ਰਾਜਪੁਰਾ ਦੇ ਵਸਨੀਕਾਂ ਦੀ ਹੋਵੇਗੀ 100 ਫ਼ੀਸਦੀ ਸਕਰੀਨਿੰਗ-ਕੁਮਾਰ ਅਮਿਤ

196

ਰਾਜਪੁਰਾ ਦੇ ਵਸਨੀਕਾਂ ਦੀ ਹੋਵੇਗੀ 100 ਫ਼ੀਸਦੀ ਸਕਰੀਨਿੰਗ-ਕੁਮਾਰ ਅਮਿਤ

ਰਾਜਪੁਰਾ/ਪਟਿਆਲਾ, 21 ਅਪ੍ਰੈਲ:
ਰਾਜਪੁਰਾ ਵਿਖੇ ਕੋਵਿਡ-19 ਦੇ ਮਿਲੇ ਤਾਜਾ ਪਾਜ਼ਿਟਿਵ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ  ਕੁਮਾਰ ਅਮਿਤ ਨੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨਾਲ ਮਿਲਕੇ ਰਾਜਪੁਰਾ ਦਾ ਦੌਰਾ ਕੀਤਾ ਅਤੇ ਐਸ.ਡੀ.ਐਮ.  ਟੀ. ਬੈਨਿਥ, ਡੀ.ਐਸ.ਪੀ. ਰਾਜਪੁਰਾ  ਅਕਾਸ਼ਦੀਪ ਸਿੰਘ ਔਲਖ ਤੇ ਡੀ.ਐਸ.ਪੀ. ਘਨੌਰ  ਮਨਪ੍ਰੀਤ ਸਿੰਘ ਨਾਲ ਮੀਟਿੰਗ ਕਰਕੇ ਰਣਨੀਤੀ ਤਿਆਰ ਕੀਤੀ।

ਇਸ ਮੀਟਿੰਗ ਦੌਰਾਨ  ਕੁਮਾਰ ਅਮਿਤ ਨੇ ਸਿਵਲ ਸਰਜਨ ਨੂੰ ਕਿਹਾ ਕਿ ‘ਰੋਗ ਗ੍ਰਸਤ ਇਲਾਕਾ ਨੀਤੀ’ ਮੁਤਾਬਕ ਅਗਲੇ ਤਿੰਨ ਦਿਨਾਂ ‘ਚ ਰਾਜਪੁਰਾ ਦੇ ਹਰ ਵਸਨੀਕ ਦੀ ਕੋਰੋਨਾਵਾਇਰਸ ਦੇ ਲੱਛਣਾਂ ਸਬੰਧੀਂ ਸਕਰੀਨਿੰਗ ਕੀਤੀ ਜਾਵੇ ਅਤੇ ਇਸ ਸਮੇਂ ਦੌਰਾਨ ਰਾਜਪੁਰਾ ਪੂਰਾ ਸੀਲ ਰਹੇਗਾ ਅਤੇ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਜ਼ਿਟਿਵ ਕੇਸਾਂ ਦੇ ਸੰਪਰਕਾਂ ਦੀ ਲੜੀ ਦੀ ਪੈੜ ਬਰੀਕੀ ਨਾਲ ਨੱਪੀ ਜਾਵੇਗੀ ਤਾਂ ਕਿ ਇਹ ਪਾਜ਼ਿਟਿਵ ਪਿਛਲੇ ਸਮੇਂ ਦੌਰਾਨ, ਜਿਸ ਕਿਸੇ ਨੂੰ ਵੀ ਮਿਲੇ ਹਨ, ਉਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕੋਆਰੰਟਾਈਨ ਕੀਤਾ ਜਾਵੇ ਅਤੇ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਪੁਰਾ ‘ਚ ਰੋਗਗ੍ਰਸਤ ਇਲਾਕਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ।

ਰਾਜਪੁਰਾ ਦੇ ਵਸਨੀਕਾਂ ਦੀ ਹੋਵੇਗੀ 100 ਫ਼ੀਸਦੀ ਸਕਰੀਨਿੰਗ-ਕੁਮਾਰ ਅਮਿਤ
ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ  ਰਵਨੀਤ ਸਿੰਘ ਢੋਟ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਦੁੱਧ, ਸਬਜ਼ੀਆਂ, ਫ਼ਲ, ਕਰਿਆਨੇ ਦਾ ਸਮਾਨ ਤੇ ਦਵਾਈਆਂ ਆਦਿ ਜਰੂਰੀ ਕਰਾਰ ਦਿੱਤੀਆਂ ਵਸਤਾਂ ਦੀ ਸਪਲਾਈ ਬੇਰੋਕ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਮੈਜਿਸਟਰੇਟ ਨੇ ਆਦੇਸ਼ ਵੀ ਜਾਰੀ ਕੀਤੇ ਕਿ ਰਾਜਪੁਰਾ ਸਬ ਡਵੀਜਨ ਅੰਦਰ ਪੈਂਦੇ ਸਾਰੇ ਬੈਂਕ ਅਗਲੇ ਹੁਕਮਾਂ ਤੱਕ ਜਨਤਕ ਲੈਣ-ਦੇਣ ਲਈ ਬਿਲਕੁਲ ਬੰਦ ਰੱਖੇ ਜਾਣਗੇ ਪਰੰਤੂ ਅਨਾਜ ਮੰਡੀ ਵਿਖੇ ਕਣਕ ਦੀ ਖਰੀਦ ਨਿਰਵਿਘਨ ਜਾਰੀ ਰਹੇਗੀ।

ਇਸੇ ਦੌਰਾਨ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਮ ਲੋਕ ਅਤੇ ਖਾਸ ਕਰਕੇ ਰਾਜਪੁਰਾ ਦੇ ਵਾਸੀ ਇਸ ਸੰਕਟ ਦੇ ਸਮੇਂ ਆਪਣੇ ਘਰਾਂ ਅੰਦਰ ਰਹਿ ਕੇ ਕਰਫਿਊ ਦਾ ਪਾਲਣ ਕਰਨ ਅਤੇ ਇਸ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਤਹਿਸੀਲਦਾਰ ਹਰਸਿਮਰਨ ਸਿੰਘ, ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।