ਬਠਿੰਡਾ ਜਿ਼ਲ੍ਹੇ ਦੇ ਸਾਰੇ ਪਿੰਡਾਂ ਵਿਚ ਬਣਨਗੇ ਕੁਆਰਨਟਾਈਨ ਸੈਂਟਰ-ਜਿ਼ਲ੍ਹਾ ਮੈਜਿਸਟ੍ਰੇਟ
ਬਠਿੰਡਾ, 4 ਮਈ-
ਬਠਿੰਡਾ ਦੇ ਜਿ਼ਲ੍ਹਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਆਈਏਐਸ ਨੇ ਇਕ ਹੁਕਮ ਜਾਰੀ ਕਰਕੇ ਜਿ਼ਲ੍ਹੇ ਦੇ ਸਾਰੇ ਪਿੰਡਾਂ ਵਿਚ ਕੁਆਰਨਟਾਈਨ ਸੈਂਟਰ ਬਣਾਉਣ ਦਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਤੋਂ ਬਾਹਰ ਬਹੁਤ ਸਾਰੇ ਪੰਜਾਬ ਦੇ ਲੋਕ ਹਾਲੇ ਵੀ ਫਸੇ ਹੋਏ ਹਨ। ਉਨ੍ਹਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਹੁਣ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜਦ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਤਾਂ ਸਰਕਾਰ ਦੇ ਹੁਕਮਾਂ ਅਨੁਸਾਰ ਅਜਿਹੇ ਹਰੇਕ ਨਾਗਰਿਕ ਨੂੰ 21 ਦਿਨ ਲਈ ਸਰਕਾਰੀ ਇਕਾਂਤਵਾਸ ਯਾਨੀ ਕੁਆਰਨਟਾਈਨ ਕੇਂਦਰ ਵਿਚ ਰਹਿਣਾ ਪਵੇਗਾ।ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਜਰੂਰੀ ਹੈ ਕਿ ਬਾਹਰ ਤੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ ਪਹਿਲਾਂ 21 ਦਿਨ ਲਈ ਇੱਥੇ ਰੱਖਿਆ ਜਾਵੇਗਾ ਤਾਂ ਜ਼ੋ ਉਸਤੋਂ ਕਿਸੇ ਸਥਾਨਕ ਵਿਅਕਤੀ ਨੂੰ ਬਿਮਾਰੀ ਦੀ ਲਾਗ ਨਾ ਲੱਗ ਜਾਵੇ। ਇਸ ਲਈ ਜਰੂਰਤਾਂ ਦੇ ਮੱਦੇਨਜ਼ਰ ਇਹ ਕੁਆਰਨਟਾਈਨ ਸੈਂਟਰ ਹਰੇਕ ਪਿੰਡ ਵਿਚ ਬਣਾਉਣ ਦਾ ਨਿਰਣਾ ਲਿਆ ਗਿਆ ਹੈ।
ਹੁਕਮਾਂ ਅਨੁਸਾਰ ਪਿੰਡ ਦਾ ਸਰਪੰਚ ਪਿੰਡ ਦੇ ਸਕੂਲ, ਧਰਮਸ਼ਾਲਾ ਜਾਂ ਕਮਿਊਨਿਟੀ ਸੈਂਟਰ ਜ਼ੋ ਵੀ ਥਾਂ ਉਪਲਬੱਧ ਹੋਵੇ ਵਿਖੇ ਇਹ ਸੈਂਟਰ ਸਥਾਪਿਤ ਕਰਦਿਆਂ ਇੱਥੇ ਮੰਜੇ ਬਿਸਤਰੇ, ਪੱਖੇ, ਪੀਣ ਦਾ ਪਾਣੀ, ਖਾਣਾ ਆਦਿ ਦੇ ਇੰਤਜਾਮ ਕਰਣਗੇ ਅਤੇ ਪੰਚਾਇਤ ਸਕੱਤਰ ਇਹ ਸਮਾਨ ਮੁਹਈਆ ਕਰਵਾਉਣ ਵਿਚ ਉਨ੍ਹਾਂ ਦੀ ਮਦਦ ਕਰਣਗੇ।
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਆਪਣੇ ਬਲਾਕ ਦੇ ਅਜਿਹੇ ਕੁਆਰਨਟਾਈਨ ਸੈਂਟਰਾਂ ਦੇ ਨੋਡਲ ਅਫ਼ਸਰ ਹੋਣਗੇ ਅਤੇ ਉਥੇ ਸਾਰੀਆਂ ਸਹੁਲਤਾਂ ਦੀ ਉਪਲਬੱਧਤਾ ਯਕੀਨੀ ਬਣਾਉਣਗੇ। ਪੁਲਿਸ ਵਿਭਾਗ ਇੰਨ੍ਹਾਂ ਕੇਂਦਰਾਂ ਵਿਖੇ ਸੁਰੱਖਿਆ ਦੇ ਬੰਦੋਬਸਤ ਕਰੇਗਾ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਇੰਨ੍ਹਾਂ ਕੇਂਦਰਾਂ ਵਿਚ ਪੀਣ ਦਾ ਪਾਣੀ ਅਤੇ ਹੋਰ ਸੈਨੀਟੇਸ਼ਨ ਸਹੁਲਤਾਂ ਦਾ ਪ੍ਰਬੰਧ ਕਰੇਗਾ। ਕਾਰਜਕਾਰੀ ਇੰਜਨੀਅਰ ਇਲੈਕਟ੍ਰਿਕ ਵਿੰਗ ਇੰਨ੍ਹਾਂ ਕੇਂਦਰਾਂ ਵਿਚ ਬਿਜਲੀ ਦਾ ਪ੍ਰਬੰਧ ਕਰੇਗਾ।
ਇਸੇ ਤਰਾਂ ਜਿ਼ਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਆਪਣੇ ਅਧੀਨ ਆਉਂਦੇ ਸਕੂਲਾਂ ਸਬੰਧੀ ਪੰਚਾਇਤਾਂ ਨੂੰ ਹਰ ਮਦਦ ਮੁਹਈਆ ਕਰਵਾਉਣਗੇ। ਸਿਵਲ ਸਰਜ਼ਨ ਵੱਲੋਂ ਇੰਨ੍ਹਾਂ ਕੇਂਦਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਆਪਣੇ ਸਟਾਫ ਰਾਹੀਂ ਰੋਜਾਨਾ ਮੈਡੀਕਲ ਚੈਕਅੱਪ ਕਰਵਾਇਆ ਜਾਇਆ ਕਰੇਗਾ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਜਿ਼ਲ੍ਹਾ ਅਤੇ ਵਿਕਾਸ ਅਫ਼ਸਰ ਇੰਨ੍ਹਾਂ ਕੇਂਦਰਾਂ ਸਬੰਧੀ ਜਿ਼ਲ੍ਹਾ ਪੱਧਰ ਤੇ ਨੋਡਲ ਅਫ਼ਸਰ ਹੋਣਗੇ। ਇੰਨ੍ਹਾਂ ਸੈਂਟਰਾਂ ਵਿਚ ਸਾਰੀਆਂ ਸਿਹਤ ਸਾਵਧਾਨੀਆਂ ਦੀ ਵਰਤੋਂ ਕਰਨੀ ਲਾਜਮੀ ਹੋਵੇਗੀ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜਮੀ ਹੋਵੇਗੀ।