ਫੇਮ ਇੰਡੀਆ ਵੱਲੋਂ ਜਾਰੀ ਦੇਸ਼ ਦੇ 50 ਜ਼ਿਲ੍ਹਾ ਅਧਿਕਾਰੀਆਂ ਦੀ ਸੂਚੀ ‘ਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਨਾਮ ਵੀ ਸ਼ਾਮਲ

238

ਫੇਮ ਇੰਡੀਆ ਵੱਲੋਂ ਜਾਰੀ ਦੇਸ਼ ਦੇ 50 ਜ਼ਿਲ੍ਹਾ ਅਧਿਕਾਰੀਆਂ ਦੀ ਸੂਚੀ  ‘ਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਨਾਮ ਵੀ ਸ਼ਾਮਲ

ਪਟਿਆਲਾ, 2 ਜੂਨ:
ਫੇਮ ਇੰਡੀਆ ਮੈਗਜ਼ੀਨ ਵੱਲੋਂ ਦੇਸ਼ ਦੇ 50 ਹਰਮਨ ਪਿਆਰੇ ਜ਼ਿਲ੍ਹਾ ਅਧਿਕਾਰੀਆਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਪੰਜਾਬ ਦੇ ਚੁਣੇ ਤਿੰਨ ਜ਼ਿਲ੍ਹਿਆਂ ‘ਚ ਪਟਿਆਲਾ ਦੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ, ਪ੍ਰਦੀਪ ਅਗਰਵਾਲ (ਡੀ.ਸੀ. ਲੁਧਿਆਣਾ), ਵਰਿੰਦਰ ਕੁਮਾਰ ਸ਼ਰਮਾ (ਡੀ.ਸੀ. ਜਲੰਧਰ) ਇਨ੍ਹਾਂ ਅਧਿਕਾਰੀਆਂ ਨੇ ਆਪਣੇ ਖੇਤਰ ਵਿੱਚ ਬਹੁਪੱਖੀ ਸ਼ਖ਼ਸੀਅਤ ਵਜੋਂ ਕੰਮ ਕਰਦਿਆਂ ਬਹੁਪੱਖੀ ਕਾਰਜ ਕੀਤੇ ਹਨ। ਸਿੱਟੇ ਵਜੋਂ ਵਿਕਾਸ ਯੋਜਨਾਵਾਂ ‘ਤੇ ਇਨ੍ਹਾਂ ਅਧਿਕਾਰੀਆਂ ਵੱਲੋਂ ਕੀਤੇ ਗਏ ਕਾਰਜਾਂ ਦਾ ਲਾਭ ਆਮ ਲੋਕਾਂ ਨੂੰ ਹੋਇਆ ਹੈ।

ਫੇਮ ਇੰਡੀਆ ਮੈਗਜ਼ੀਨ ਵੱਲੋਂ ਏਸ਼ੀਆ ਪੋਸਟ ਸਰਵੇ ਦੇ ਸਹਿਯੋਗ ਨਾਲ ਦੇਸ਼ ਭਰ ਦੇ 724 ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੀਤੇ ਗਏ ਕੰਮਾਂ, ਲੋਕਾਂ ਦੀਆਂ ਸਮੱਸਿਆਵਾਂ ਦੇ ਨਿਵਾਰਨ, ਸਰਕਾਰ ਦੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਸਮੇਤ ਵਿਕਾਸ ‘ਚ ਤੇਜੀ ਲਿਆਉਣ ‘ਚ ਇਨ੍ਹਾਂ ਦੀ ਭੂਮਿਕਾ ਦਾ ਸਰਵੇਖਣ ਕਰਕੇ ਇਨ੍ਹਾਂ ਵਿੱਚੋਂ 50 ਜ਼ਿਲ੍ਹਾ ਅਧਿਕਾਰੀਆਂ ਦੀ ਚੋਣ ਕੀਤੀ ਸੀ।

ਫੇਮ ਇੰਡੀਆ ਅਤੇ ਏਸ਼ੀਆ ਪੋਸਟ ਦੇ ਸਰਵੇ ‘ਚ ਸ਼ਾਨਦਾਰ ਪ੍ਰਸ਼ਾਸਨ, ਦੂਰਦ੍ਰਿਸ਼ਟੀ, ਸਮਝਦਾਰੀ, ਜਵਾਬਦੇਹ ਕਾਰਜਸ਼ੈਲੀ, ਕਾਮਯਾਬ, ਅਹਿਮ ਫੈਸਲੇ ਲੈਣ ਦੀ ਸਮਰੱਥਾ, ਹੌਂਸਲੇਮੰਦ, ਕਰਮਯੋਧਾ, ਫਰੰਟ ਰਨਰ, ਬਿਹਤਰ, ਗੰਭੀਰਤਾ, ਵਿਵਹਾਰ ਕੁਸ਼ਲਤਾ ਆਦਿ ਮਾਪਦੰਡ ਰੱਖੇ ਗਏ ਸਨ। ਇਸ ਵਿੱਚ ਵੱਖ-ਵੱਖ ਰਾਜਾਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਵਰਗਾਂ ‘ਚ ਵੰਡਕੇ ਖ਼ਿਤਾਬ ਦਿੱਤੇ ਗਏ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੂੰ ‘ਕਾਮਯਾਬ’ ਡਿਪਟੀ ਕਮਿਸ਼ਨਰ ਦਾ ਖ਼ਿਤਾਬ ਦਿੱਤਾ ਗਿਆ ਹੈ।

ਫੇਮ ਇੰਡੀਆ ਵੱਲੋਂ ਆਪਣੇ ਜੂਨ 2020 ਦੇ ਇਸ ਅੰਕ ਵਿੱਚ ਜ਼ਿਲ੍ਹਾ ਅਧਿਕਾਰੀਆਂ ਤੇ ਜ਼ਿਲ੍ਹਾ ਮੈਜਿਸਟਰੇਟਾਂ ਵੱਲੋਂ ਵਿਕਾਸ ਅਤੇ ਗਤੀਸ਼ੀਲਤਾ ਵਿੱਚ ਪਾਏ ਯੋਗਦਾਨ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਤਾਂ ਕਿ ਇਨ੍ਹਾਂ ਵੱਲੋਂ ਦੇਸ਼ ਨਿਰਮਾਣ ‘ਚ ਆਪਣੀ ਬਿਹਤਰ ਭੂਮਿਕਾ ਨਿਭਾ ਰਹੇ ਡਿਪਟੀ ਕਮਿਸ਼ਨਰਾਂ ਦੀ ਦੇਣ ਦੀ ਸ਼ਲਾਘਾ ਕੀਤੀ ਜਾ ਸਕੇ। ਫੇਮ ਇੰਡੀਆ ਵੱਲੋਂ ਕੀਤੇ ਗਏ ਸਰਵੇਖਣ ਦੇ ਅਧਾਰ ‘ਤੇ ਜ਼ਿਲ੍ਹਾ ਅਧਿਕਾਰੀਆਂ ਨੂੰ 50 ਵਰਗਾਂ ਵਿੱਚ ਵੰਡਿਆ ਅਤੇ ਇੱਕ ਪ੍ਰਮੁੱਖ ਹਰਮਨ ਪਿਆਰੇ ਕੁਲੈਕਟਰ ਨੂੰ ਫੇਮ ਇੱਡੀਆ ਦੇ ਅੰਕ ‘ਚ ਪ੍ਰਕਾਸ਼ਤ ਕੀਤਾ ਗਿਆ।