ਵਿਦਿਆਰਥੀਆਂ ਦੇ ਹਿਤਾਂ ਨੂੰ ਮੁੱਖ ਰਖਦਿਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਨਵੋਕੇਸ਼ਨ ਲਈ ਲਿਆ ਗਿਆ ਵੱਡਾ ਫੈਸਲਾ

644

ਵਿਦਿਆਰਥੀਆਂ ਦੇ ਹਿਤਾਂ ਨੂੰ ਮੁੱਖ ਰਖਦਿਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਨਵੋਕੇਸ਼ਨ ਲਈ ਲਿਆ ਗਿਆ ਵੱਡਾ ਫੈਸਲਾ

ਪਟਿਆਲਾ/ 30-11-2021

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੇ 2015 ਤੋਂ 2020 ਤੱਕ ਡਿਗਰੀ ਪ੍ਰਾਪਤ ਕਰ ਚੁੱਕੇ ਖੋਜਾਰਥੀਆਂ ਨੂੰ ਕਾਨਵੋਕੇਸ਼ਨ ਰਾਹੀਂ ਡਿਗਰੀ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਿਛਲੇ ਛੇ ਸਾਲਾਂ ਤੋਂ ਕਾਨਵੋਕੇਸ਼ਨ ਦਾ ਆਯੋਜਨ ਨਾ ਹੋਣ ਕਾਰਨ ਇਸ ਸਮੇਂ ਦਰਮਿਆਨ ਪੀ-ਐੱਚ.ਡੀ. ਕਰ ਚੁੱਕੇ ਵਿਦਿਆਰਥੀ ਚਾਂਸਲਰ ਜਾਂ ਵਾਈਸ ਚਾਂਸਲਰ ਤੋਂ ਰਸਮੀ ਰੂਪ ਵਿੱਚ ਡਿਗਰੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਸਨ। ਇਨ੍ਹਾਂ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਹੁਣ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੀ 39ਵੀਂ ਕਾਨਵੋਕੇਸ਼ਨ ਲਗਾਤਾਰ ਦੋ ਦਿਨ ਭਾਵ 9 ਅਤੇ 10 ਦਸੰਬਰ 2021 ਨੂੰ ਆਯੋਜਿਤ ਕਰਵਾਈ ਜਾ ਰਹੀ ਹੈ। ਗੁਰੂ ਤੇਗ ਬਹਾਦਰ ਹਾੱਲ ਦੀ ਬੈਠਣ ਸੰਬੰਧੀ ਸਮਰਥਾ ਅਨੁਸਾਰ ਇੱਕ ਦਿਨ ਦੀ ਕਾਨਵੋਕੇਸ਼ਨ ਵਿੱਚ ਸਾਰੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕਰਨਾ ਸੰਭਵ ਨਹੀਂ ਸੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਬੋਲਦਿਆਂ ਕਿਹਾ ਗਿਆ ਕਿ ਜੇਕਰ ਏਨੇ ਸਾਲ ਪੰਜਾਬੀ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਨਹੀਂ ਹੋ ਸਕੀ ਤਾਂ ਇਸ ਵਿੱਚ ਵਿਦਿਆਰਥੀਆਂ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰੇਕ ਖੋਜਾਰਥੀ ਆਪਣੀ ਇਹ ਵੱਕਾਰੀ ਅਕਾਦਮਿਕ ਡਿਗਰੀ ਰਸਮੀ ਰੂਪ ਵਿਚ ਹੀ ਹਾਸਿਲ ਕਰਨੀ ਚਾਹੁੰਦਾ ਹੈ। ਖੋਜਾਰਥੀਆਂ ਦੇ ਅਜਿਹੇ ਹਿਤਾਂ ਦੇ ਧਿਆਨ ਵਿਚ ਰਖਦਿਆਂ ਹੀ ਇਹ ਫ਼ੈਸਲਾ ਲਿਆ ਗਿਆ ਹੈ।
ਯੂਨੀਵਰਸਿਟੀ ਦੇ ਇਸ ਫ਼ੈਸਲੇ ਬਾਰੇ ਵੱਖ-ਵੱਖ ਵਿਦਿਆਰਥੀਆਂ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ ਹੈ। ਸੋਸ਼ਲ ਮੀਡੀਆ ਉੱਪਰ ਵਿਦਿਆਰਥੀਆਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਰਾਹਤ ਭਰਿਆ ਫ਼ੈਸਲਾ ਦੱਸਿਆ ਜਾ ਰਿਹਾ ਹੈ।

ਕੰਟਰੋਲਰ ਪ੍ਰੀਖਿਆਵਾਂ ਡਾ. ਏ. ਕੇ. ਤਿਵਾੜੀ (https://we.tl/t-e00HhurRi2)ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਜਿਹੜੇ ਖੋਜਾਰਥੀਆਂ ਨੇ ਸਾਲ 2015 ਤੋਂ 2020 ਤਕ ਪੀ-ਐੱਚ.ਡੀ. ਡਿਗਰੀ ਹਾਸਲ ਕੀਤੀ ਹੈ ਉਨ੍ਹਾਂ ਲਈ ਪੀ-ਐੱਚ.ਡੀ. ਡਿਗਰੀ ਵੰਡ ਸਮਾਰੋਹ ਮਿਤੀ 10 ਦਸੰਬਰ 2021 ਨੂੰ ਆਯੋਜਿਤ ਕੀਤਾ ਜਾਵੇਗਾ।

ਵਿਦਿਆਰਥੀਆਂ ਦੇ ਹਿਤਾਂ ਨੂੰ ਮੁੱਖ ਰਖਦਿਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਨਵੋਕੇਸ਼ਨ ਲਈ ਲਿਆ ਗਿਆ ਵੱਡਾ ਫੈਸਲਾ
Punjabi University

ਇਸ ਸੰਬੰਧੀ ਹੋਰ ਵੇਰਵਿਆਂ ਅਨੁਸਾਰ ਜਿਹੜੇ ਖੋਜਾਰਥੀ ਸਿੱਧੇ ਤੌਰ `ਤੇ ਪ੍ਰੀਖਿਆ ਸ਼ਾਖਾ ਤੋਂ ਡਿਗਰੀ-ਇਨ-ਐਬਸੈਂਸ਼ੀਆ ਪ੍ਰਾਪਤ ਕਰ ਚੁੱਕੇ ਹਨ ਉਹ ਖੋਜਾਰਥੀ ਪ੍ਰਬੰਧਕੀ ਬਲਾਕ ਨੰ. 01 (ਪੁਰਾਣੀ ਬਿਲਿਡਿੰਗ-ਪ੍ਰੀਖਿਆ ਸ਼ਾਖਾ) ਦੀ ਜ਼ਮੀਨੀ ਮੰਜਿ਼ਲ ਤੇ ਬਣਾਏ ਗਏ ਨੋਡਲ ਸੈਂਟਰ ਵਿਖੇ ਮਿਤੀ 03-12-2021 ਨੂੰ ਸ਼ਾਮ ਦੇ 4:00 ਵਜੇ ਤੱਕ ਹਰ ਹਾਲਤ ਵਿੱਚ ਆਪਣੀ ਪੀ-ਐੱਚ.ਡੀ. ਡਿਗਰੀ ਨੂੰ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣਗੇ। ਦੇਰੀ ਨਾਲ ਆਉਣ ਵਾਲੇ ਖੋਜਾਰਥੀ ਨੂੰ ਅਟੈਂਡ ਨਹੀਂ ਕੀਤਾ ਜਾਵੇਗਾ।

ਇਸੇ ਤਰ੍ਹਾਂ ਜਿਹੜੇ ਖੋਜਾਰਥੀਆਂ ਦੀਆਂ ਡਿਗਰੀਆਂ ਵੱਖ-ਵੱਖ ਵਿਭਾਗਾਂ ਵਿੱਚ ਉਪਲਬਧ ਪਈਆਂ ਹਨ ਉਹ ਖੋਜਾਰਥੀ ਨਿੱਜੀ ਤੌਰ `ਤੇ ਆਪਣੇ ਸੰਬੰਧਤ ਵਿਭਾਗ ਤੋਂ ਡਿਗਰੀ ਪ੍ਰਾਪਤ ਕਰਨਗੇ ਅਤੇ ਉਹ ਪ੍ਰਬੰਧਕੀ ਬਲਾਕ ਨੰ. 01 (ਪ੍ਰੀਖਿਆ ਸ਼ਾਖਾ) ਦੀ ਜ਼ਮੀਨੀ ਮੰਜਿ਼ਲ ਤੇ ਬਣਾਏ ਗਏ ਇਸ ਨੋਡਲ ਸੈਂਟਰ ਵਿਖੇ ਮਿਤੀ 03-12-2021 ਨੂੰ ਸ਼ਾਮ ਦੇ 4:00 ਵਜੇ ਤੱਕ ਹੀ ਹਰ ਹਾਲਤ ਵਿਚ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣਗੇ। ਦੇਰੀ ਨਾਲ ਆਉਣ ਵਾਲੇ ਅਜਿਹੇ ਖੋਜਾਰਥੀ ਨੂੰ ਵੀ ਅਟੈਂਡ ਨਹੀਂ ਕੀਤਾ ਜਾਵੇਗਾ।

ਵਿਦਿਆਰਥੀਆਂ ਦੇ ਹਿਤਾਂ ਨੂੰ ਮੁੱਖ ਰਖਦਿਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਨਵੋਕੇਸ਼ਨ ਲਈ ਲਿਆ ਗਿਆ ਵੱਡਾ ਫੈਸਲਾ  I ਇਨ੍ਹਾਂ ਖੋਜਾਰਥੀਆਂ ਦੀ ਕਾਨਵੋਕੇਸ਼ਨ ਰਿਹਰਸਲ ਮਿਤੀ 10 ਦਸੰਬਰ (ਸ਼ੁੱਕਰਵਾਰ) 2021 ਨੂੰ ਸਵੇਰੇ 9:00 ਵਜੇ ਗੁਰੂ ਤੇਗ ਬਹਾਦਰ ਹਾਲ ਵਿਖੇ ਹੋਵੇਗੀ। ਡਿਗਰੀ ਵੰਡ ਸਮਾਰੋਹ ਇਸੇ ਹਾਲ ਵਿੱਚ ਬਾਅਦ ਦੁਪਹਿਰ 1:30 ਵਜੇ ਆਯੋਜਿਤ ਕੀਤਾ ਜਾਵੇਗਾ।