ਵੈਟਰਨ ਪੱਤਰਕਾਰ ਕਮਲਜੀਤ ਸਿੰਘ ਧਾਲੀਵਾਲ ਦਾ ਦਿਹਾਂਤ, ਅੰਤਮ ਸਸਕਾਰ ਮੌਕੇ ਨਮ ਅੱਖਾਂ ਨਾਲ ਅੰਤਮ ਵਿਦਾਈ

194

ਵੈਟਰਨ ਪੱਤਰਕਾਰ ਕਮਲਜੀਤ ਸਿੰਘ ਧਾਲੀਵਾਲ ਦਾ ਦਿਹਾਂਤ, ਅੰਤਮ ਸਸਕਾਰ ਮੌਕੇ ਨਮ ਅੱਖਾਂ ਨਾਲ ਅੰਤਮ ਵਿਦਾਈ

ਪਟਿਆਲਾ, 16 ਜਨਵਰੀ :
ਵੈਟਰਨ ਪੱਤਰਕਾਰ  ਕਮਲਜੀਤ ਸਿੰਘ ਧਾਲੀਵਾਲ (69 ਸਾਲ) ਦਾ ਅੱਜ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਅੱਜ ਇੱਥੇ ਰਾਜਪੁਰਾ ਰੋਡ ‘ਤੇ ਸਥਿਤ ਬੀਰ ਜੀ ਦੇ ਸਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ  ਮਨਸ਼ੇਰ ਸਿੰਘ ਧਾਲੀਵਾਲ ਨੇ ਦਿਖਾਈ।

ਧਾਲੀਵਾਲ ਆਪਣੀ ਧਰਮ ਪਤਨੀ  ਗੀਤਇੰਦਰ ਕੌਰ, ਪੁੱਤਰ ਮਨਸ਼ੇਰ ਸਿੰਘ, ਪੁੱਤਰੀ ਮਨਰੀਤ ਕੌਰ ਤੇ ਜਵਾਈ ਗੌਤਮ ਬਾਜਵਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੇ ਅੰਤਿਮ ਅਰਦਾਸ 18 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਗੁਰੂਦੁਆਰਾ ਖੇਲ ਸਾਹਿਬ, 22 ਨੰਬਰ ਫਟਕ ਵਿਖੇ ਬਾਅਦ ਦੁਪਹਿਰ 12.30 ਤੋਂ 1:30 ਵਜੇ ਤੱਕ ਹੋਵੇਗੀ।

ਵੈਟਰਨ ਪੱਤਰਕਾਰ ਕਮਲਜੀਤ ਸਿੰਘ ਧਾਲੀਵਾਲ ਦਾ ਦਿਹਾਂਤ, ਅੰਤਮ ਸਸਕਾਰ ਮੌਕੇ ਨਮ ਅੱਖਾਂ ਨਾਲ ਅੰਤਮ ਵਿਦਾਈ

ਕਮਲਜੀਤ ਸਿੰਘ ਧਾਲੀਵਾਲ ਦੇ ਅੰਤਮ ਸਸਕਾਰ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ  ਗੁਰਕਿਰਤ ਕ੍ਰਿਪਾਲ ਸਿੰਘ ਦੀ ਤਰਫ਼ੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ  ਇਸ਼ਵਿੰਦਰ ਸਿੰਘ ਗਰੇਵਾਲ ਨੇ ਰੀਥ ਰੱਖਕੇ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਰਾਜ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ  ਆਰ.ਪੀ. ਪਾਂਡਵ ਨੇ ਵੀ ਰੀਥ ਰੱਖਕੇ  ਧਾਲੀਵਾਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ  ਅਨਿਨਦਿੱਤਾ ਮਿੱਤਰਾ ਦੀ ਤਰਫ਼ੋਂ ਏ.ਪੀ.ਆਰ.ਓ  ਹਰਦੀਪ ਸਿੰਘ ਵੱਲੋਂ, ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਦੀ ਤਰਫ਼ੋਂ ਏ.ਪੀ.ਆਰ.ਓ  ਭੁਪੇਸ਼ ਚੱਠਾ ਵੱਲੋਂ ਅਤੇ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦੀ ਤਰਫ਼ੋਂ ਵੀ ਰੀਥਾਂ ਰੱਖੀਆਂ ਗਈਆਂ।

ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ  ਗੁਰਕਿਰਤ ਕ੍ਰਿਪਾਲ ਸਿੰਘ ਨੇ  ਧਾਲੀਵਾਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ। ਉਨ੍ਹਾਂ ਕਿਹਾ ਕਿ  ਧਾਲੀਵਾਲ ਪੱਤਰਕਾਰੀ ਦੇ ਕਿੱਤੇ ਪ੍ਰਤੀ ਪੂਰੇ ਸਮਰਪਿਤ ਸਨ। ਜਿਕਰਯੋਗ ਹੈ ਕਿ  ਧਾਲੀਵਾਲ ਨੇ ਲੰਮਾ ਸਮਾਂ ਟਾਈਮਜ ਆਫ਼ ਇੰਡੀਆ ਅਤੇ ਇੰਡੀਅਨ ਐਕਸਪ੍ਰੈਸ ਵਿੱਚ ਸੇਵਾਵਾਂ ਨਿਭਾਈਆਂ। ਜਦੋਂਕਿ ਉਨ੍ਹਾਂ ਦੇ ਭਰਾ  ਰਵੀ ਧਾਲੀਵਾਲ ਦੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਹਨ।

ਧਾਲੀਵਾਲ ਦੇ ਅੰਤਿਮ ਸਸਕਾਰ ਮੌਕੇ  ਪਰਮਜੀਤ ਸਿੰਘ ਕੈਂਥ, ਡਾ. ਸੁਧੀਰ ਵਰਮਾ, ਡਾ. ਬਲਬੀਰ ਸਿੰਘ,  ਦਲੀਪ ਸਿੰਘ ਬੁੱਚੜੇ,  ਕੁੰਦਨ ਗੋਗੀਆ,  ਪ੍ਰੀਤੀ ਮਲਹੋਤਰਾ, ਪ੍ਰੋ. ਸ਼ਵਿੰਦਰ ਸਿੰਘ, ਧਾਲੀਵਾਲ ਪਰਿਵਾਰ ਦੇ ਵੱਡੀ ਗਿਣਤੀ ਮੈਂਬਰ, ਦੋਸਤ-ਮਿੱਤਰ, ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦੇ ਨੁਮਾਇੰਦੇ ਅਤੇ ਸਕੇ ਸੰਬੰਧੀਆਂ ਸਮੇਤ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ  ਧਾਲੀਵਾਲ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ।