ਸ਼੍ਰੋਮਣੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਨੂੰ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾਈ
ਪਟਿਆਲਾ, 1 ਫਰਵਰੀ:
ਸ਼੍ਰੋਮਣੀ ਸਾਹਿਤਕਾਰ ਤੇ ਪੰਜਾਬ ਮਾਂ ਬੋਲੀ ਦੀ ਲੰਮਾ ਸਮਾਂ ਸੇਵਾ ਕਰਨ ਵਾਲੇ ਡਾ. ਦਲੀਪ ਕੌਰ ਟਿਵਾਣਾ (85 ਸਾਲ), ਜਿਨ੍ਹਾਂ ਦਾ ਬੀਤੇ ਦਿਨ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੁੱਝ ਦਿਨ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਸਥਿਤ ਬੀਰ ਜੀ ਸ਼ਮਸ਼ਾਨਘਾਟ ਵਿਖੇ ਅੱਜ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕਰ ਦਿੱਤਾ ਗਿਆ।
ਡਾ. ਦਲੀਪ ਕੌਰ ਟਿਵਾਣਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਇੰਜ. ਸਿਮਰਨਜੀਤ ਸਿੰਘ ਨੇ ਦਿਖਾਈ। ਉਨ੍ਹਾਂ ਦੇ ਪਤੀ ਪ੍ਰੋ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ ਐਤਵਾਰ, 2 ਫਰਵਰੀ ਨੂੰ ਸਵੇਰੇ 9 ਵਜੇ ਬੀਰ ਜੀ ਦੇ ਸ਼ਮਸ਼ਾਨਘਾਟ ਵਿਖੇ ਨਿਭਾਈ ਜਾਵੇਗੀ ਅਤੇ ਅੰਤਿਮ ਅਰਦਾਸ ਐਤਵਾਰ, 9 ਫਰਵਰੀ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪੰਜਾਬੀ ਯੂਨੀਵਰਸਿਟੀ ਵਿਖੇ ਹੋਵੇਗੀ।
ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਡਾ. ਦਲੀਪ ਕੌਰ ਟਿਵਾਣਾ ਦੀ ਮ੍ਰਿਤਕ ਦੇਹ ‘ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਜਦੋਂਕਿ ਲੋਕ ਸਭਾ ਮੈਂਬਰ ਪਰਨੀਤ ਕੌਰ ਦੀ ਤਰਫ਼ੋ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜੇਸ਼ ਕੁਮਾਰ ਸ਼ਰਮਾ ਨੇ ਰੀਥ ਰੱਖੀ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਰੀਥ ਰੱਖਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਤਰਫ਼ੋ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ ਨੇ ਰੀਥ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ।
ਇਸੇ ਦੌਰਾਨ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਦੀ ਤਰਫ਼ੋ ਉਨ੍ਹਾਂ ਦੀ ਧਰਮਪਤਨੀ ਸੰਗੀਤਾ ਸ਼ਰਮਾ, ਕਾਂਗਰਸ ਪਟਿਆਲਾ ਸ਼ਹਿਰੀ ਦੀ ਤਰਫ਼ੋ ਪ੍ਰਧਾਨ ਕੇ.ਕੇ. ਮਲਹੋਤਰਾ, ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਮੂਹ ਲੇਖਕਾਂ ਤੇ ਸਾਹਿਤਕਾਰਾਂ ਦੀ ਤਰਫ਼ੋ ਡਾ. ਰਤਨ ਸਿੰਘ ਜੱਗੀ, ਸ. ਸੁਰਜੀਤ ਪਾਤਰ, ਸ. ਐਸ.ਪੀ ਸਿੰਘ, ਡਾ. ਬਲਕਾਰ ਸਿੰਘ ਅਤੇ ਸ. ਬੀ.ਐਸ. ਰਤਨ ਨੇ ਰੀਥ ਰੱਖਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਦੋਂਕਿ ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ, ਵਿਧਾਨ ਸਭਾ ਦੇ ਸਾਬਕਾ ਸਪੀਕਰ ਸ. ਬੀਰਦਵਿੰਦਰ ਸਿੰਘ, ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਸ. ਗਗਨਦੀਪ ਸਿੰਘ ਅਹੂਜਾ, ਪਰਮਿੰਦਰ ਸਿੰਘ ਟਿਵਾਣਾ ਤੇ ਗੁਰਨਾਮ ਸਿੰਘ ਅਕੀਦਾ ਅਤੇ ਹਰਪਾਲ ਟਿਵਾਣਾ ਫਾਊਡੇਂਸ਼ਨ ਵੱਲੋਂ ਮਨਪਾਲ ਟਿਵਾਣਾ ਨੇ ਰੀਥ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ।
ਅੰਤਿਮ ਸੰਸਕਾਰ ਮੌਕੇ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ, ਪ੍ਰੋ. ਸੁਰਜੀਤ ਸਿੰਘ ਭੱਟੀ, ਡਾ. ਹਰਜਿੰਦਰ ਸਿੰਘ ਵਾਲੀਆ, ਡਾ. ਤਰਲੋਕ ਸਿੰਘ ਅਨੰਦ, ਡਾ. ਗੁਰਸ਼ਰਨ ਕੌਰ ਜੱਗੀ, ਡਾ. ਜਸਵਿੰਦਰ ਸਿੰਘ, ਸ. ਅਮਰਜੀਤ ਸਿੰਘ ਕਾਉਕੇ, ਡਾ. ਬਲਕਾਰ ਸਿੰਘ, ਡਾ. ਸੁੱਚਾ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਵੰਤ ਕੌਰ ਪੰਜਾਬੀ, ਪ੍ਰੋ. ਅਨੂਪ ਸਿੰਘ ਵਿਰਕ, ਡਾ. ਦਰਸ਼ਨ ਸਿੰਘ ਬੁੱਟਰ, ਡਾ. ਜੈਨਇੰਦਰ ਸਿੰਘ ਚੌਹਾਨ, ਡਾ. ਅਵਨੀਸ਼ ਕੌਰ, ਡਾ. ਤੇਜਵੰਤ ਮਾਨ, ਪਵਨ ਹਰਚੰਦਪੁਰੀ, ਸ. ਗੁਲਜ਼ਾਰ ਸਿੰਘ ਸ਼ੌਕੀ, ਡਾ. ਗੁਰਨਾਮ ਸਿੰਘ, ਪ੍ਰੋ ਰਜਿੰਦਰ ਸਿੰਘ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਸਾਬਕਾ ਡੀ.ਪੀ.ਆਰ.ਓ. ਸ. ਕੁਲਜੀਤ ਸਿੰਘ, ਵੀਰ ਜੀ ਸ਼ਮਸਾਨਘਾਟ ਪ੍ਰਬੰਧਕੀ ਕਮੇਟੀ ਦੇ ਉਪ ਪ੍ਰਧਾਨ ਕੁੰਦਨ ਗੋਗੀਆਂ ਸਮੇਤ ਪੰਜਾਬ ਤੇ ਦੇਸ਼ ਭਰ ਵਿਚੋਂ ਸਾਹਿਤਕਾਰ ਤੇ ਲੇਖਕ, ਪੰਜਾਬੀ ਯੂਨੀਵਰਸਿਟੀ ਦਾ ਸਟਾਫ, ਵਿਦਿਆਰਥੀ ਸਮੇਤ ਸਵਰਗੀ ਡਾ. ਦਲੀਪ ਕੌਰ ਟਿਵਾਣਾ ਦੇ ਜੱਦੀ ਪਿੰਡ ਉੱਚੀ ਰੱਬੋਂ ਤੋਂ ਵੱਡੀ ਗਿਣਤੀ ਪਿੰਡ ਰਿਸ਼ਤੇਦਾਰ, ਦੋਸਤ ਮਿੱਤਰ ਤੇ ਹੋਰ ਪਤਵੰਤੇ ਹਾਜ਼ਰ ਸਨ।
ਜਿਕਰਯੋਗ ਹੈ ਕਿ ਡਾ. ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਉੱਚੀ ਰੱਬੋਂ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਚੰਦ ਕੌਰ ਅਤੇ ਪਿਤਾ ਸ. ਕਾਕਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਡਾ. ਟਿਵਾਣਾ ਨੇ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਪਤੀ ਪ੍ਰੋ. ਭੁਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਭਾਗ ਵਿਖੇ ਪ੍ਰੋਫੈਸਰ ਰਹੇ ਅਤੇ ਸਪੁੱਤਰ ਇੰਜ. ਸਿਮਰਨਜੀਤ ਸਿੰਘ, ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਵਿਖੇ ਸੇਵਾ ਨਿਭਾ ਰਹੇ ਹਨ।
ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦੇ ਸਮੇਂ ਤੋਂ ਹੀ ਪੰਜਾਬੀ ਵਿਭਾਗ ਵਿਖੇ ਪ੍ਰੋਫੈਸਰ ਰਹੇ, ਉਨ੍ਹਾਂ ਨੇ ਇੱਥੇ ਹੀ ਵਿਭਾਗੀ ਮੁਖੀ ਅਤੇ ਬਾਅਦ ‘ਚ ਡੀਨ ਵਜੋਂ ਲੰਮਾ ਅਰਸਾ ਸੇਵਾਵਾਂ ਨਿਭਾਈਆਂ। ਡਾ. ਟਿਵਾਣਾ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਅਣਗਿਣਤ ਰਚਨਾਵਾਂ ਪਾਈਆਂ। ਉਨ੍ਹਾਂ ਨੂੰ ਉਚ ਕੋਟੀ ਦੇ ਪੁਰਸਕਾਰ ‘ਸਰਸਵਤੀ ਪੁਰਸਕਾਰ’ ਸਮੇਤ ਪੰਜਾਬ ਸਰਕਾਰ ਦੇ ਸ੍ਰੋਮਣੀ ਸਾਹਿਤਕਾਰ, ਸਾਹਿਤ ਅਕੈਡਮੀ ਪੁਰਸਕਾਰ ਸਮੇਤ ਦੇਸ਼ਾਂ-ਵਿਦੇਸ਼ਾਂ ਵਿਖੇ ਅਨੇਕਾਂ ਮਾਣ ਸਨਮਾਨ ਪ੍ਰਾਪਤ ਹੋਏ ਸਨ। ਉਨ੍ਹਾਂ ਦੀਆਂ ਰਚਨਾਵਾਂ ਬਹੁਤ ਸਾਰੀਆਂ ਭਾਸ਼ਾਵਾਂ ‘ਚ ਅਨੁਵਾਦ ਹੋਈਆਂ ਅਤੇ ਸਲਾਹੀਆਂ ਗਈਆਂ ਅਤੇ ਕਈ ਰਚਨਾਵਾਂ ‘ਤੇ ਫ਼ਿਲਮਾਂ ਵੀ ਬਣੀਆਂ।
ਡਾ. ਦਲੀਪ ਕੌਰ ਟਿਵਾਣਾ ਨੇ ਕਥਾ ਕਹੋ ਉਰਵਸ਼ੀ, ਗੁਰੂ ਮਹਿਲਾਂ ‘ਤੇ ਨਾਵਲ, ਅਗਨੀ ਪ੍ਰੀਖਿਆ, ਏਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡਿਆਂ ਦਾ ਦੇਸ਼, ਸਭ ਦੇਸ਼ ਪਰਾਇਆ, ਧੁੱਪ ਛਾਂ ਤੇ ਰੁੱਖ, ਲੰਬੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਪੈੜਚਾਲ, ਰਿਣ ਪਿੱਤਰਾਂ ਦਾ, ਕਥਾ ਕੁਕਨੂਸ ਦੀ, ਨੰਗੇ ਪੈਰਾਂ ਦਾ ਸਫ਼ਰ ਸਮੇਤ ਅਨੇਕਾਂ ਪੁਸਤਕਾਂ, ਨਾਵਲ, ਕਹਾਣੀ ਸੰਗ੍ਰਿਹ, ਸਵੈ ਜੀਵਨੀ ਅਤੇ ਰਚਨਾਵਾਂ, ਜਿਨ੍ਹਾਂ ‘ਚ 42 ਨਾਵਲ, 5 ਕਹਾਣੀ ਸੰਗ੍ਰਹਿ, 4 ਸਵੈਜੀਵਨੀ ਆਤਮਿਕ ਪੁਸਤਕਾਂ, ਰੇਖਾ ਚਿੱਤਰਾਂ ਦੇ ਸੰਗ੍ਰਹਿ ਸਮੇਤ ਹੋਰ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ।