ਬੀਤੀ ਰਾਤ ਵਿਧਾਇਕ ਚੱਢਾ ਵਲੋਂ ਸਰਕਾਰੀ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ
ਬਹਾਦਰਜੀਤ ਸਿੰਘ /ਰੂਪਨਗਰ, 6 ਅਗਸਤ,2022
ਬੀਤੀ ਦੇਰ ਰਾਤ ਸਿਵਲ ਹਸਪਤਾਲ ਰੂਪਨਗਰ ਵਿਖੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵਲੋਂ ਅਚਨਚੇਤ ਦੌਰਾ ਕਰਦੇ ਹੋਏ ਦੋ ਘੰਟੇ ਤੋਂ ਵੱਧ ਸਮੇਂ ਲਈ ਹਸਪਤਾਲ ਦਾ ਮੁਕੰਮਲ ਨਿਰੀਖਣ ਕੀਤਾ ਗਿਆ ਅਤੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਕਿਹਾ ਕਿ ਉਹ ਗਰਾਂਊਡ ਜੀਰੋ ਤੇ ਜਾ ਕੇ ਇਹ ਪਤਾ ਲਗਾ ਰਹੇ ਹਨ ਕਿ ਰਾਤ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਪੂਰੀਆਂ ਸੇਵਾਵਾਂ ਮਿਲ ਰਹੀਆਂ ਹਨ ਕਿ ਨਹੀਂ। ਉਨਾਂ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਉਪਲੱਬਧ ਸੰਸਾਧਨਾਂ ਦਾ ਪੂਰਾ ਤੇ ਸਹੀ ਇਸਤੇਮਾਲ ਕਰਨ ਦੀ ਹਦਾਇਤ ਦਿੱਤੀ।
ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੀਆਂ ਜੋ ਵੀ ਕਮੀਆਂ ਸਿਹਤ ਵਿਭਾਗ ਅਤੇ ਮਰੀਜ਼ਾਂ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਜਲਦੀ ਹੀ ਉਹਨਾਂ ਕਮੀਆਂ ਨੂੰ ਪੂਰਾ ਕਰਕੇ ਬਿਹਤਰ ਸਿਹਤ ਸਹੂਲਤਾਂ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਇਸ ਦੌਰਾਨ ਇਸ ਦੌਰੇ ਸਬੰਧੀ ਵਾਇਰਲ ਇੱਕ ਵੀਡੀਓ ਚ ਵਿਧਾਇਕ ਦਿਨੇਸ਼ ਚੱਢਾ ਓਪਰੇਸ਼ਨ ਥੀਏਟਰ ਵਿਚ ਜਾਣ ਤੋਂ ਪਹਿਲਾਂ ਮੈਡੀਕਲ ਅਫ਼ਸਰ ਤੋਂ ਇਜ਼ਾਜ਼ਤ ਲੈਂਦੇ ਅਤੇ ਇਹ ਪੁੱਛਦੇ ਨਜਰ ਆ ਰਹੇ ਨੇ ਕਿ ਨਿਯਮਾਂ ਅਨੁਸਾਰ ਉਹ ਇੱਥੇ ਜਾ ਸਕਦੇ ਹਨ ਜਾਂ ਨਹੀਂ। ਵਿਧਾਇਕ ਵਲੋਂ ਜ਼ੇਰੇ ਏ ਇਲਾਜ ਮਰੀਜ਼ਾਂ ਨਾਲ ਮੁਲਾਕਾਤ ਕੀਤੀ।
ਬੀਤੀ ਰਾਤ ਵਿਧਾਇਕ ਚੱਢਾ ਵਲੋਂ ਸਰਕਾਰੀ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ I ਇਸ ਦੌਰੇ ਦੌਰਾਨ ਉਨ੍ਹਾਂ ਨੇ ਦੇਰ ਰਾਤ ਸਮੇਂ ਮਰੀਜਾਂ ਨੂੰ ਮਿਲ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਂਦਿਆਂ ਜਿਆਦਾਤਰ ਮਰੀਜ਼ਾਂ ਨਾਲ ਖੁੱਦ ਗੱਲਬਾਤ ਕਰਕੇ ਹਸਪਤਾਲ ਵਲੋਂ ਮਿਲ ਰਹੀਆਂ ਸੇਵਾਵਾਂ ਬਾਰੇ ਜਾਂਚ-ਪੜਤਾਲ ਕੀਤੀ ਅਤੇ ਮਰੀਜਾਂ ਦੀ ਹਰ ਲੋੜ ਪੂਰੀ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਹਸਪਤਾਲ ਦੇ ਵਾਰਡਾਂ ਅਤੇ ਕਮਰਿਆਂ ਵਿੱਚ ਸਾਫ-ਸਫਾਈ ਤੇ ਪੱਖਿਆਂ ਦੀ ਖਾਸ ਤੌਰ ‘ਤੇ ਚੈਕਿੰਗ ਕੀਤੀ। ਉਨ੍ਹਾਂ ਮਰੀਜ਼ਾਂ ਦੇ ਬਾਥਰੂਮਾਂ ਦੀ ਸਾਫ-ਸਫਾਈ ਦਾ ਖੁੱਦ ਜਾਇਜ਼ਾ ਲਿਆ।
ਵਿਧਾਇਕ ਚੱਢਾ ਨੇ ਡਾਕਟਰਾਂ ਤੇ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਨਰਮੀ ਭਰਿਆ ਰਵੱਈਆ ਅਪਣਾਇਆ ਜਾਵੇ। ਉਹਨਾਂ ਵੱਲੋਂ ਜੱਚਾ-ਬੱਚਾ ਵਾਰਡ ਵਿਖੇ ਮਰੀਜਾਂ ਨਾਲ ਗੱਲਬਾਤ ਕੀਤੀ ਗਈ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਸੰਤੋਖ ਪ੍ਰਗਟਾਇਆ ਗਿਆ।
ਐਡਵੋਕੇਟ ਚੱਢਾ ਵੱਲੋਂ ਸਿਵਲ ਹਸਪਤਾਲ ਰੂਪਨਗਰ ਦਾ ਦੌਰਾ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਬਹੁਤ ਜਲਦ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਚੰਗੇ ਬਦਲਾਅ ਦੇਖਣ ਨੂੰ ਮਿਲਣਗੇ।