ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ, ਸੈਮੀਨਾਰ ਕਰਵਾਏ ਗਏ
ਪਟਿਆਲਾ/ ਅਕਤੂਬਰ 10,2023
ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਦੋ ਅਹਿਮ ਪ੍ਰੋਗਰਾਮ ਕਰਵਾਏ ਗਏ। ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿੱਚ ਉੱਘੇ ਮਨੋ ਵਿਸ਼ਲੇਸ਼ਕ ਪ੍ਰੋ. ਅਨਿਰੁਧ ਕਾਲਾ ਤੋਂ ਇਲਾਵਾ ਪੀ.ਜੀ.ਆਈ. ਤੋਂ ਸਾਬਕਾ ਪ੍ਰੋਫ਼ੈਸਰ ਪ੍ਰਭਜੋਤ ਮੱਲ੍ਹੀ ਅਤੇ ਚੜ੍ਹਦੀਕਲਾ ਟਾਈਮ ਟੀਵੀ ਤੋਂ ਡਾ. ਇੰਦਰਪ੍ਰੀਤ ਦਰਦੀ ਨੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰੋ. ਅਨਿਰੁਧ ਕਾਲਾ ਨੇ ਤਣਾਅ, ਸਦਮਾ, ਦਬਾਅ ਅਤੇ ਹੋਰ ਮਾਨਸਿਕ ਰੋਗਾਂ ਬਾਰੇ ਆਪਣੇ ਅਨੁਭਵ ਅਧਾਰਿਤ ਵਿਚਾਰ ਪੇਸ਼ ਕਰਦਿਆਂ ਇਨ੍ਹਾਂ ਸਮੱਸਿਆਵਾਂ ਦੀ ਪਛਾਣ, ਇਲਾਜ ਅਤੇ ਸੁਝਾਵਾਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਅਕਸਰ ਇਨ੍ਹਾਂ ਮਾਨਸਿਕ ਰੋਗਾਂ ਬਾਰੇ ਗ਼ਲਤ ਧਾਰਨਾਵਾਂ ਪ੍ਰਚੱਲਿਤ ਹਨ ਜੋ ਇਨ੍ਹਾਂ ਦੇ ਖਾਤਮੇ ਦੀ ਬਜਾਇ ਉਲਟਾ ਹੋਰ ਵਧੇਰੇ ਗੁੰਝਲ਼ਦਾਰ ਸਥਿਤੀ ਪੈਦਾ ਕਰਨ ਦਾ ਕਾਰਨ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਨਸਿਕ ਸਮੱਸਿਆਵਾਂ ਨੂੰ ਗੰਭੀਰਤਾ ਅਤੇ ਸਮਝਦਾਰੀ ਨਾਲ਼ ਸਮਝਣ ਦੀ ਲੋੜ ਹੈ।
ਪ੍ਰੋ. ਅਨਿਰੁਧ ਕਾਲਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਾਨਸਿਕ ਸਿਹਤ ਦੇ ਮੁੱਦਿਆਂ ਤੱਕ ਪਹੁੰਚ ਅਤੇ ਸਮੇਂ ਇਸ ਮਾਮਲੇ ਵਿੱਚ ਦਖ਼ਲ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਗਰੂਕਤਾ ਮੁੱਖ ਭੂਮਿਕਾ ਨਿਭਾਉਂਦੀ ਹੈ। ਪ੍ਰੋ. ਕਾਲਾ ਨੇ ਇਸ ਮੌਕੇ ‘ਟੈਲੀਮਾਨਸ’ ਸੁਵਿਧਾ ਬਾਰੇ ਦੱਸਿਆ, ਜੋ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਟੈਲੀਫੋਨ ਕਾਉਂਸਲਿੰਗ ਸੇਵਾ ਹੈ। ਉਨ੍ਹਾਂ ਵੱਖ-ਵੱਖ ਕਾਰਕਾਂ ਵੱਲ ਇਸ਼ਾਰਾ ਕੀਤਾ ਜੋ ਮਾਨਸਿਕ ਸਿਹਤ ਸਮੱਸਿਆਵਾਂ ਦੇ ਪ੍ਰਗਟਾਵੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਮਾਨਸਿਕ ਸਿਹਤ ਵਿੱਚ ਬਚਪਨ ਦੇ ਸਦਮੇ ਦੀ ਭੂਮਿਕਾ ਬਾਰੇ ਗੱਲ ਕੀਤੀ।
ਪ੍ਰੋ. ਪ੍ਰਭਜੋਤ ਕੌਰ ਨੇ ਮਾਨਸਿਕ ਸਿਹਤ ਨਾਲ਼ ਸੰਬੰਧਤ ਵੱਖ-ਵੱਖ ਸਮੱਸਿਆਵਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਸਿਹਤਮੰਦ ਮਾਨਸਿਕ ਸਥਿਤੀ ਲਈ 50 ਫ਼ੀਸਦੀ ਕਾਰਨ ਜੈਵਿਕ ਅਤੇ 10 ਫ਼ੀਸਦੀ ਕਾਰਨ ਇਰਦ ਗਿਰਦ ਦਾ ਮਾਹੌਲ ਹੁੰਦਾ ਹੈ ਜਦੋਂ ਕਿ ਬਾਕੀ 40 ਫ਼ੀਸਦੀ ਉਹ ਸਭ ਜਿ਼ੰਮੇਵਾਰ ਹੁੰਦਾ ਹੈ ਜੋ ਕਿ ਅਸੀਂ ਕਰਦੇ ਹਾਂ। ਭਾਵ ਸਾਡੇ ਵਿਚਰਣ ਅਤੇ ਕੰਮ ਦਾ ਮਾਨਸਿਕ ਸਿਹਤ ਉੱਤੇ ਗਹਿਰਾ ਅਸਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਾਰਵਰਡ ਯੂਨੀਵਰਸਿਟੀ ਵੱਲੋਂ 724 ਲੋਕਾਂ ਨੂੰ ਅਧਾਰ ਬਣਾ ਕੇ 80 ਸਾਲ ਲੰਬੇ ਸਮੇਂ ਦੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸਾਡੇ ਮਨ ਦੀ ਅਸਲ ਖੁਸ਼ੀ ਲਈ ਰਿਸ਼ਤਿਆਂ ਵਿੱਚ ਪਕੇਰੀ ਸਾਂਝ ਦਾ ਬਹੁਤ ਹੀ ਅਹਿਮ ਯੋਗਦਾਨ ਹੁੰਦਾ ਹੈ। ਧਨਵਾਨ ਹੋਣਾ ਜਾਂ ਸਾਧਨ ਸੰਪੰਨ ਹੋਣਾ ਮਨ ਦੀ ਖੁਸ਼ੀ ਲਈ ਓਨਾ ਮਹੱਤਵ ਨਹੀਂ ਰਖਦਾ।
ਡਾ. ਇੰਦਰਪ੍ਰੀਤ ਦਰਦੀ ਨੇ ਦੱਸਿਆ ਕਿ ਨਾਕਾਰਾਤਮਕ ਖਿ਼ਆਲਾਂ ਦੀ ਵਜ੍ਹਾ ਨਾਲ਼ ਪੈਦਾ ਹੋਣ ਵਾਲਾ ਮਾਨਸਿਕ ਦਬਾਅ ਜਿੱਥੇ ਇੱਕ ਪਾਸੇ ਖਰਾਬ ਮਾਨਿਸਕ ਸਿਹਤ ਦਾ ਕਾਰਨ ਬਣਦਾ ਹੈ ਉੱਥੇ ਹੀ ਇਹ ਬਹੁਤ ਸਾਰੀਆਂ ਸਰੀਰਿਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿ਼ੰਦਗੀ ਵਿੱਚ ਸਾਡੀ ਢਾਲ਼ ਬਣਨ ਵਾਲ਼ੇ ਰਿਸ਼ਤੇ ਲਾਜ਼ਮੀ ਤੌਰ ਉੱਤੇ ਹੋਣੇ ਚਾਹੀਦੇ ਹਨ ਜਿਸ ਨਾਲ਼ ਮਾਨਸਿਕ ਸਿਹਤ ਠੀਕ ਰਹਿੰਦੀ ਹੈ।
ਪ੍ਰਧਾਨਗੀ ਭਾਸ਼ਣ ਦੌਰਾਨ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਇੱਕ ਦੂਜੇ ਨਾਲ਼ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਤਕਰੀਬਨ 10 ਲੱਖ ਸਾਲ ਤੋਂ ਇਸ ਧਰਤੀ ਉੱਤੇ ਰਹਿਣ ਵਾਲ਼ਾ ਪ੍ਰਾਣੀ ਹੈ। ਮਨੁੱਖ ਦੇ ਵਿਗਸਣ ਦੇ ਇਤਿਹਾਸ ਵਿੱਚੋਂ ਇਹ ਤੱਥ ਉੱਭਰ ਕੇ ਸਾਹਮਣੇ ਆਏ ਹਨ ਕਿ ਇਹ ਸਮੂਹ ਵਿੱਚ ਰਹਿਣ ਵਾਲ਼ਾ ਪ੍ਰਾਣੀ ਹੈ। ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਇਸ ਲਈ ਇਸ ਦਾ ਇੱਕ ਦੂਜੇ ਨਾਲ਼ ਪਰਸਪਰ ਸਾਂਝ ਵਿੱਚ ਬੱਝ ਕੇ ਵਿਚਰਦੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ ਦੇ ਸਿਧਾਂਤ ਤੋਂ ਪ੍ਰੇਰਣਾ ਲੈਣ ਦੀ ਵੀ ਜ਼ਰੂਰਤ ਹੈ। ਕਿਰਤ ਕਰਦੇ ਮਨੁੱਖ ਦੀ ਮਾਨਸਿਕ ਸਿਹਤ ਹਮੇਸ਼ਾ ਤੰਦਰੁਸਤ ਰਹਿੰਦੀ ਹੈ।
ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ, ਸੈਮੀਨਾਰ ਕਰਵਾਏ ਗਏI ਚੜ੍ਹਦੀ ਕਲਾ ਸਮੂਹ ਤੋਂ ਜਗਜੀਤ ਸਿੰਘ ਦਰਦੀ ਵੀ ਵਿਸ਼ੇਸ਼ ਤੌਰ ਉੱਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ।
ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਪਿਛਲੇ ਸਮੇਂ ਵਿੱਚ ਕਰਵਾਈਆਂ ਗਈਆਂ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਡਾ. ਇੰਦਰਜੀਤ ਸਿੰਘ ਚਾਹਲ, ਡਾ. ਨੈਨਾ ਸ਼ਰਮਾ ਅਤੇ ਡਾ. ਰੂਬੀ ਗੁਪਤਾ ਨੇ ਕੀਤਾ।
ਮਾਨਸਿਕ ਸਿਹਤ ਦਿਵਸ ਸੰਬੰਧੀ ਦੂਜੇ ਪ੍ਰੋਗਰਾਮ ਵਿੱਚ ਐੱਨ. ਐੱਸ. ਐੱਸ. ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਵਿਸ਼ੇਸ਼ ਮਾਨਸਿਕ ਸਿਹਤ ਦਿਵਸ ਨਾਲ਼ ਸੰਬੰਧਤ ਰੈਲੀ ਕੱਢੀ ਗਈ।
ਇਸ ਰੈਲੀ ਦਾ ਮੁੱਖ ਉਦੇਸ਼ ਯੂਨੀਵਰਸਿਟੀ ਕੈਂਪਸ ਵਿਖੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਡਿਪ੍ਰੈਸ਼ਨ ਅਤੇ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਜਾਗਰੂਕਤਾ ਪੈਦਾ ਕਰਨਾ ਸੀ। ਐੱਨ. ਐੱਸ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਕਿਹਾ ਕਿ ਮਾਨਸਿਕ ਸਿਹਤ ਮਾਨਸਿਕ ਤੰਦਰੁਸਤੀ ਦੀ ਇੱਕ ਅਵਸਥਾ ਹੈ ਜੋ ਲੋਕਾਂ ਨੂੰ ਜੀਵਨ ਦੇ ਤਣਾਅ ਨਾਲ ਸਿੱਝਣ, ਉਨ੍ਹਾਂ ਦੀਆਂ ਕਾਬਲੀਅਤਾਂ ਨੂੰ ਸਮਝਣ, ਚੰਗੀ ਤਰ੍ਹਾਂ ਸਿੱਖਣ ਅਤੇ ਚੰਗੀ ਤਰ੍ਹਾਂ ਕੰਮ ਕਰਨ, ਅਤੇ ਆਪਣੇ ਭਾਈਚਾਰੇ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਉਂਦੀ ਹੈ। ਮਾਨਸਿਕ ਸਿਹਤ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ। ਇਹ ਵਿਅਕਤੀਗਤ, ਭਾਈਚਾਰਕ ਅਤੇ ਸਮਾਜਿਕ-ਆਰਥਿਕ ਵਿਕਾਸ ਲਈ ਮਹੱਤਵਪੂਰਨ ਹੈ।
ਡਾ. ਲਖਵੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਈ ਲੋਕ ਡਿਪਰੈਸ਼ਨ ਅਤੇ ਤਣਾਅ ਨੂੰ ਮਾਮੂਲੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਪ੍ਰੋਗਰਾਮ ਵਿਚ ਐੱਨ. ਐੱਸ. ਐੱਸ. ਵਿਭਾਗ ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ,ਡਾ. ਸੰਦੀਪ ਸਿੰਘ, ਇੰਜ.ਚਰਨਜੀਵ ਸਰੋਆ ਸਮੇਤ 69 ਵਲੰਟੀਅਰਾਂ ਨੇ ਭਾਗ ਲਿਆ।
“Exciting news! News Portal royalpatiala.in is now on WhatsApp Channels. Subscribe today by clicking the link and stay updated with the latest updates! “ Click here !