ਲੱਖਾ ਸਿਧਾਣਾ ਦੇ ਨਾਂ ’ਤੇ ਜ਼ਮੀਨ ਹੜੱਪਣ ਲਈ ਧਮਕੀਆਂ ਦੇਣ ਦਾ ਦੋਸ਼; ਪਟਿਆਲਾ ਪੁਲਿਸ ’ਤੇ ਵੀ ਲਾਏ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼
ਪਟਿਆਲਾ, 23 ਜੂਨ,2023:
ਪਟਿਆਲਾ ਜ਼ਿਲ੍ਹੇ ਦੇ ਪਿੰਡ ਸਵਾਜਪੁਰ ਦੇ ਵਸਨੀਕ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਵੱਲੋਂ ਵੇਚੀ ਆਪਣੀ ਪੁਸ਼ਤੈਨੀ ਜ਼ਮੀਨ ਨੂੰ ਹਥਿਆਉਣ ਲਈ ਲੱਖਾ ਸਿਧਾਣਾ ਦੇ ਨਾਂ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਹਨਾਂ ਦੇ ਆਪਣੇ ਸ਼ਰੀਕ ਹੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸਦੀਆਂ ਸ਼ਿਕਾਇਤਾਂ ਪੁਲਿਸ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਹਿੱਸੇ ਦੀ ਸਾਢੇ 8 ਬੀਘੇ ਜ਼ਮੀਨ ਨੂੰ ਨਵਤੇਜ ਸਿੰਘ ਗਿੱਲ ਨੂੰ ਵੇਚ ਦਿੱਤੀ ਹੈ। ਉਹਨਾਂ ਦੱਸਿਆ ਕਿ ਹੁਣ ਸਾਡੇ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਸ ਜ਼ਮੀਨ ਦੇ ਪੈਸੇ ਲੈ ਕੇ ਇਹ ਜ਼ਮੀਨ ਸਾਡੇ ਹੀ ਰਿਸ਼ਤੇਦਾਰ ਚਰਨ ਸਿੰਘ ਦੇ ਪੁੱਤਰਾਂ ਨੂੰ ਵੇਚੀ ਜਾਵੇ। ਉਹਨਾਂ ਦੱਸਿਆ ਕਿ ਜਸਵੰਤ ਸਿੰਘ ਨਾਂ ਦੇ ਇਕ ਵਿਅਕਤੀ ਨੇ ਲੱਖਾ ਸਿਧਾਣਾ ਦੇ ਨਾਲ ਹੀ ਰਹਿਣ ਦਾ ਦਾਅਵਾ ਕਰ ਕੇ ਉਹਨਾਂ ਨੂੰ ਫੋਨ ਕੀਤਾ ਤੇ ਜ਼ਮੀਨ ਸਾਡੇ ਰਿਸ਼ਤੇਦਾਰਾਂ ਨੂੰ ਦੇਣ ਵਾਸਤੇ ਕਿਹਾ। ਉਹਨਾਂ ਦੱਸਿਆ ਕਿ ਅਸੀਂ ਜਦੋਂ ਇਸ ਬਾਬਤ ਲੱਖਾ ਸਿਧਾਣਾ ਦੇ ਕਰੀਬੀਆਂ ਕੋਲ ਪਹੁੰਚ ਕੀਤੀ ਤਾਂ ਉਹਨਾਂ ਇਸਦਾ ਖੰਡਨ ਕੀਤਾ ਕਿ ਸਾਡੇ ਨਾਲ ਜਸਵੰਤ ਸਿੰਘ ਨਾਂ ਦਾ ਕੋਈ ਵਿਅਕਤੀ ਨਹੀਂ ਹੁੰਦਾ।
ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਜ਼ਮੀਨ ਦੀ ਗਿਰਦਾਵਰੀ ਵੀ ਨਵਤੇਜ ਸਿੰਘ ਗਿੱਲ ਦੇ ਨਾਂ ਚੜ੍ਹ ਚੁੱਕੀ ਹੈ ਤੇ ਪਿਛਲੀ ਕਣਕ ਦੀ ਫਸਲ ਵੀ ਉਹਨਾਂ ਪੁਲਿਸ ਸੁਰੱਖਿਆ ਲੈ ਕੇ ਵੱਢੀ ਸੀ। ਉਹਨਾਂ ਦੱਸਿਆ ਕਿ ਹੁਣ ਵਿਰੋਧੀਆਂ ਨੇ ਜ਼ਮੀਨ ’ਤੇ ਇਕ ਨਿਹੰਗ ਸਿੰਘ ਬਿਠਾ ਦਿੱਤਾ ਹੈ ਜੋ ਨੰਗੀ ਕ੍ਰਿਪਾਨ ਲੈ ਕੇ ਬੈਠਾ ਹੈ ਤੇ ਸਾਨੂੰ ਜ਼ਮੀਨ ਵਿਚ ਜਾਣ ਤੋਂ ਰੋਕ ਰਿਹਾ ਹੈ। ਇਸ ਮੌਕੇ ਨਵਤੇਜ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੇ ਸਵਾਜਪੁਰ ਵਿਚ 57 ਬੀਘੇ ਜ਼ਮੀਨ ਖਰੀਦੀ ਹੈ ਤੇ ਇਹ ਸਾਢੇ 8 ਬੀਘੇ ਉਹਨਾਂ ਦੀ ਪਹਿਲਾਂ ਲਈ ਜ਼ਮੀਨ ਦੇ ਨਾਲ ਲੱਗਦੀ ਹੈ।
ਉਹਨਾਂ ਦੱਸਿਆ ਕਿ ਵਿਰੋਧੀਆਂ ਨੇ ਉਹਨਾਂ ਵੱਲੋਂ ਲਗਾਈ ਵਾੜ ਤੇ ਤਾਰਾਂ 16 ਜੂਨ ਨੂੰ ਪੱਟ ਲਏ ਤੇ ਕਮਰੇ ਵਿਚੋਂ ਸਟਾਰਟਰ ਵੀ ਲਾਹ ਕੇ ਲੈ ਗਏ ਜਿਸਦੀ ਸ਼ਿਕਾਇਤ ਉਹਨਾਂ ਪੁਲਿਸ ਥਾਣਾ ਪਸਿਆਣਾ ਨੂੰ ਦਿੱਤੀ ਹੈ ਪਰ ਹਾਲੇ ਤੱਕ ਪਰਚਾ ਨਹੀਂ ਹੋਇਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸ਼ਰੀਕਾਂ ਨੇ ਜ਼ਮੀਨ ਵਿਚ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕੇਸ ਵਿਚ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਉਹ ਜ਼ਮਾਨਤ ’ਦੇ ਬਾਹਰ ਹਨ। ਉਹਨਾਂ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਦੇ ਅੱਗੇ ਸਹੁਰਾ ਪਰਿਵਾਰ ਵੀ ਬਹੁਤ ਅਸਰ ਰਸੂਖ ਵਾਲਾ ਹੈ ਜੋ ਉਹਨਾਂ ਦੀ ਮਦਦ ਕਰ ਰਿਹਾ ਹੈ ਤੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਦੂਜੀ ਧਿਰ ਦਾ ਪੱਖ
ਇਸ ਮਾਮਲੇ ਵਿਚ ਜਦੋਂ ਦਵਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਇਸ ਜ਼ਮੀਨ ’ਤੇ ਸਾਡੇ ਹੱਕ ਵਿਚ ਸਟੇਅ ਲੱਗੀ ਹੋਈ ਹੈ। ਉਹਨਾਂ ਦੱਸਿਆ ਕਿ ਅਸਲ ਵਿਚ ਨਵਤੇਜ ਸਿੰਘ ਨੇ ਜੋ ਜ਼ਮੀਨ ਖਰੀਦੀ ਹੈ, ਉਸਦਾ ਖੇਵਟ ਨੰਬਰ ਵੱਖਰਾ ਹੈ ਤੇ ਉਹ ਇਹ ਜ਼ਮੀਨ ਇਸ ਕਰ ਕੇ ਹਥਿਆਉਣਾ ਚਾਹੁੰਦਾ ਹੈ ਕਿਉਂਕਿ ਇਹ ਜ਼ਮੀਨ ਉਸਦੀ ਜ਼ਮੀਨ ਦੇ ਨਾਲ ਲੱਗਦੀ ਹੈ ਜਦੋਂ ਕਿ ਨਿਯਮ ਮੁਤਾਬਕ ਉਸਨੇ ਜਿਹੜੀ ਖੇਵਟ ਦੀ ਜ਼ਮੀਨ ਖਰੀਦੀ ਹੈ, ਉਸੇ ਜ਼ਮੀਨ ’ਤੇ ਕਬਜ਼ਾ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਅੱਜ ਵੀ ਨਵਤੇਜ ਸਿੰਘ ਹੋਰਾਂ ਨੇ ਸਾਡੇ ਨੌਕਰ ਦੀ ਕੁੱਟਮਾਰ ਕੀਤੀ ਹੈ ਤੇ ਸਾਡਾ ਟਰੈਕਟਰ ਖੋਹ ਕੇ ਲੈ ਗਏ ਹਨ ਜਿਸਦੀ ਆਨਲਾਈਨ ਸ਼ਿਕਾਇਤ ਅਸੀਂ ਪੁਲਿਸ ਨੂੰ ਕੀਤੀ ਹੈ।