ਬਿੱਟੂ ਖ਼ਿਲਾਫ਼ ਇਰਾਦਤਨ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ : ਮਦਨ ਮੋਹਨ ਮਿੱਤਲ

169

ਬਿੱਟੂ ਖ਼ਿਲਾਫ਼ ਇਰਾਦਤਨ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ : ਮਦਨ ਮੋਹਨ ਮਿੱਤਲ

ਕੰਵਰ ਇੰਦਰ ਸਿੰਘ/ ਚੰਡੀਗੜ੍ਹ /19 ਅਕਤੂਬਰ 

ਪੰਜਾਬ ਵਿਚ ਦਿਨ-ਦਿਹਾੜੇ ਹੋ ਰਹੇ ਕਤਲਾਂ, ਲੁੱਟਾਂ-ਖੋਹਾਂ, ਜਬਰ-ਜਿਨਾਹ ਅਤੇ ਵਿਗੜ ਚੁਕੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੀ ਅਗਵਾਈ ਹੇਠ ਪੰਜਾਬ ਭਾਜਪਾ ਦੇ ਇਕ ਵਫ਼ਦ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਵਫ਼ਦ ਵਿੱਚ ਭਾਜਪਾ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਹਰਜੀਤ ਸਿੰਘ ਗਰੇਵਾਲ, ਪ੍ਰਦੇਸ਼ ਬੁਲਾਰੇ ਅਨਿਲ ਸਰੀਨ, ਐਨ.ਕੇ. ਸ਼ਰਮਾ ਸ਼ਾਮਲ ਸਨ।

ਮਦਨ ਮੋਹਨ ਮਿੱਤਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਿਨੋ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਾਮਰੇਡ ਬਲਵਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ, ਲੁਧਿਆਣਾ ਵਿੱਚ ਬੈਂਕ ਅਧਿਕਾਰੀਆਂ ਦਾ ਕਤਲ, ਬੀਜੇਪੀ ਦਫ਼ਤਰਾਂ ਕਾਂਗਰਸੀਆਂ ਵਲੋਂ ਹਮਲੇ ਅਤੇ ਅਗਨੀ ਕਾਂਡ ਅਤੇ ਪਿਛਲੇ ਇੱਕ ਮਹੀਨੇ ਵਿੱਚ ਲੁੱਟਾਂ-ਖੋਹਾਂ, ਬਲਾਤਕਾਰ ਅਤੇ ਅਪਰਾਧਿਕ ਘਟਨਾਵਾਂ ਚਿੰਤਾਜਨਕ ਕਾਨੂੰਨ ਵਿਵਸਥਾ ਦੇ ਸੰਕੇਤ ਹਨ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਕਾਂਗਰਸੀ ਗੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਾਤੀਲਾਣਾ ਹਮਲਾ ਕੀਤਾ ਗਿਆ ਸੀ ਅਤੇ ਮੀਡੀਆ ਦੇ ਸਾਹਮਣੇ ਬਿੱਟੂ ਵੱਲੋਂ ਖ਼ੁਦ ਕਬੂਲ ਕੀਤੇ ਜਾਣ ਦੇ ਬਾਵਜੂਦ, ਬਿੱਟੂ ਜਾਂ ਉਸਦੇ ਕਾਂਗਰਸੀ ਗੁੰਡਿਆਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ. ਵਲੋਂ ਜਾਂ ਪੁਲਿਸ-ਪ੍ਰਸ਼ਾਸਨ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਸ਼ਰਮਾ ‘ਤੇ ਕਾਤੀਲਾਣਾ ਹਮਲੇ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਐਫ.ਆਈ.ਆਰ. ਨੰਬਰ 0258 ਮਿਤੀ 12.10.2020 ਨੂੰ ਸਿਰਫ ਆਈ.ਡੀ.ਸੀ ਦੇ 341, 427, 148, 149, 120 ਬੀ ਅਤੇ ਨੈਸ਼ਨਲ ਹਾਈਵੇਅ ਐਕਟ, 1956 ਦੀ ਧਾਰਾ 8 ਬੀ ਦੇ ਤਹਿਤ ਦਰਜ ਕੀਤਾ ਹੈ। ਜਦੋਂ ਕਿ ਦੋਸ਼ੀ ਖਿਲਾਫ ਇਰਾਦਤਨ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਸੀ।

ਮਦਨ ਮੋਹਨ ਮਿੱਤਲ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਨਾ ਸਿਰਫ ਲੋਕਾਂ ਨੂੰ ਭੜਕਾਉਣ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਹੈ ਬਲਕਿ ਇਨ੍ਹਾਂ ਬਿਆਨਾਂ ਦੇ ਕਾਰਨ ਕੁਝ ਅਸਮਾਜਿਕ ਤੱਤਾਂ ਵੱਲੋਂ ਜਨਤਕ ਸ਼ਾਂਤੀ ਨੂੰ ਭੰਗ ਕਰਨ ਦਾ ਸ਼ਰਾਰਤੀ ਇਰਾਦਾ ਹੈ ਅਤੇ ਸੂਬਾ ਹਿੰਸਾ ਦੇ ਹਨੇਰੇ ਦਿਨਾਂ ਵਿੱਚ ਵਾਪਸ ਜਾ ਸਕਦਾ ਹੈ, ਜਿਸ ਦਾ ਪਿਛਲੇ ਸਮੇਂ ਦੌਰਾਨ ਪੰਜਾਬ ਵਾਸੀਆਂ ਨੂੰ ਸਾਹਮਣਾ ਕਰਨਾ ਪਿਆ ਸੀ।  ਰਵਨੀਤ ਬਿੱਟੂ ਖ਼ਿਲਾਫ਼ ਧਾਰਾ 307 ਆਈਪੀਸੀ, ਕਤਲ ਦੀ ਕੋਸ਼ਿਸ਼ ਅਤੇ ਐਫਆਈਆਰ 153, 307, 505 ਅਤੇ 506 ਆਈਪੀਸੀ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਵਿਚ ਵਿਗੜ ਰਹੇ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਵਿਸ਼ੇਸ਼ ਅਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸੂਬਾ ਭਾਜਪਾ ਮੰਗ ਕਰਦੀ ਹੈ ਕਿ ਉਪਰੋਕਤ ਤੱਥਾਂ ਅਤੇ ਹਾਲਤਾਂ ਦੇ ਮੱਦੇਨਜ਼ਰ ਅਤੇ ਹਿੰਸਾ ਅਤੇ ਵਿਘਨ ਦੇ ਮੌਜੂਦਾ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ, ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣੇ ਚਾਹੀਦੇ ਹਨ।