ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਜਖੇਪਲ ‘ਚ ਵਿੱਢੀ ਗਈ ਸਹੀ ਪੰਜਾਬੀ ਵਰਤੋਂ ਮੁਹਿੰਮ
ਜਖੇਪਲ (ਸੁਨਾਮ), 10 ਅਕਤੂਬਰ
ਸੂਬਾ ਪੱਧਰੀ ਸਮਾਜਕ ਜਥੇਬੰਦੀ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਸਨਿਚਰਵਾਰ ਨੂੰ ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਸਹੀ ਪੰਜਾਬੀ (ਗੁਰਮੁਖੀ) ਦੀ ਵਰਤੋਂ ਸਬੰਧੀ ਵਿੱਢੀ ਗਈ ਮੁਹਿੰਮ ਦੌਰਾਨ ਸੰਸਥਾ ਦੇ ਕਾਰਕੁੰਨਾਂ ਨੇ ਵਪਾਰਕ ਅਤੇ ਵਿੱਦਿਅਕ ਅਦਾਰਿਆਂ ਦਾ ਦੌਰਾ ਕਰ ਕੇ ਗੁਰਮੁਖੀ ਲਿਪੀ ਦੀ ਸਹੀ ਵਰਤੋਂ ਸਬੰਧੀ ਤਰੁੱਟੀਆਂ ਅਤੇ ਉਨ੍ਹਾਂ ਦੇ ਹੱਲ ਦੀਆਂ ਚਿੱਠੀਆਂ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਪ੍ਰਦਾਨ ਕੀਤੀਆਂ। ਇਸ ਮੁਹਿੰਮ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਨੌਰ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਛਾਜਲੀ, ਸੰਯੁਕਤ ਸਕੱਤਰ ਰਾਮਿੰਦਰਜੀਤ ਸਿੰਘ ਵਾਸੂ, ਮੈਂਬਰ ਗੁਰਜੰਟ ਸਿੰਘ ਜਖੇਪਲ, ਜਗਸੀਰ ਸਿੰਘ ਝਾੜੋਂ ਅਤੇ ਇਲਾਕੇ ਦੇ ਕਈ ਭਾਸ਼ਾਪ੍ਰੇਮੀਆਂ ਨੇ ਵੀ ਹਿੱਸਾ ਲਿਆ।
ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੇ ਕਾਰਕੁੰਨ ਇੱਥੋਂ ਦੇ ਬੱਸ ਅੱਡੇ ਨੇੜਲੀਆਂ ਦੁਕਾਨਾਂ ਵਿੱਚ ਗਏ ਅਤੇ ਉਨ੍ਹਾਂ ਦੀਆਂ ਦੁਕਾਨਾਂ ਦੇ ਬੋਰਡਾਂ ਜਾਂ ਹੋਰ ਥਾਈਂ ਲਿਖੀ ਪੰਜਾਬੀ (ਗੁਰਮੁਖੀ) ਵਿੱਚ ਤਰੁੱਟੀ ਰਹਿਤ ਸ਼ਬਦਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ। ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਨੇ ਖਿੜੇ ਮੱਥੇ ਤਰੁੱਟੀਆਂ ਸਬੰਧੀ ਚਿੱਠੀਆਂ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਹੈਰਾਨੀ ਵੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਭਾਸ਼ਾ ਬਾਰੇ ਕਦੇ ਵੀ ਕਿਸੇ ਨੇ ਕੋਈ ਉਜਰ ਤੱਕ ਨਹੀਂ ਕੀਤਾ।
ਇਸ ਮੌਕੇ ਜਖੇਪਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਰੇ ਜਾਣਕਾਰੀ ਦਿੰਦੇ ਬੋਰਡ ਉੱਤੇ ਹੀ ਵੱਡੀ ਗਿਣਤੀ ਵਿੱਚ ਗ਼ਲਤੀਆਂ ਮਿਲੀਆਂ, ਜਿਨ੍ਹਾਂ ਸਬੰਧੀ ਸਕੂਲ ਦੇ ਪ੍ਰਿੰਸੀਪਲ ਦੇ ਨਾਮ ਚਿੱਠੀ ਜਾਰੀ ਕੀਤੀ ਗਈ। ਇਲਾਕੇ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਪ੍ਰਤਾਪ ਸਿੰਘ ਬਾਗ਼ੀ ਦੀ ਯਾਦ ਵਿੱਚ ਸਥਾਪਤ ਕੀਤੀ ਗਈ ਲਾਇਬਰੇਰੀ ਦੇ ਨਾਮ ਅਤੇ ਪਤੇ ਵਿੱਚ ਵੀ ਤਰੁੱਟੀਆਂ ਸਨ।
ਮੁਹਿੰਮ ਦੌਰਾਨ ਮਾਲੇਰਕੋਟਲਾ ਬੀਜ ਸਟੋਰ ਦੇ ਪ੍ਰਬੰਧਕ ਮੁਹੰਮਦ ਇਮਰਾਨ, ਵਿਸ਼ਵਕਰਮਾ ਵੈੱਲਡਿੰਗ ਅਤੇ ਇਲੈਕਟ੍ਰੀਕਲ ਵਰਕਸ ਦੇ ਪ੍ਰਬੰਧਕ ਨਿਰਮਲ ਸਿੰਘ, ਸਿੱਧੂ ਸਵੀਟਸ ਹਾਊਸ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਅਤੇ ਸੰਤ ਅਤਰ ਸਿੰਘ ਜੀ ਬੁੱਕ ਡਿਪੂ ਦੇ ਪ੍ਰਬੰਧਕ ਸੂਰਜ ਕੁਮਾਰ ਨੇ ਭਾਸ਼ਾ ਦੀ ਸਹੀ ਵਰਤੋਂ ਸਬੰਧੀ ਭਰਪੂਰ ਉਤਸ਼ਾਹ ਵਿਖਾਇਆ ਅਤੇ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੀ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ। ਉੁਨ੍ਹਾਂ ਤਹੱਈਆ ਕੀਤਾ ਕਿ ਉਹ ਸੰਸਥਾ ਅਤੇ ਹੋਰ ਮਾਹਿਰਾਂ ਨਾਲ ਰਾਬਤਾ ਰੱਖਦੇ ਹੋਏ ਮਾਂ ਬੋਲੀ ਦੀ ਸੇਵਾ ਦੇ ਪੱਖ ਨੂੰ ਵੀ ਨਿਭਾਉਂਦੇ ਰਹਿਣਗੇ।