ਮਾਹਵਾਰੀ ਦੀ ਸਮੱਸਿਆ ਵਾਲ਼ੀਆਂ ਔਰਤਾਂ ਵਿੱਚ ਅਕਸਰ ਹੁੰਦੀ ਹੈ ਥਾਇਰਡ ਰੋਗ ਦੀ ਸੰਭਾਵਨਾ- ਪੰਜਾਬੀ ਯੂਨੀਵਰਸਿਟੀ ਦੀ ਖੋਜ ਵਿੱਚ ਆਇਆ ਸਾਹਮਣੇ
ਪਟਿਆਲਾ / 29 ਜਨਵਰੀ, 2023
ਪੰਜਾਬੀ ਯੂਨੀਵਰਸਿਟੀ ਦੇ ਫਿਜਿ਼ਓਥੈਰੇਪੀ ਵਿਭਾਗ ਵਿਖੇ ਹੋਈ ਇੱਕ ਖੋਜ ਦੌਰਾਨ ਸਾਹਮਣੇ ਆਇਆ ਕਿ ਮਾਹਵਾਰੀ ਨਾਲ਼ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਵਿੱਚ ਥਾਇਰਡ ਦੀ ਇੱਕ ਵਿਸ਼ੇਸ਼ ਕਿਸਮ ਸਬ-ਕਲੀਨੀਕਲ ਹਾਈਪੋਥਾਇਰਡਿਜ਼ਮ (ਐੱਸ. ਸੀ. ਐੱਚ.)ਦੀ ਸਮੱਸਿਆ ਵੀ ਅਕਸਰ ਪਾਈ ਜਾਂਦੀ ਹੈ ਜਿਸ ਲਈ ਕਿ ਸ਼ੁਰੂਆਤੀ ਪੱਧਰ ਉੱਤੇ ਡਾਕਟਰਾਂ ਵੱਲੋਂ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਸਮੇਂ ਸਿਰ ਇਸ ਦੀ ਪਹਿਚਾਣ ਨਾ ਹੋ ਸਕਣ ਕਾਰਨ ਬਾਅਦ ਵਿੱਚ ਇਹ ਕਿਸਮ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦੀ ਹੈ।
ਖੋਜ ਅਨੁਸਾਰ ਅਜਿਹੇ ਕੇਸਾਂ ਵਿੱਚ ਸੰਬੰਧਤ ਮਰੀਜ਼ ਦੀ ਖੁਰਾਕ ਵਿੱਚ ਕੁੱਝ ਵਿਸ਼ੇਸ਼ ਸੁਧਾਰ ਕਰ ਕੇ ਅਤੇ ਕੁੱਝ ਵਿਸ਼ੇਸ਼ ਕਸਰਤਾਂ (ਪ੍ਰੋਗਰੈਸਿਵ ਰਜਿ਼ਸਟਡ ਐਕਸਰਸਾਈਜ਼ਜ਼ ) ਨੂੰ ਉਸ ਦੇ ਰੁਟੀਨ ਵਿੱਚ ਸ਼ਾਮਿਲ ਕਰ ਕੇ ਇਸ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਅਜਿਹਾ ਹੋਣ ਨਾਲ਼ ਦੇਸ ਦੀ ਕੁੱਲ ਅਬਾਦੀ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਰੋਗ ਅਤੇ ਇਸ ਨਾਲ਼ ਜੁੜੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ।
ਖੋਜ ਨਿਗਰਾਨ ਡਾ. ਸੋਨੀਆ ਸਿੰਘ ਅਧੀਨ ਖੋਜਾਰਥੀ ਸਦਭਾਵਨਾ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਸਿਫ਼ਾਰਿਸ਼ ਕੀਤੀ ਗਈ ਹੈ ਕਿ ਮਾਹਵਾਰੀ ਨਾਲ਼ ਸੰਬੰਧਤ ਉਲਝਣਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੇ ਥਾਇਰਡ ਪੱਧਰਾਂ ਦੀ ਜਾਂਚ ਲਾਜ਼ਮੀ ਤੌਰ ਉੱਤੇ ਕੀਤੀ ਜਾਣੀ ਚਾਹੀਦੀ ਹੈ।
ਨਿਗਰਾਨ ਡਾ. ਸੋਨੀਆ ਸਿੰਘ ਨੇ ਦੱਸਿਆ ਕਿ ਇਹ ਖੋਜ ਸਿਫ਼ਾਰਿਸ਼ ਕਰਦੀ ਹੈ ਕਿ ਅਸੀਂ ਇਸ ਸਬ-ਕਲੀਨੀਕਲ ਹਾਈਪੋਥਾਇਰਡਿਜ਼ਮ ਨੂੰ ਸਮੇਂ ਸਿਰ ਪਹਿਚਾਣ ਕੇ ਖੁਰਾਕ ਵਿਚਲੇ ਵਿਸ਼ੇਸ਼ ਸੁਧਾਰਾਂ ਅਤੇ ਵਿਸ਼ੇਸ਼ ਕਸਰਤਾਂ ਨਾਲ਼ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਨਹੀਂ ਤਾਂ ਜੇਕਰ ਇਹ ਕੁੱਝ ਸਮੇਂ ਬਾਅਦ ਹਾਈਪੋਥਾਇਰਡਿਜ਼ਮ ਵਿੱਚ ਤਬਦੀਲ ਹੋ ਜਾਵੇ ਤਾਂ ਉਸ ਨੂੰ ਕਾਬੂ ਵਿੱਚ ਰੱਖਣ ਲਈ ਮਰੀਜ਼ ਨੂੰ ਪੂਰੀ ਉਮਰ ਦਵਾਈਆਂ ਖਾਣੀਆਂ ਪੈ ਸਕਦੀਆਂ ਹਨ ਜੋ ਕਾਫ਼ੀ ਮਹਿੰਗੀਆਂ ਵੀ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਸਰੀਰ ਉੱਪਰ ਹੋਰ ਕਈ ਕਿਸਮ ਦੇ ਦੁਰਪ੍ਰਭਾਵ ਵੀ ਪੈ ਸਕਣ ਦੀ ਸੰਭਾਵਨਾ ਹੁੰਦੀ ਹੈ।
ਖੋਜਾਰਥੀ ਸਦਭਾਵਨਾ ਨੇ ਖੋਜ ਵਿਧੀ ਬਾਰੇ ਦੱਸਿਆ ਕਿ ਅਮ੍ਰਿਤਸਰ ਸ਼ਹਿਰ ਵਿੱਚ 18 ਤੋਂ 35 ਸਾਲ ਦਰਮਿਆਨ ਉਮਰ ਦੀਆਂ 748 ਔਰਤਾਂ ਵਿੱਚ ਸਬ-ਕਲੀਨਿਕ ਹਾਈਪੋਥਾਇਰਡਿਜ਼ਮ ਵਾਲ਼ੀਆਂ ਔਰਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਜਿਨ੍ਹਾਂ ਨੂੰ ਇਸ ਖੋਜ ਵਿਚਲੇ ਪ੍ਰਯੋਗਾਂ ਦਾ ਅਧਾਰ ਬਣਾਇਆ ਗਿਆ। ਇੱਕ ਸਮੂਹ ਨੂੰ ਜਿੱਥੇ ਘੱਟ ਕੈਲੋਰੀ ਤੇ ਉੱਚ ਫ਼ਾਇਬਰ ਖੁਰਾਕ ਦਿੱਤੀ ਗਈ ਉੱਥੇ ਹੀ ਦੂਜੇ ਇੱਕ ਸਮੂਹ ਨੂੰ ਛੇ ਹਫ਼ਤਿਆਂ ਲਈ ਵਿਸ਼ੇਸ਼ ਕਸਰਤ (ਪ੍ਰੋਗਰੈਸਿਵ ਰਜਿ਼ਸਟਡ ਐਕਸਰਸਾਈਜ਼)ਕਰਵਾਈ ਗਈ। ਇਸ ਉਪਰੰਤ ਉਨ੍ਹਾਂ ਦੇ ਥਾਇਰਡ ਨਾਲ਼ ਸੰਬੰਧਤ ਟੀ-3,ਟੀ-4 ਅਤੇ ਟੀ. ਐੱਸ. ਐੱਚ. ਟੈਸਟ ਦੁਬਾਰਾ ਕੀਤੇ ਗਏ ਜਿਸ ਵਿੱਚੋਂ ਪ੍ਰਾਪਤ ਅੰਕੜਿਆਂ ਦਾ ਇਸ ਖੋਜ ਰਾਹੀਂ ਵਿਸ਼ਲੇਸ਼ਣ ਕੀਤਾ ਗਿਆ। ਕਸਰਤ ਵਾਲੇ ਸਮੂਹ ਵਿੱਚ ਬਿਹਤਰ ਨਤੀਜੇ ਵੇਖਣ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਵਿਧੀਆਂ ਦੀ ਵਰਤੋਂ ਨਾਲ਼ ਉਨ੍ਹਾਂ ਦੀਆਂ ਮਾਹਵਾਰੀ ਨਾਲ਼ ਸੰਬੰਧਤ ਸਮੱਸਿਆਵਾਂ ਵੀ ਕਾਫ਼ੀ ਹੱਦ ਤੱਕ ਹੱਲ ਹੋਈਆਂ ਵੇਖੀਆਂ ਗਈਆਂ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਆਸ ਪਾਸ ਦੇ ਸਮਾਜ ਵਿੱਚ ਆਮ ਲੋਕ ਜਿਸ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ਼ ਜੂਝ ਰਹੇ ਹਨ, ਉਨ੍ਹਾਂ ਦੇ ਹੱਲ ਲਈ ਹੋਣ ਵਾਲੀਆਂ ਅਜਿਹੀਆਂ ਖੋਜਾਂ ਪੰਜਾਬੀ ਯੂਨੀਵਰਸਿਟੀ ਦੀ ਸਾਰਥਿਕਤਾ ਨੂੰ ਹੋਰ ਬਿਹਤਰ ਤਰੀਕੇ ਨਾਲ਼ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਨਾਲ਼-ਨਾਲ਼ ਸਿਹਤ ਅਤੇ ਮੈਡੀਕਲ ਜਿਹੇ ਖੇਤਰਾਂ ਵਿੱਚ ਹੋਣ ਵਾਲੀਆਂ ਅਜਿਹੀਆਂ ਖੋਜਾਂ ਪੰਜਾਬੀ ਯੂਨੀਵਰਸਿਟੀ ਦੇ ਮਿਆਰ ਨੂੰ ਹੋਰ ਉੱਚਾ ਚੁੱਕਦੀਆਂ ਹਨ।