ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਨਿਰਮਾਣ ਦੇ ਪਹਿਲਾਂ ਪੜਾਅ ਦਾ ਕੰਮ ਸ਼ੁਰੂ
ਪਟਿਆਲਾ, 5 ਮਾਰਚ:
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਨਿਰਮਾਣ ਦੇ ਪਹਿਲੇ ਪੜਾਅ ਦਾ ਕੰਮ ਅੱਜ ਸਿੱਧੂਵਾਲ ਵਿਖੇ ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇ. ਐਸ. ਚੀਮਾ ਨੇ ਟੱਕ ਲਗਾਕੇ ਸ਼ੁਰੂ ਕਰਵਾਇਆ, ਕੰਮ ਦੀ ਸ਼ੁਰੂਆਤ ਮੌਕੇ ਕਰਵਾਏ ਸਾਦੇ ਸਮਾਗਮ ਦੌਰਾਨ ਭੂਮੀ ਪੂਜਨ ਤੇ ਅਰਦਾਸ ਉਪਰੰਤ ਕੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇ. ਐਸ. ਚੀਮਾ ਨੇ ਦੱਸਿਆ ਕਿ 92.7 ਏਕੜ ‘ਚ ਬਣਨ ਵਾਲੀ ਇਸ ਯੂਨੀਵਰਸਿਟੀ ਦਾ ਨੀਂਹ ਪੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 25 ਅਕਤੂਬਰ 2020 ਨੂੰ ਰੱਖਿਆ ਸੀ ਅਤੇ ਅੱਜ ਇਸ ਦੇ ਪਹਿਲੇ ਪੜਾਅ ਦੇ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ‘ਚ ਚਾਰਦੀਵਾਰੀ ਸਮੇਤ, ਅਕਾਦਮਿਕ ਤੇ ਪ੍ਰਬੰਧਕੀ ਬਲਾਕ ਅਤੇ ਲੜਕੇ ਤੇ ਲੜਕੀਆਂ ਲਈ ਹੋਸਟਲ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਕਰੀਬ 3 ਹਜ਼ਾਰ ਮੀਟਰ ਲੰਬੀ ਚਾਰਦੀਵਾਰੀ ਦਾ ਕੰਮ ਸਭ ਤੋਂ ਪਹਿਲਾ ਕੀਤਾ ਜਾਵੇਗਾ ਅਤੇ ਇਸ ਉਪਰੰਤ ਅਕਾਦਮਿਕ ਤੇ ਪ੍ਰਬੰਧਕੀ ਬਲਾਕ ਬਣਾਏ ਜਾਣਗੇ।
ਉਪ ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਆਪਣਾ ਕੰਮ ਆਰਜੀ ਕੈਂਪਸ ਵਿਖੇ ਪਹਿਲਾਂ ਹੀ ਚਲਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਕੋਰਸਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਨੇ ਰਾਜ ਅੰਦਰਲੇ ਖੇਡ ਕਾਲਜਾਂ ਨੂੰ ਆਪਣੇ ਨਾਲ ਜੋੜ ਕੇ ਖੇਡ ਸਿੱਖਿਆ ਦੇ ਮਿਆਰੀਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ‘ਚ ਨਵੇਂ ਦਿਸਹੱਦੇ ਦਿਖਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ‘ਚ ਪਹਿਲਾ ਹੀ ਫਿਜੀਕਲ ਐਜੂਕੇਸ਼ਨ ਦੇ ਕੁੱਝ ਕੋਰਸ ਚੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ‘ਚ ਸਪੋਰਟਸ ਸਾਇੰਸ, ਸਪੋਰਟਸ ਨਿਊਟਰੀਸ਼ਨ, ਸਪੋਰਟਸ ਮੈਨੇਜਮੈਂਟ, ਸਪੋਰਟਸ ਟੈਕਨਾਲੋਜੀ ਵਰਗੇ ਐਡਵਾਂਸ ਕੋਰਸ ਵੀ ਜਲਦੀ ਸ਼ੁਰੂ ਕੀਤੇ ਜਾਣਗੇ ਤੇ ਐਮ.ਐਸ.ਸੀ. ਯੋਗਾ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸਪੋਰਟਸ ਦੇ ਬੁਨਿਆਦੀ ਢਾਂਚੇ ਨੂੰ ਵਿਗਿਆਨਕ ਢੰਗ ਨਾਲ ਬਣਾਇਆ ਜਾਵੇਗਾ ਤਾਂ ਜੋ ਨਵੇਂ ਉਭਰੇ ਖਿਡਾਰੀਆਂ ਨੂੰ ਨਵੀਆਂ ਤਕਨੀਕਾਂ ਨਾਲ ਟਰੇਨਿੰਗ ਪ੍ਰਦਾਨ ਕਰ ਸਕੀਏ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਚੰਗੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵੱਲੋਂ ਪਲੇਸਮੈਂਟ ਸੈਲ ਵੀ ਸਥਾਪਤ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀ ਦੀ ਕਾਬਲੀਅਤ ਮੁਤਾਬਕ ਉਸਨੂੰ ਰੁਜ਼ਗਾਰ ਮਿਲ ਸਕੇ।
ਯੂਨੀਵਰਸਿਟੀ ਦੇ ਪਹਿਲੇ ਪੜਾਅ ਦੇ ਕੰਮ ਦੀ ਸ਼ੁਰੂਆਤ ਮੌਕੇ ਉਪ ਕੁਲਪਤੀ ਨੇ ਸਮੂਹ ਪੰਜਾਬ ਵਾਸੀਆਂ, ਅਧਿਆਪਕਾਂ, ਪ੍ਰਬੰਧਕੀ ਅਮਲੇ ਸਮੇਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਰਾਜ ‘ਚ ਖੇਡ ਸੱਭਿਆਚਾਰ ਸਿਰਜੇਗੀ।
ਇਸ ਮੌਕੇ ਮੁੱਖ ਇੰਜੀਨੀਅਰ ਪਰਮਜੀਤ ਗੋਇਲ ਨੇ ਦੱਸਿਆ ਕਿ ਪਹਿਲੇ ਪੜਾਅ ‘ਚ ਸਰਕਾਰ ਵੱਲੋਂ 60 ਕਰੋੜ ਰੁਪਇਆ ਮਨਜ਼ੂਰ ਕੀਤਾ ਗਿਆ ਹੈ ਅਤੇ ਜਿਸ ਵਿਚੋਂ 25 ਕਰੋੜ ਰੁਪਏ ਨਾਲ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਹ ਕੰਮ ਨਿਸਚਤ ਕੀਤੇ ਗਏ ਸਮੇਂ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਪਰਮਜੀਤ ਗੋਇਲ, ਕਾਰਜਕਾਰੀ ਇੰਜੀਨੀਅਰ ਐਸ.ਐਲ ਗਰਗ, ਉਪ ਮੰਡਲ ਇੰਜੀਨੀਅਰ ਸੰਦੀਪ ਵਾਲੀਆ, ਸਹਾਇਕ ਇੰਜੀਨੀਅਰ ਅਮਰਿੰਦਰ ਸਿੰਘ ਸਮੇਤ ਖੇਡ ਯੂਨੀਵਰਸਿਟੀ ਦੇ ਅਧਿਆਪਕ, ਵਿਦਿਆਰਥੀ ਅਤੇ ਹੋਰ ਪ੍ਰਬੰਧਕੀ ਅਮਲਾ ਵੀ ਮੌਜੂਦ ਸੀ।