ਬਰਨਾਲਾ ਪੁਲੀਸ ਨੇ ਬੱਚੇ ਨੂੰ ਇਕ ਘੰਟੇ ’ਚ ਲੱਭ ਕੇ ਵਾਰਸਾਂ ਹਵਾਲੇ ਕੀਤਾ
ਬਰਨਾਲਾ, 27 ਮਾਰਚ
ਜਾਣਕਾਰੀ ਅਨੁਸਾਰ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਹਿਰ ਬਰਨਾਲਾ ਵਿੱਚ ਜਨਤਾ ਦੀ ਸੁਰੱਖਿਆ ਲਈ 9 ਬਲੈਰੋ ਗੱਡੀਆਂ ਪੈਟਰੋਲਿੰਗ ਕਰ ਰਹੀਆਂ ਹਨ,ਜਿਨਾਂ ਵਿਚੋਂ ਇਕ ਗੱਡੀ ਤੇ ਪੁਲਿਸ ਪਾਰਟੀ ਸ.ਥ. ਸਤਵਿੰਦਰ ਸਿੰਘ, ਸੀ/ਸਿ. ਸੁਖਵੀਰ ਕੋਰ, ਸੀ/ਸਿ. ਹਰਪ੍ਰੀਤ ਕੌਰ, ਪੀ.ਐਚ.ਜੀ ਬੂਟਾ ਸਿੰਘ ਨੂੰ ਅੱਜ ਕਰੀਬ 1.30 ਵਜੇ ਦੁਪਿਹਰ ਟੀ-ਪੁਆਇੰਟ ਬਠਿੰਡਾ ਤੇ ਮੌਜੂਦ ਸਨ ਕਿ ਸੌਨੂੰ ਸਿੰਘ ਪੁੱਤਰ ਪਾਲ ਸਿੰਘ ਵਾਸੀ ਰਾਮਗੜੀਆ ਰੋਡ ਬਰਨਾਲਾ ਨੇ ਸਮੇਤ ਆਪਣੀ ਪਤਨੀ ਅਮਨ ਕੌਰ ਦੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਉਨਾਂ ਦਾ ਲੜਕਾ ਅਰਮਾਨ ਗਿੱਲ ਉਮਰ 10 ਸਾਲ ਸਮੇਤ ਕੰਮ ਵਾਲੀ ਬਾਈ ਸੋਨੀਆ ਪਤਨੀ ਗੁਰਪ੍ਰੀਤ ਸਿੰਘ ਵਾਸੀ ਬਰਨਾਲਾ ਜੋ ਉਸਦੀ ਭੂਆ ਨੀਤਾ ਰਾਣੀ ਪਤਨੀ ਬੋਬੀ ਵਾਸੀ ਸੰਗਰੂਰ ਦੇ ਘਰੋਂ ਵਿਆਹ ਹੋਣ ਕਰਕੇ ਕੰਮ-ਕਾਰ ਕਰਵਾ ਕੇ ਵਕਤ ਕਰੀਬ 10 ਕੁ ਵਜੇ ਸਵੇਰੇ ਚੱਲੇ ਸੀ, ਹਲੇ ਤੱਕ ਘਰ ਨਹੀਂ ਪਹੁੰਚੇ ਅਤੇ ਸੋਨੀਆ ਦਾ ਫੋਨ ਵੀ ਬੰਦ ਆ ਰਿਹਾ ਹੈ।
ਜਿਸ ਸਬੰਧੀ ਕੰਟਰੋਲ ਰੂਮ ਬਰਨਾਲਾ ਤੇ ਇਤਲਾਹ ਦਿੱਤੀ ਗਈ। ਇਸ ਤੇ ਰਮਨਿੰਦਰ ਸਿੰਘ ਦਿਉਲ,ਪੀ.ਪੀ.ਐਸ., ਉਪ ਕਪਤਾਨ ਪੁਲਿਸ (ਡੀ) ਬਰਨਾਲਾ ਚੰਦ ਮਿੰਟਾਂ ਵਿੱਚ ਹੀ ਟੀ-ਪੁਆਇੰਟ ਬਠਿੰਡਾ ਬਾਈਪਾਸ ਬਰਨਾਲਾ ’ਤੇ ਪੁੱਜੇ ਅਤੇ ਸੋਨੀਆ ਰਾਣੀ ਦੇ ਮੋਬਾਇਲ ਦੀ ਲੋਕੇਸ਼ਨ ਹਾਸਲ ਕੀਤੀ ਗਈ ਜੋ ਮਸਤੂਆਣਾ ਸਾਹਿਬ ਦੀ ਆਈ ਸੀ ਜਿਸ ਪਰ ਡੀ.ਐਸ.ਪੀ. ਡੀ ਸਾਹਿਬ ਬਰਨਾਲਾ ਵੱਲੋਂ ਯੈਂਕੀ 09 ਬਲੈਰੋ ਗੱਡੀ ਪਰ ਤਾਇਨਾਤ ਸ.ਥ. ਸਤਵਿੰਦਰ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਦੇ ਬੱਚੇ ਦੀ ਤਲਾਸ਼ ਲਈ ਮਸਤੂਆਣਾ ਸਾਹਿਬ ਭੇਜਿਆ ਗਿਆ ਜਿੱਥੇ ਪੁਲਿਸ ਪਾਰਟੀ ਨੇ ਬੱਚੇ ਦੀ ਤਲਾਸ਼ ਕਰਕੇ ਬੱਚਾ ਅਰਮਾਨ ਗਿੱਲ ਅਤੇ ਸੋਨੀਆ ਨੂੰ ਤਕਰੀਬਨ ਇੱਕ ਘੰਟੇ ਵਿੱਚ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਪੁੱਛ ਪੜਤਾਲ ਤੇ ਪਤਾ ਲੱਗਾ ਕਿ ਸੋਨੀਆ ਦਾ ਫੋਨ ਬੰਦ ਹੋ ਗਿਆ ਸੀ ਅਤੇ ਕਰਫਿਊ ਲੱਗਾ ਹੋਣ ਕਰਕੇ ਅੱਗੇ ਬਰਨਾਲਾ ਪਹੁੰਚਣ ਲਈ ਕੋਈ ਸਾਧਨ ਨਹੀਂ ਮਿਲਿਆ ਸੀ, ਜਿਸ ਕਾਰਨ ਲੇਟ ਹੋਏ ਸਨ।