ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਨਾਕਿਆਂ ‘ਤੇ ਪੁਲਿਸ ਲਾਈਨ ਦੇ ਡਾਕਟਰ ਵੱਲੋਂ ਕੀਤੀ ਗਈ ਸਿਹਤ ਜਾਂਚ : ਐਸ.ਐਸ.ਪੀ.

206

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਨਾਕਿਆਂ ‘ਤੇ ਪੁਲਿਸ ਲਾਈਨ ਦੇ ਡਾਕਟਰ ਵੱਲੋਂ ਕੀਤੀ ਗਈ ਸਿਹਤ ਜਾਂਚ : ਐਸ.ਐਸ.ਪੀ.

ਪਟਿਆਲਾ, 31 ਮਾਰਚ:
ਕੋਰੋਨਾ ਵਾਇਰਸ ਤੋਂ ਬਚਾਅ ਲਈ ਸੂਬਾ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਲੰਮਾ ਸਮਾਂ ਡਿਊਟੀ ਦਿੱਤੀ ਜਾ ਰਹੀ ਹੈ।  ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਦਾ ਪਟਿਆਲਾ ਪੁਲਿਸ ਵੱਲੋਂ ਸਿਹਤ ਦਾ ਖ਼ਿਆਲ ਵੀ ਰੱਖਿਆ ਜਾ ਰਿਹਾ ਹੈ ਜਿਸ ਤਹਿਤ ਪੁਲਿਸ ਲਾਈਨ ਪਟਿਆਲਾ ਦੇ ਹਸਪਤਾਲ ਵਿੱਚ ਤਾਇਨਾਤ ਡਾਕਟਰਾਂ ਵੱਲੋਂ ਨਾਕਿਆਂ ‘ਤੇ ਡਿਊਟੀਆਂ ਦੇ ਰਹੇ ਮੁਲਾਜ਼ਮਾਂ ਦੀ ਮੌਕੇ ‘ਤੇ ਜਾਕੇ ਸਿਹਤ ਜਾਂਚ ਕੀਤੀ ਗਈ।


ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ.  ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਪੁਲਿਸ ਮੁਲਾਜ਼ਮ ਰੋਜ਼ਾਨਾ ਕਈ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕੋਈ ਵੀ ਬਿਮਾਰੀ ਲੱਗਣ ਦਾ ਡਰ ਰਹਿੰਦਾ ਹੈ ਇਸ ਲਈ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਦੀ ਰਾਖੀ ਲਈ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਨਾਕਿਆਂ ‘ਤੇ ਜਾਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਲਾਈਨ ਵਿਖੇ ਬਣੇ ਹਸਪਤਾਲ ਵਿੱਚ ਮੁਲਾਜ਼ਮਾਂ ਵੱਲੋਂ ਆਪਣੀ ਸਿਹਤ ਜਾਂਚ ਨਿਯਮਤ ਤੌਰ ‘ਤੇ ਪਹਿਲਾਂ ਕਰਵਾਈ ਜਾਂਦੀ ਹੈ ਪਰ ਹੁਣ ਡਿਊਟੀ ਜ਼ਿਆਦਾ ਹੋਣ ਕਾਰਨ ਮੁਲਾਜ਼ਮਾਂ ਨੂੰ ਆਪਣੀ ਸਿਹਤ ਜਾਂਚ ਲਈ ਹਸਪਤਾਲ ਆਉਣਾ ਮੁਸ਼ਕਲ ਸੀ ਇਸ ਲਈ ਡਾਕਟਰਾਂ ਦੀ ਟੀਮ ਵੱਲੋਂ ਨਾਕਿਆਂ ‘ਤੇ ਜਾਕੇ ਮੁਲਾਜ਼ਮਾਂ ਦੀ ਸਿਹਤ ਜਾਂਚ ਕੀਤੀ ਗਈ ਹੈ।

ਜਾਂਚ ਕਰਨ ਲਈ ਪਹੁੰਚੇ ਪੁਲਿਸ ਲਾਈਨ ਹਸਪਤਾਲ ਦੇ ਡਾ. ਸ਼ਜੀਲਾ ਖਾਨ ਨੇ ਦੱਸਿਆ ਕਿ ਇਸ ਜਾਂਚ ਦਾ ਮੁੱਖ ਮਕਸਦ ਮੁਲਾਜ਼ਮਾਂ ਨੂੰ ਡਿਊਟੀ ਸਮੇਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਸੁਚੇਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਮੁਲਾਜ਼ਮਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਸਮੇਤ ਆਪਣੇ ਬਚਾਅ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਮ ਲੋਕਾਂ ਨੂੰ ਵੀ ਸੁਚੇਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।