ਮਾਤਾ ਗੁਜਰੀ ਕਾਲਜ ਦੇ ਕਾਮਰਸ ਵਿਭਾਗ ਨੇ ਕਰਵਾਇਆ ਪੇਪਰ ਰੀਡਿੰਗ ਮੁਕਾਬਲਾ
ਫ਼ਤਿਹਗੜ੍ਹ ਸਾਹਿਬ, 25 ਅਗਸਤ,2022
ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਨੇ ਪੇਪਰ ਰੀਡਿੰਗ ਮੁਕਾਬਲੇ ਦਾ ਆਯੋਜਨ ਕਰਵਾਇਆ ਜਿਸ ਵਿੱਚ ਬੀ.ਕਾਮ, ਬੀ.ਕਾਮ ਆਨਰਜ਼ ਅਤੇ ਬੀ.ਕਾਮ(ਅਕਾਊੰਟਿੱਗ ਐੰਡ ਫ਼ਾਇਨਾਂਸ) ਭਾਗ-ਪਹਿਲਾ ਦੇ 35 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਪੇਪਰ ਰੀਡਿੰਗ ਮੁਕਾਬਲੇ ਦੇ ਵਿਸ਼ੇ – ਰੂਸ ਅਤੇ ਯੂਕਰੇਨ ਜੰਗ ਦਾ ਵਿਸ਼ਵ ਪੱਧਰੀ ਪ੍ਰਭਾਵ, ਸੋਸ਼ਲ ਮੀਡੀਆ ਸਹੀ ਜਾਂ ਗਲਤ?, ਕ੍ਰਿਪਟੋਕਰੰਸੀ ਭਵਿੱਖ ਹੈ ਜਾਂ ਧੋਖਾ? ਅਤੇ ਵਿਦਿਆਰਥੀ ਜੀਵਨ ਵਿੱਚ ਸਾਥੀਆਂ ਦੇ ਸਮੂਹ ਦਾ ਪ੍ਰਭਾਵ ਸਨ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਸਾਰੂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੇ ਅਕਾਦਮਿਕ ਗਿਆਨ ਵਿੱਚ ਵਾਧੇ ਹੁੰਦਾ ਦੇ ਨਾਲ ਨਾਲ ਉਨ੍ਹਾਂ ਦੇ ਵਿਹਾਰਕ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ।
ਕਾਮਰਸ ਵਿਭਾਗ ਦੇ ਮੁਖੀ ਅਤੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਾਮਰਸ ਵਿਭਾਗ ਦੇ ਪਹਿਲੇ ਸਾਲ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਸੰਚਾਰ ਦੇ ਹੁਨਰ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਦੇ ਵੱਖ-ਵੱਖ ਸਮਾਜਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਸਬੰਧੀ ਗਿਆਨ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦਾ ਸਮੁੱਚਾ ਪ੍ਰਬੰਧ ਕਾਮਰਸ ਵਿਭਾਗ ਦੇ ਐਮ.ਕਾਮ ਭਾਗ ਦੂਸਰਾ ਦੇ ਵਿਦਿਆਰਥੀਆਂ ਅਤੇ ਬੀ.ਕਾਮ, ਬੀ.ਕਾਮ ਆਨਰਜ਼ ਅਤੇ ਬੀ.ਏ.ਐਫ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੁਆਰਾ ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਕਾਮਰਸ ਐਸੋਸੀਏਸ਼ਨ ਦੀ ਇੰਚਾਰਜ ਪ੍ਰੋ. ਨਵਜੀਤ ਕੌਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੁਕਾਬਲੇ ਵਿਚ ਬੀ.ਕਾਮ ਭਾਗ ਪਹਿਲਾ ਦੀ ਵੀ ਵਿਦਿਆਰਥਣ ਨਮਨ, ਬੀ.ਕਾਮ ਆਨਰਜ਼ ਭਾਗ ਪਹਿਲਾ ਦੀ ਸਿਮਰਨਜੀਤ ਕੌਰ ਅਤੇ ਬੀ.ਕਾਮ ਭਾਗ ਪਹਿਲਾ ਦੀ ਕਮਲਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੁਕਾਬਲੇ ਵਿੱਚ ਐਮ.ਕਾਮ ਭਾਗ ਦੂਸਰਾ ਦੀਆਂ ਵਿਦਿਆਰਥਣਾਂ ਕੁਲਵਿੰਦਰ ਕੌਰ, ਨੈਨਸੀ ਅਤੇ ਪ੍ਰਭਦੀਪ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਮੰਚ ਸੰਚਾਲਨ ਰਮਨਦੀਪ ਕੌਰ, ਗੁਰਜੀਤ ਸਿੰਘ ਅਤੇ ਅਰਸ਼ਪ੍ਰੀਤ ਕੌਰ ਨੇ ਕੀਤਾ। ਕਾਮਰਸ ਐਸੋਸੀਏਸ਼ਨ ਦੀ ਪ੍ਰਧਾਨ ਐਮ ਕਾਮ ਭਾਗ ਦੂਜਾ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਕਾਮਰਸ ਵਿਭਾਗ ਦੇ ਸਮੂਹ ਅਧਿਆਪਕ ਅਤੇ ਕਾਮਰਸ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ।