ਮਾਤਾ ਗੁਜਰੀ ਕਾਲਜ ਦੇ ਅਧਿਆਪਕਾਂ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਫ਼ਤਹਿਗੜ੍ਹ ਸਾਹਿਬ (13 ਸਤੰਬਰ)
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ ਸੀ ਸੀ ਟੀ ਯੂ) ਦੇ ਸੱਦੇ ਤੇ ਮਾਤਾ ਗੁਜਰੀ ਕਾਲਜ ਦੀ ਅਧਿਆਪਕ ਯੂਨੀਅਨ ਵੱਲੋਂ ਅੱਜ ਵੀ ਕਾਲਜ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਲਗਾਇਆ ਗਿਆ। ਇਹ ਰੋਸ ਧਰਨੇ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਹੀ 5 ਸਤੰਬਰ ਤੋਂ ਲਗਾਤਾਰ ਜਾਰੀ ਹਨ ।
ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਉਚੇਰੀ ਸਿੱਖਿਆ ਨੂੰ ਤਹਿਸ ਨਹਿਸ ਕਰਨ ਤੇ ਉਤਾਰੂ ਹੈ। ਪੰਜਾਬ ਸਰਕਾਰ ਨੇ ਅਧਿਆਪਕ ਵਰਗ ਲਈ ਅਜੇ ਤੱਕ 7ਵੇਂ ਵੇਤਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਸਗੋਂ ਅਧਿਆਪਕਾਂ ਨਾਲ ਬੇਇਨਸਾਫ਼ੀ ਕਰਦਿਆਂ ਨਵੇਂ ਤਨਖਾਹ ਸਕੇਲਾਂ ਨੂੰ ਯੂ.ਜੀ.ਸੀ. ਪੇ-ਸਕੇਲਾਂ ਨਾਲੋਂ ਡੀ ਲਿੰਕ ਕਰ ਦਿੱਤਾ ਹੈ।
ਉਚੇਰੀ ਸਿੱਖਿਆ ਨਾਲ ਸਬੰਧਤ ਅਧਿਆਪਕ ਜਥੇਬੰਦੀਆਂ ਦੀਆਂ ਮੰਗਾਂ ਵਿੱਚ ਯੂ.ਜੀ.ਸੀ. ਪੇ-ਸਕੇਲ ਲਾਗੂ ਕਰਨਾ , ਤਨਖਾਹ ਸਕੇਲ ਯੂ.ਜੀ.ਸੀ. ਪੇ-ਸਕੇਲ ਨਾਲੋਂ ਡੀ ਲਿੰਕ ਕਰਨ ਦਾ ਫੈਸਲਾ ਵਾਪਿਸ ਲੈਣ ਅਤੇ ਅਨਕਵਰਡ ਪੋਸਟਾਂ ਤੇ ਕੰਮ ਕਰਨ ਵਾਲੇ ਅਧਿਆਪਕਾਂ ਲਈ ਸਕਿਓਰਟੀ ਆਫ ਸਰਵਿਸ ਐਕਟ ਲਾਗੂ ਕਰਨ ਦੀਆਂ ਮੰਗਾਂ ਸ਼ਾਮਿਲ ਹਨ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਪੀ ਸੀ ਸੀ ਟੀ ਯੂ ਦੀ ਜ਼ਿਲ੍ਹਾ ਕਾਊਂਸਲ ਚੰਡੀਗੜ੍ਹ ਵੱਲੋਂ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ।
ਕਾਲਜ ਯੂਨੀਅਨ ਦੇ ਪ੍ਰਧਾਨ ਡਾ. ਰਾਸ਼ਿਦ ਰਸ਼ੀਦ ਅਤੇ ਸਕੱਤਰ ਡਾ. ਕੁਲਦੀਪ ਕੌਰ ਨੇ ਕਿਹਾ ਕਿ ਸਾਰੇ ਕਾਲਜ ਦੇ ਅਧਿਆਪਕ ਰੋਜ਼ਾਨਾ ਦੋ ਪੀਰੀਅਡਾਂ ਲਈ ਧਰਨੇ ਤੇ ਬੈਠ ਰਹੇ ਹਨ ਅਤੇ ਇਸ ਵਿਰੋਧ ਪ੍ਰਦਰਸ਼ਨ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਕਾਲਜ ਦੇ ਹੋਰ ਅਧਿਆਪਕ ਅਤੇ ਕਾਲਜ ਦੀ ਨਾਨ ਟੀਚਿੰਗ ਯੂਨੀਅਨ ਦੇ ਪ੍ਰਧਾਨ ਜਗਜੀਤ ਕੌਰ ਅਤੇ ਹੋਰ ਕਰਮਚਾਰੀ ਵੀ ਅਧਿਆਪਕਾਂ ਦਾ ਸਮਰਥਨ ਕਰਦਿਆਂ ਇਸ ਰੋਸ ਧਰਨੇ ਵਿੱਚ ਸ਼ਾਮਲ ਹੋਏ।
ਡਾ. ਹਰਵੀਨ ਕੌਰ, ਡਾ.ਨਵਦੀਪ ਸਿੰਘ, ਪ੍ਰੋ. ਪੂਨਮ ਚਾਵਲਾ ,ਪ੍ਰੋ. ਸ਼ਾਮ ਬਾਂਸਲ ਅਤੇ ਹੋਰ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।