ਰੂਰਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ‘ਤੇ ਹੋਈ ਵਿਭਾਗ ਦੀ ਸਵੱਲੀ ਨਜ਼ਰ ; ਆਰ.ਐਮ.ਓਜ਼ ਨੇ ਤ੍ਰਿਪਤ ਬਾਜਵਾ ਦਾ ਕੀਤਾ ਧੰਨਵਾਦ

213

ਰੂਰਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ‘ਤੇ ਹੋਈ ਵਿਭਾਗ ਦੀ ਸਵੱਲੀ ਨਜ਼ਰ ; ਆਰ.ਐਮ.ਓਜ਼ ਨੇ ਤ੍ਰਿਪਤ ਬਾਜਵਾ ਦਾ ਕੀਤਾ ਧੰਨਵਾਦ

ਚੰਡੀਗੜ੍ਹ, 4 ਮਈ

ਕੋਰੋਨਾ ਦੀ ਮਹਾਮਾਰੀ ਦੌਰਾਨ ਪਿੰਡਾਂ ਤੇ ਸ਼ਹਿਰਾਂ ਵਿੱਚ ਤਨਦੇਹੀ ਨਾਲ ਦਿਨ-ਰਾਤ ਡਿਊਟੀ ਨਿਭਾਉਣ ਵਾਲੇ ਰੂਰਲ ਮੈਡੀਕਲ ਅਫਸਰਾਂ ਵੱਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸਵੱਲੀ ਨਜ਼ਰ ਹੋ ਗਈ ਹੈ, ਜਿਸਦੇ ਚਲਦਿਆਂ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਆਰ.ਐਮ.ਓਜ਼ ਨੂੰ ਤਰੱਕੀ ਦੇ ਕੇ 04-09-14 ਪ੍ਰਮੋਸ਼ਨਲ ਸਕੇਲ ਅਧੀਨ ਲਿਆਉਣ ਦੀ ਤਿਆਰੀ ਕਰ ਲਈ ਹੈ।

ਇਹ ਵਿਚਾਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਪੇਸ਼ ਕੀਤੇ ਗਏ ਅਤੇ ਕਿਹਾ ਗਿਆ ਕਿ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਨਾਲ ਜੁੜੇ ਮੈਡੀਕਲ ਅਧਿਕਾਰੀ, ਫਾਰਮਾਸਿਸਟ ਅਤੇ ਹੋਰ ਕਰਮਚਾਰੀ ਇਸ ਸੰਕਟਕਾਲੀ ਦੌਰ ਵਿਚ ਮਿਸਾਲੀ ਕੰਮ ਕਰ ਰਹੇ ਹਨ।

ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਇਨ੍ਹਾਂ ਦੀ ਸਖਤ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਪੰਜਾਬ ਸਰਕਾਰ ਆਰ.ਐਮ.ਓ. ਲਈ 4-9-14 ਸਕੇਲ ਲਾਗੂ ਕਰਨ ਲਈ ਵਿਚਾਰ ਕਰ ਰਹੀ ਹੈ। ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਮਾਮਲੇ ਦੀਆਂ ਸੰਭਾਵਨਾਵਾਂ ਨੂੰ ਘੋਖਣ ਅਤੇ ਇਸ ਦੇ ਸਾਰੇ ਪਹਿਲੂਆਂ ਨੂੰ ਗਹੁ ਨਾਲ ਵਿਚਾਰਨ ਤੋਂ ਬਾਅਦ ਡਾਇਰੈਕਟਰ ਪੇਂਡੂ ਵਿਕਾਸ ਨੂੰ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।

ਇਹ ਕਮੇਟੀ ਸੋਮਵਾਰ (4 ਮਈ) ਨੂੰ ਦੁਪਹਿਰ ਤੱਕ ਆਪਣੀ ਖਰੜਾ ਰਿਪੋਰਟ ਪੇਸ਼ ਕਰੇਗੀ ਅਤੇ ਮੰਗਲਵਾਰ (5 ਮਈ) ਦੁਪਹਿਰ ਤੱਕ ਆਪਣੀ ਅੰਤਮ ਰਿਪੋਰਟ ਪੇਸ਼ ਕਰੇਗੀ। ਇਹ ਕਮੇਟੀ ਨੂੰ ਆਰ.ਐਮ.ਓ. ਦੇ 4-9-14 ਦੇ ਤਨਖਾਹ ਸਕੇਲ ਦੇ ਲਾਗੂ ਕਰਨ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਫੈਸਲੇ ‘ਤੇ ਰੂਰਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਸਲਮ ਪਰਵੇਜ਼ ਨੇ ਮੰਤਰੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਤੋਂ 4-9-14 ਸਕੇਲਾਂ ਦੀ ਮੰਗ ਨੂੰ ਲੈ ਕੇ ਆਰ.ਐਮ.ਓ. ਸੰਘਰਸ਼ਸ਼ੀਲ ਸਨ ਪਰ ਕਰੋਨਾ ਸੰਕਟ ਦੇ ਆਉਣ ਕਰਕੇ ਰੂਰਲ ਡਿਵੈਲਪਮੈਂਟ ਆਫਿਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਏ.ਐਸ. ਭੁੱਲਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਵਿੰਦਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੀਟਿੰਗ ਕੀਤੀ ਗਈ ਅਤੇ ਰੂਰਲ ਮੈਡੀਕਲ ਅਫਸਰਾਂ ਵਲੋਂ ਇਸ ਸੰਕਟ ਦੌਰਾਨ ਪਾਏ ਜਾ ਰਹੇ ਯੋਗਦਾਨ ਨੂੰ ਪੇਸ਼ ਕੀਤਾ ਗਿਆ।

ਮਹਿਕਮੇ ਵਿੱਚ ਰੂਰਲ ਮੈਡੀਕਲ ਅਫ਼ਸਰਾਂ ਵੱਲੋਂ ਕਰੋਨਾ ਵਾਇਰਸ ਦੀ ਬੀਮਾਰੀ ਦੌਰਾਨ ਪਿੰਡਾਂ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਵਿੱਚ ਵੀ ਫਰੰਟ ਲਾਈਨ ਤੇ ਰਹਿ ਕੇ  ਦਿਨ ਰਾਤ ਕੰਮ ਕਰਨ, ਭਾਵੇਂ ਉਹ ਰੈਪਿਡ ਰਿਸਪਾਂਸ ਟੀਮਾਂ ਹੋਣ, ਭਾਵੇਂ ਆਈਸੋਲੇਸ਼ਨ ਵਾਰਡਾਂ ਵਿੱਚ, ਕੁਆਰਨਟਾਈਨ ਸੈਂਟਰਾਂ ਵਿੱਚ, ਜਾਂ ਫਿਰ ਪਿੰਡਾਂ ਵਿੱਚ ਵੱਖ ਵੱਖ ਸੂਬਿਆਂ ਤੋਂ ਆਏ ਕੰਬਾਈਨ ਵਰਕਰਾਂ ਦੇ ਕੁਆਰਨਟਾਈਨ ਅਤੇ ਸਬ ਡਵੀਜ਼ਨਾਂ ਵਿੱਚ ਲੱਗੇ ਸਾਰੇ ਐਸ.ਡੀ.ਐਮ ਨਾਲ ਐਮਰਜੈਂਸੀ ਹੈਲਪਲਾਈਨ ਸੰਭਾਲਣ ਲਈ ਕੀਤੇ ਜਾ ਰਹੇ ਕੰਮਾਂ ਦੀ ਖੂਬ ਸ਼ਲਾਘਾ ਹੋ ਰਹੀ ਹੈ।

ਰੂਰਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ 'ਤੇ ਹੋਈ ਵਿਭਾਗ ਦੀ ਸਵੱਲੀ ਨਜ਼ਰ ; ਆਰ.ਐਮ.ਓਜ਼ ਨੇ ਤ੍ਰਿਪਤ ਬਾਜਵਾ ਦਾ ਕੀਤਾ ਧੰਨਵਾਦ

ਰੂਰਲ ਡਿਵੈਲਪਮੈਂਟ ਆਫਿਸਰ ਐਸੋਸੀਏਸ਼ਨ ਨੇ ਚੰਡੀਗੜ੍ਹ ਵਿਚ ਹੋਈ ਇਸ ਮੀਟਿੰਗ ਵਿਚ ਇਕੋ ਹੀ ਮੁੱਦਾ ਰੱਖਿਆ ਸੀ ਜੋ ਕਿ ਰੂਰਲ ਮੈਡੀਕਲ ਅਫਸਰਾਂ ਦੀ ਹੌਂਸਲਾ ਅਫਜਾਈ ਲਈ 4-9-14 (ਡੀ.ਏ.ਸੀ.ਪੀ.) ਲਾਗੂ ਕਰਨਾ ਜ਼ਰੂਰੀ ਸਮਝਿਆ ਗਿਆ। ਜ਼ਿਕਰਯੋਗ ਹੈ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਕੰਮ ਕਰਦੇ ਰੂਰਲ ਮੈਡੀਕਲ ਅਫਸਰਾਂ ਦੇ ਕੰਮ ਦੇ ਚਰਚੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਹੋ ਰਹੇ ਹਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਮੈਗਜ਼ੀਨ ਟਾਈਮ ਨੇ ਵੀ ਰਿਪੋਰਟ ਪੇਸ਼ ਕੀਤੀ ਹੈ।

ਗੌਰਤਲਬ ਹੈ ਕਿ ਇਨ੍ਹਾਂ ਰੂਰਲ ਮੈਡੀਕਲ ਅਫ਼ਸਰਾਂ ਦੀ  ਨਿਯੁਕਤੀ ਸਾਲ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਠੇਕੇ ਤੇ ਕੀਤੀ ਗਈ ਸੀ ਫਿਰ ਬਾਅਦ ਵਿੱਚ ਇਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਸਾਲ 2011 ਵਿੱਚ ਬਾਦਲ ਸਰਕਾਰ ਵੱਲੋਂ ਰੈਗੂਲਰ ਕਰ ਦਿੱਤਾ ਗਿਆ ਸੀ ।

ਸਾਲ 2006 ਤੋਂ ਲੈ ਕੇ ਹੁਣ ਤੱਕ ਇਹ ਡਾਕਟਰ ਸਮੁੱਚੇ ਪੰਜਾਬ ਦੇ ਦੂਰ ਦੁਰਾਡੇ ਪੇਂਡੂ ਖੇਤਰਾਂ ਵਿੱਚ ਲਗਾਤਾਰ ਤਨਦੇਹੀ ਨਾਲ ਆਪਣੀ ਸੇਵਾਵਾਂ ਨਿਭਾ ਰਹੇ ਹਨ । ਇਨ੍ਹਾਂ ਡਾਕਟਰਾਂ ਦੀ ਜਥੇਬੰਦੀ ਵਲੋਂ ਪੋਸਟਗ੍ਰੈਜੂਏਸ਼ਨ ਕੋਰਸਾਂ ਵਿੱਚ ਦਾਖ਼ਲੇ ਲਈ ਪੇਂਡੂ ਖੇਤਰਾਂ ਵਿੱਚ ਕੀਤੀ ਜਾਂਦੀ ਰੂਰਲ ਸਰਵਿਸ ਦਾ ਲਾਭ ਅਤੇ  4-9-14 ਪ੍ਰਮੋਸ਼ਨ ਸਕੇਲ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸੀ।

ਰੂਰਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੂਬਾ ਸਪੋਕਸਮੈਨ ਡਾ. ਰਾਜੇਸ਼ ਸ਼ਰਮਾ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਰੂਰਲ ਡਿਵੈਲਪਮੈਂਟ ਆਫਿਸਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਰੂਰਲ ਮੈਡੀਕਲ ਅਫਸਰ ਵਚਨਬੱਧ ਹੋ ਕੇ ਕਰੋਨਾ ਸੰਕਟ ਵਿਚ ਸੇਵਾਵਾਂ ਨਿਭਾ ਰਹੇ ਹਨ ਅਤੇ ਸਰਕਾਰ ਉਨ੍ਹਾਂ ਦਾ 4-9-14 ਸਕੇਲ ਦੇ ਕੇ ਹੌਂਸਲਾ ਵਧਾ ਸਕਦੀ ਹੈ।