ਰਾਜਸਥਾਨ ਤੋਂ ਆਉਂਦੇ ਕਲਿੰਕਰ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਭੜਕੇ ਦਬੁਰਜੀ ਪਿੰਡ ਦੇ ਲੋਕ

268

ਰਾਜਸਥਾਨ ਤੋਂ ਆਉਂਦੇ ਕਲਿੰਕਰ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਭੜਕੇ ਦਬੁਰਜੀ ਪਿੰਡ ਦੇ ਲੋਕ

ਬਹਾਦਰਜੀਤ ਸਿੰਘ / ਰੂਪਨਗਰ, 13 ਫਰਵਰੀ,2023

ਅੱਜ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਮੇਨ ਗੇਟ ਅੱਗੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਕਲਿੰਕਰ ਦੇ ਪ੍ਰਦੂਸ਼ਣ ਤੋਂ ਦੁਖੀ ਹੋਏ ਲੋਕ ਸੀਮਿੰਟ ਫੈਕਟਰੀ ਦੇ ਗੇਟ ਅੱਗੇ ਧਰਨਾ ਦੇਣ ਲਈ ਪੁੱਜ ਗਏ। ਇਸ ਸਬੰਧੀ ਸੂਚਨਾ ਮਿਲਣ ਤੇ ਚੌਕੀ ਇੰਚਾਰਜ ਸਰਬਜੀਤ ਸਿੰਘ ਅਤੇ ਐਸ.ਐਸ.ਓ. ਥਾਣਾ ਸਦਰ ਰੂਪਨਗਰ ਰੋਹਿਤ ਸ਼ਰਮਾ ਤੁਰੰਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਬੜੀ ਮੁਸ਼ਕਲ ਨਾਲ ਪਿੰਡ ਵਾਸੀਆਂ ਨੂੰ ਸਮਝਾ ਬੁਝਾ ਕੇ ਯੂਨਿਟ ਹੈੱਡ ਸ਼ਸ਼ੀ ਭੂਸ਼ਣ ਮੁਖੀਜਾ ਤੇ ਡੀ.ਜੀ.ਐਮ.(ਐਚ.ਆਰ.) ਰਿਤੇਸ਼ ਜੈਨ ਨਾਲ ਪਿੰਡ ਵਾਸੀਆਂ ਦੀ ਮੀਟਿੰਗ ਕਰਵਾਈ।

ਮੀਟਿੰਗ ਦੌਰਾਨ ਗੁਰਦੀਪ ਸਿੰਘ ਸਰਪੰਚ,ਭੁਪਿੰਦਰ ਸਿੰਘ ਪੰਚ, ਜਸਪਾਲ ਸਿੰਘ ਪ੍ਰਧਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸਤਵੰਤ ਸਿੰਘ, ਤਰਲੋਚਨ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ ਤੇ ਸੇਵਾ ਸਿੰਘ ਆਦਿ ਨੇ ਰੋਸ ਜ਼ਾਹਿਰ ਕਰਦਿਆਂ ਹੋਇਆਂ ਦੱਸਿਆ ਕਿ ਫੈਕਟਰੀ ਦੇ ਪ੍ਰਦੂਸ਼ਣ ਨੇ ਉਨ੍ਹਾਂ ਦੇ ਪਿੰਡ ਵਾਸੀਆਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ ਅਤੇ ਪਿਛਲੇ ਲਗਭਗ ਡੇਢ ਮਹੀਨੇ ਤੋਂ ਕਲਿੰਕਰ ਦੀ ਧੂੜ ਕਾਰਨ ਉਨ੍ਹਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਜਾਪ ਰਿਹਾ ਹੈ।

ਰਾਜਸਥਾਨ ਤੋਂ ਆਉਂਦੇ ਕਲਿੰਕਰ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਭੜਕੇ ਦਬੁਰਜੀ ਪਿੰਡ ਦੇ ਲੋਕ

ਉਨ੍ਹਾਂ ਕਿਹਾ ਕਿ ਜਦੋਂ ਤੋਂ ਰਾਜਸਥਾਨ ਤੋਂ ਵੱਡੇ ਵੱਡੇ ਘੋੜੇ ਟਰਾਲਿਆਂ ਰਾਹੀਂ ਕਲਿੰਕਰ ਦੀ ਢੋਅ ਢੁਆਈ ਹੋਣ ਲੱਗੀ ਹੈ, ਉਸ ਸਮੇਂ ਤੋਂ ਪ੍ਰਦੂਸ਼ਣ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੈਕਟਰੀ ਪ੍ਰਬੰਧਕਾਂ ਨੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਫੈਕਟਰੀ ਦੇ ਗੇਟ ਅੱਗੇ ਧਰਨਾ ਦੇਣ ਲਈ ਮਜ਼ਬੂਰ ਹੋ ਜਾਣਗੇ। ਸੀਮਿੰਟ ਫੈਕਟਰੀ ਦੇ ਯੂਨਿਟ ਹੈੱਡ ਸ਼ਸ਼ੀ ਭੂਸ਼ਣ ਮੁਖੀਜਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਸਿਰਫ ਫੈਕਟਰੀ ਅੰਦਰ ਦਾਖਲ ਹੋ ਚੁੱਕੇ ਲਗਭਗ 150 ਘੋੜੇ ਟਰਾਲਿਆਂ ਦਾ ਕਲਿੰਕਰ ਹੀ ਉਤਾਰਿਆ ਜਾਵੇਗਾ ਅਤੇ ਅੱਗੋਂ ਲਈ ਘੋੜਿਆਂ ਟਰਾਲਿਆਂ ਰਾਹੀਂ ਕਲਿੰਕਰ ਦੀ ਸਪਲਾਈ ਨਹੀਂ ਮੰਗਵਾਈ ਜਾਵੇਗੀ।

ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਟਰੇਨ ਰਾਹੀਂ ਮੰਗਵਾਈ ਜਾਣ ਵਾਲੀ ਕਲਿੰਕਰ ਦੀ ਸਪਲਾਈ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਇਸ ਪ੍ਰਕਿਆ ਦੌਰਾਨ ਵੀ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਹੋਵੇ।

ਇਸ ਦੌਰਾਨ ਦੋਵਾਂ ਧਿਰਾਂ ਵਿੱਚ ਸਹਿਮਤੀ ਬਣੀ ਕਿ ਫੈਕਟਰੀ ਅੰਦਰ ਆਏ ਕਲਿੰਕਰ ਦੇ ਟਰਾ‌ਲਿਆਂ ਨੂੰ ਦੋ ਦਿਨਾਂ ਦੇ ਅੰਦਰ ਖਾਲੀ ਕਰ ਲਿਆ ਜਾਵੇ ਅਤੇ ਟਰਾਲੇ ਖਾਲੀ ਹੋਣ ਦੀ ਪ੍ਰਕਿਆ ਦੋ ਦਿਨਾਂ ਦੇ ਅੰਦਰ ਸਮਾਪਤ ਹੋ ਜਾਣ ਤੋਂ ਬਾਅਦ ਵੀ ਜੇਕਰ ਪ੍ਰਦੂਸ਼ਣ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਰਹੀਂ ਤਾਂ ਪਿੰਡ ਵਾਸੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਲਿਖਤੀ ਦਰਖਾਸਤ ਦੇਣਗੇ ਅਤੇ ਡਿਪਟੀ ਕਮਿਸ਼ਨਰ ਵੱਲੋਂ ਗਠਿਤ ਕੀਤੀ ਟੀਮ ਰਾਹੀਂ ਪਿੰਡ ਦੇ ਕੁੱਝ ਮੋਹਤਬਰਾਂ ਦੀ ਹਾਜ਼ਰੀ ਵਿੱਚ ਫੈਕਟਰੀ ਦਾ ਦੌਰਾ ਕੀਤਾ ਜਾਵੇਗਾ ਅਤੇ ਜੇਕਰ ਪਿੰਡ ਵਾਸੀਆਂ ਦੀ ਤਸੱਲੀ ਨਾ ਹੋਈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।