ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ

320

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ

ਧੂਰੀ 22 ਫ਼ਰਵਰੀ,2023:

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ‘‘ਪੰਜਾਬੀ ਭਾਸ਼ਾ ਦੀ ਕੰਪਿਊਟਰਕਾਰੀ: ਸਥਿਤੀ, ਚੁਣੌਤੀਆਂ ਤੇ ਹੱਲ’’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਲੈਕਚਰ ਦੇ ਮੁੱਖ ਬੁਲਾਰੇ ਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੀ.ਪੀ. ਕੰਬੋਜ ਨੇ ਸ਼ਿਰਕਤ ਕੀਤੀ। ਡਾ. ਕੰਬੋਜ ਨੇ ਹੁਣ ਤੱਕ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੇ ਵੱਖ–ਵੱਖ ਸਾਫ਼ਟਵੇਅਰ ਦੇ ਬਾਰੇ ਜ਼ਿਕਰ ਕਰਦੇ ਹੋਏ ਅੱਖਰ ਸਾਫ਼ਅਵੇਅਰ ਦੀ ਵਰਤੋਂ ਸਬੰਧੀ ਉਚੇਚੇ ਤੌਰ ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਰਵਾਇਤੀ ਪੰਜਾਬੀ ਫ਼ੌਂਟ ਅਤੇ ਯੂਨੀਕੋਡ ਵਿੱਚ ਅੰਤਰ ਦੱਸਦੇ ਹੋਏ ਯੂਨੀਕੋਡ ਦੀ ਮਹੱਤਤਾ ਦਾ ਉਲੇਖ ਕੀਤਾ ਤੇ ਕਿਹਾ ਯੂਨੀਕੋਡ ਦੇ ਆਉਣ ਨਾਲ ਹੀ ਖੇਤਰੀ ਭਾਸ਼ਾਵਾਂ ਇੰਟਰਨੈੱਟ ਉੱਤੇ ਆਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਯੂਨੀਕੋਡ ਵਿੱਚ ਪੰਜਾਬੀ ਲਿਖਤਾਂ ਨੂੰ ਵੱਧ ਤੋਂ ਵੱਧ ਇੰਟਰਨੈੱਟ ’ਤੇ ਪਾਇਆ ਜਾਵੇ ਤਾਂ ਸਾਡੀ ਭਾਸ਼ਾ ਦਾ ਵਿਕਾਸ ਹੋਰ ਵੀ ਸੰਭਵ ਹੋਵੇਗਾ। ਇਸ ਤਰ੍ਹਾਂ ਸਾਨੂੰ ਪੰਜਾਬੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ ਹਾਸਲ ਹੋਵੇਗੀ। ਇਸੇ ਤਰ੍ਹਾਂ ਸਰਕਾਰਾਂ ਨੂੰ ਵੀ ਪੰਜਾਬੀ ਭਾਸ਼ਾ ਦੀ ਕੰਪਿਊਟਰਕਾਰੀ ਲਈ ਸਾਫ਼ਟਵੇਅਰ ਤਿਆਰ ਕਰਨ ਲਈ ਫੰਡ ਰਾਖਵੇਂ ਰੱਖਣੇ ਚਾਹੀਦੇ ਹਨ।

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ

ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਬੁਲਾਰੇ ਅਤੇ ਕਾਲਜ ਸਟਾਫ਼ ਨੇ ਮਾਂ ਬੋਲੀ ਨਾਲ ਸਬੰਧਤ ਵੱਖ–ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਸਮੇਂ ਸਟੇਜ ਸੰਚਾਲਕ ਦੀ ਭੂਮਿਕਾ ਰਜਿੰਦਰ ਸਿੰਘ ਵੱਲੋਂ ਨਿਭਾਈ ਗਈ।

ਇਸ ਸਮੇਂ ਪੰਜਾਬੀ ਵਿਭਾਗ ਦੇ ਡਾ. ਸੁਖਜਿੰਦਰ ਰਿਸ਼ੀ, ਰਜਿੰਦਰ ਸਿੰਘ, ਜਗਤਾਰ ਸਿੰਘ, ਡਾ. ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ, ਚੇਤਨ ਕੁਮਾਰ ਅਤੇ ਕਰਨੈਲ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੌਜੂਦ ਸੀ।