ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ 4 ਦੋਸ਼ੀ ਗ੍ਰਿਫਤਾਰ- ਐਸ.ਐਸ.ਪੀ ਰੂਪਨਗਰ

412

ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ 4 ਦੋਸ਼ੀ ਗ੍ਰਿਫਤਾਰ- ਐਸ.ਐਸ.ਪੀ ਰੂਪਨਗਰ

ਬਹਾਦਰਜੀਤ ਸਿੰਘ/  ਰੂਪਨਗਰ, 28 ਨਵੰਬਰ, 2022

ਜ਼ਿਲ੍ਹਾ ਪੁਲਿਸ ਵਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ 4 ਦੋਸ਼ੀਆਂ ਨੂੰ 3 ਪਿਸਟਲ, 1 ਮੈਗਜ਼ੀਨ ਤੇ 22 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ 1 ਦੋਸ਼ੀ ਮੌਕੇ ਉਤੇ ਭੱਜਣ ਵਿੱਚ ਕਾਮਯਾਬ ਰਿਹਾ।

ਐਸ.ਐਸ.ਪੀ ਰੂਪਨਗਰ ਵਿਵੇਕ ਐਸ. ਸੋਨੀ, ਆਈ.ਪੀ.ਐਸ. ਵਲੋਂ ਪ੍ਰੈੱਸ ਕਾਨਫਰੈਂਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁੱਖ ਮੰਤਰੀ, ਪੰਜਾਬ  ਭਗਵੰਤ ਸਿੰਘ ਮਾਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਪੁਲਿਸ ਟੀਮਾਂ ਵਲੋਂ ਗੈਂਗਸਟਰਾਂ ਅਤੇ ਨਸ਼ਾ ਤਸ਼ਕਰਾਂ ਖਿਲਾਫ ਵਿਸ਼ੇਸ਼ ਟੀਮਾਂ ਬਣਾ ਕੇ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਕਪਤਾਨ ਪੁਲਿਸ (ਡਿਟੈਕਟਿਵ) ਮਨਵਿੰਦਰਵੀਰ ਸਿੰਘ ਅਤੇ ਉਪ-ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ  ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ 26 ਨਵੰਬਰ ਨੂੰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ਨੇ ਦੋਸ਼ੀਅਨ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ, ਸਤਵੀਰ ਸਿੰਘ  ਸ਼ੰਮੀ ਅਤੇ ਬੇਅੰਤ ਸਿੰਘ ਨੂੰ 03 ਪਿਸਤੌਲਾਂ ਸਮੇਤ 22 ਕਾਰਤੂਸ, ਇੱਕ ਕ੍ਰਿਪਾਨ ਅਤੇ 12 ਲੋਹੇ ਦੀਆਂ ਰਾਡਾਂ ਸਮੇਤ ਕਾਬੂ ਕੀਤਾ ਗਿਆ।

ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ 4 ਦੋਸ਼ੀ ਗ੍ਰਿਫਤਾਰ- ਐਸ.ਐਸ.ਪੀ ਰੂਪਨਗਰ

ਵਿਵੇਕ ਐਸ ਸੋਨੀ ਨੇ ਅੱਗੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੈਂਗ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਸੀ ਜਿਸ ਦੀ ਸੂਚਨਾ ਮਿਲਦੇ ਉਪਰੰਤ ਪੁਲਿਸ ਟੀਮਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।

ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ  ਟਿੰਕਾ ਅਤੇ ਸਤਵੀਰ ਸਿੰਘ ਸ਼ੰਮੀ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 128 ਮਿਤੀ 06.10.2022 ਅ/ਧ 307, 148, 149 ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਣਾ ਕੂੰਮ-ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਦਰਜ ਹੈ, ਜਿਸ ਵਿੱਚ ਇਹ ਦੋਸ਼ੀ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਏ ਸਨ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਇਸ ਸਬੰਧੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਪਾਸੋਂ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ।