ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਭਾਸ਼ਣ ਦਾ ਆਯੋਜਨ

303

ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਭਾਸ਼ਣ ਦਾ ਆਯੋਜਨ

23 ਜੁਲਾਈ,2021

ਪੰਜਾਬੀ ਦੇ ਹਰਮਨ-ਪਿਆਰੇ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਵਜੋਂ ਜਾਣੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਹੈ। ਚਾਹੇ ਸ਼ਿਵ ਨੂੰ ਸਰੀਰਕ ਰੂਪ ਵਿੱਚ ਸਾਥੋਂ ਵਿਛੜਿਆਂ ਪੰਜ ਦਹਾਕੇ ਹੋਣ ਵਾਲੇ ਹਨ, ਪ੍ਰੰਤੂ ਸ਼ਿਵ ਦੀਆਂ ਕਵਿਤਾਵਾਂ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੀਆਂ ਗਹਿਰਾਈਆਂ ਵਿੱਚ ਸਮਾਈਆਂ ਹੋਈਆਂ ਹਨ। ਪੀੜਾਂ ਦਾ ਪਰਾਗਾ, ਲਾਜਵੰਤੀ, ਮੈਨੂੰ ਵਿਦਾ ਕਰੋ, ਮੈਂ ਤੇ ਮੈਂ ਆਦਿ ਕਾਵਿ ਸੰਗ੍ਰਿਹਾਂ ਅਤੇ ਕਾਵਿ-ਨਾਟ ਲੂਣਾ ਰਾਹੀਂ ਸ਼ਿਵ ਨੇ ਪੰਜਾਬੀ ਕਵਿਤਾ ਵਿੱਚ ਆਪਣਾ ਵੱਖਰਾ ਮੁਕਾਮ ਸਿਰਜਿਆ। ਸ਼ਿਵ ਦੀ ਕਲਾਤਮਕ ਪ੍ਰਤਿਭਾ ਨੂੰ ਸਿਜਦਾ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੇ ਮਾਰਗ-ਦਰਸ਼ਨ ਅਧੀਨ 23 ਜੁਲਾਈ ਨੂੰ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਜਿਸ ਵਿੱਚ ਪ੍ਰੋ. ਸੁਖਦੇਵ ਸਿੰਘ, ਸਾਬਕਾ ਮੁਖੀ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ “ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ: ਪੁਨਰ ਝਾਤ” ਵਿਸ਼ੇ ਤੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।

ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਪ੍ਰੋ. ਸੁਖਦੇਵ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਅਵਚੇਤਨ ਨੂੰ ਬਹੁਤ ਬਰੀਕੀ ਨਾਲ ਸਮਝਦਿਆਂ ਪੰਜਾਬੀ ਕਵਿਤਾ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕੀਤਾ ਅਤੇ ਬਹੁਤ ਵੱਡੀ ਗਿਣਤੀ ਵਿੱਚ ਨਵੇਂ ਪਾਠਕਾਂ/ਸਰੋਤਿਆਂ ਨੂੰ ਕਵਿਤਾ ਨਾਲ ਜੋੜਿਆ। ਉਸਨੇ ਪੰਜਾਬੀ ਕਵਿਤਾ ਨੂੰ ਰਾਜਨੀਤਿਕ ਮੁਹਾਵਰੇ ਅਤੇ ਸੰਪਰਦਾਇਕ ਸੋਚ ਤੋਂ ਮੁਕਤ ਕਰਦਿਆਂ ਮੱਧ ਵਰਗੀ ਮਨੁੱਖ ਦੇ ਸਰੋਕਾਰਾਂ ਦੀ ਸਮਰਥ ਪੇਸ਼ਕਾਰੀ ਕੀਤੀ। ਸ਼ਿਵ-ਕਾਵਿ ਦੇ ਅਧਿਐਨ ਤੇ ਮੁਲਾਂਕਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸਦੀ ਰਚਨਾ ਨੂੰ ਪੜ੍ਹਦਿਆਂ ਅਕਸਰ ਉਸਦੀ ਸਖਸ਼ੀਅਤ ਦੇ ਕਈ ਪੱਖ ਰਚਨਾ ਤੇ ਭਾਰੂ ਪੈ ਜਾਂਦੇ ਹਨ। ਸ਼ਿਵ ਕਾਵਿ ਨੂੰ ਵਿਚਾਰਨ ਲੱਗਿਆਂ ਇਹ ਜਰੂਰੀ ਹੈ ਕਿ ਸ਼ਿਵ ਦੀ ਵਿਅਕਤੀਗਤ ਮਿੱਥ ਤੋਂ ਪਾਰ ਜਾ ਕੇ ਉਸਦੀ ਕਵਿਤਾ ਨੂੰ ਉਸ ਸਮੇਂ ਦੇ ਵਡੇਰੇ ਪ੍ਰਸੰਗ ਵਿੱਚ ਸਮਝਿਆ ਜਾਵੇ। ਸੱਠਵਿਆਂ ਦੇ ਜਿਸ ਦੌਰ ਵਿੱਚ ਸ਼ਿਵ ਕੁਮਾਰ ਬਟਾਲਵੀ ਰਚਨਾ ਕਰ ਰਿਹਾ ਸੀ, ਉਸ ਸਮੇਂ ਇੱਕ ਪਾਸੇ ਪੰਜਾਬੀ ਸੂਬੇ ਦਾ ਸੰਘਰਸ਼ ਅਤੇ ਸਥਾਪਤੀ ਅਤੇ ਦੂਜੇ ਪਾਸੇ ਹਰੇ ਇਨਕਲਾਬ ਦੀ ਆਮਦ ਆਦਿ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਸਨ। ਇਸ ਸਮੇਂ ਸ਼ਿਵ ਆਪਣੇ ਨਿੱਜ ਦੇ ਹਵਾਲੇ ਨਾਲ ਇੰਨ੍ਹਾਂ ਵੱਡੇ ਸੰਕਟਾਂ ਨਾਲ ਸੰਵਾਦ ਰਚਾ ਰਿਹਾ ਸੀ, ਜਿਸ ਦੀ ਝਲਕ ਉਸਦੀਆਂ ਕਵਿਤਾਵਾਂ ਵਿੱਚ ਦੇਖੀ ਜਾ ਸਕਦੀ ਹੈ। ਅੰਤ ਤੇ ਉਨ੍ਹਾਂ ਕਿਹਾ ਕਿ ਸ਼ਿਵ ਦੀ ਕਵਿਤਾ ਦੇ ਡੂੰਘੇ ਅਰਥਾਂ ਨੂੰ ਸਮਝਣ ਲਈ ਆਲੋਚਕਾਂ ਅਤੇ ਖੋਜਾਰਥੀਆਂ ਨੂੰ ਅਜੇ ਬੜਾ ਕੁਝ ਕਰਨ ਦੀ ਲੋੜ ਹੈ।

ਇਸ ਪ੍ਰੋਗਰਾਮ ਦੇ ਆਰੰਭ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਅਤੇ ਡੀਨ, ਭਾਸ਼ਾਵਾਂ, ਸਾਹਿਤ ਅਤੇ ਸਭਿਆਚਾਰ ਸਕੂਲ ਪ੍ਰੋ. ਜ਼ਮੀਰਪਾਲ ਕੌਰ ਨੇ ਮਾਹਿਰ ਵਿਦਵਾਨ ਡਾ. ਸੁਖਦੇਵ ਸਿੰਘ ਦਾ ਸਵਾਗਤ ਕੀਤਾ। ਆਨਲਾਈਨ ਮਾਧਿਅਮ ਰਾਹੀਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਅਧਿਆਪਕਾਂ ਡਾ. ਅਮਨਦੀਪ ਸਿੰਘ ਤੇ ਡਾ. ਰਮਨਪ੍ਰੀਤ ਕੌਰ ਤੋਂ ਇਲਾਵਾ ਖੋਜਾਰਥੀ ਅਤੇ ਵਿਦਿਆਰਥੀ ਸ਼ਾਮਲ ਸਨ।