਾਂ ਨੂੰ ਕੁੱਝ ਦਿਨਾਂ ਦੀ ਪੂਰਵ ਸੂਚਨਾ ਤੇ ਮੁੜ ਤਿਆਰ ਕਰਕੇ ਨਜ਼ਦੀਕੀ ਇਲਾਕਿਆਂ ਵਿੱਚ ਲਿਜਾਇਆ ਜਾ ਸਕਦਾ ਹੈ।