ਸਰਕਾਰੀ ਕਾਲਜ ਮਹੈਣ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ
ਬਹਾਦਰਜੀਤ ਸਿੰਘ / ਸ੍ਰੀ ਅਨੰਦਪੁਰ ਸਾਹਿਬ, 25 ਜਨਵਰੀ, 2023
ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ, ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿੱਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।
ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਬੀ.ਏ. ਅਤੇ ਬੀ.ਕਾਮ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਸਮੇਤ ਸਮੂਹ ਸਟਾਫ ਮੈਂਬਰਾਂ ਦੁਆਰਾ ਚੋਣਾਂ ਦੌਰਾਨ ਹਰ ਹਾਲਤ ਵਿੱਚ ਵੋਟ ਦਾ ਪ੍ਰਯੋਗ ਕਰਨ ਦੀ ਸੁੰਹ ਚੁੱਕੀ ਗਈ। ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿਚ ਪ੍ਰੋ: ਵਿਪਨ ਕੁਮਾਰ ਨੇ ਬੋਲਦੇ ਹੋਏ ਕਿਹਾ ਕਿ ਸੰਵਿਧਾਨ ਦੀ ਧਾਰਾ 324, 325, 326 ਵਿੱਚ ਚੋਣਾਂ ਸਬੰਧੀ ਲਿਖਿਆ ਗਿਆ ਹੈ।
ਭਾਰਤ ਵਿੱਚ ਇਸ ਸਮੇਂ ਲਗਭਗ 100 ਕਰੋੜ ਮਤਦਾਤਾ ਸਨ। 25 ਜਨਵਰੀ 1950 ਨੂੰ ਭਾਰਤ ਸਰਕਾਰ ਨੇ ਭਾਰਤੀ ਚੋਣ ਆਯੋਗ ਦਾ ਗਠਨ ਕੀਤਾ ਸੀ। ਇਸ ਲਈ 25 ਜਨਵਰੀ 2011 ਤੋਂ ਲਗਾਤਾਰ 25 ਜਨਵਰੀ ਦੇ ਦਿਨ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਾਰਤੀ ਚੋਣ ਆਯੋਗ ਦੁਆਰਾ ਇਸ ਸਾਲ ਰਾਸ਼ਟਰੀ ਵੋਟਰ ਦਿਵਸ ਨੂੰ ਨਥਿੰਗ ਲਾਇਕ ਵੋਟਿੰਗ, ਆਈ ਵੋਟ ਫੋਰ ਸ਼ੁਅਰ ਦੇ ਨਾਅਰੇ ਅਤੇ ਮੰਤਵ ਨਾਲ ਮਨਾਇਆ ਜਾ ਰਿਹਾ ਹੈ।

ਰਾਸ਼ਟਰੀ ਵੋਟਰ ਦਿਵਸ ਮੌਕੇ ਦੇਸ਼ ਭਰ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿਚ ਨਾਗਰਿਕਾਂ ਨੂੰ ਚੋਣਾਂ ਦੌਰਾਨ ਵੋਟ ਦਾ ਪ੍ਰਯੋਗ ਜਰੂਰ ਕਰਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵੋਟਰ ਚੋਣਾਂ ਦੌਰਾਨ ਵੋਟ ਪਾਉਣ ਤੋਂ ਵੰਚਿਤ ਨਾ ਰਹਿ ਜਾਵੇ, ਖਾਸ ਕਰਕੇ ਦਿਵਆਂਗਾਂ, ਥਰਡ ਜੈਂਡਰਾਂ ਅਤੇ ਬਜੁਰਗਾਂ ਨੂੰ ਵੀ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵੋਟ ਮਨੁੱਖ ਦਾ ਰਾਜਨੀਤਿਕ ਅਧਿਕਾਰ ਹੈ, ਜੋ ਸੱਚੇ ਅਰਥਾਂ ਵਿਚ ਲੋਕਤੰਤਰ ਦੀ ਸਥਾਪਨਾ ਕਰਦਾ ਹੈ।
ਭਾਰਤੀ ਚੋਣ ਆਯੋਗ ਦਾ ਸੰਦੇਸ਼ ਹੈ ਕਿ ਹਰੇਕ ਨਾਗਰਿਕ ਨੂੰ “ਮੈਂ ਹੀ ਭਾਰਤ ਹੁੰ” ਦੇ ਮਨੋਰਥ ਨਾਲ ਆਪਣੀ ਵੋਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਹਰੇਕ ਨਵੇਂ ਵੋਟਰ ਦੀ ਜਿੰਮੇਵਾਰੀ ਬਣਦੀ ਹੈ ਕਿ 18 ਸਾਲ ਦੀ ਉਮਰ ਪੂਰੀ ਹੋ ਜਾਣ ਤੇ, ਉਹਨਾਂ ਨੂੰ ਆਪਣੇ ਖੇਤਰ ਦੇ ਬੀ.ਐਲ.ਓ ਨਾਲ ਸੰਪਰਕ ਕਰਕੇ ਆਪਣੀ ਵੋਟ ਪਹਿਲ ਦੇ ਆਧਾਰ ਤੇ ਬਣਾਉਣੀ ਚਾਹੀਦੀ ਹੈ। ਮਤਦਾਨ ਪ੍ਰਤੀਸ਼ਤ ਵੱਧ ਹੋਣ ਤੇ ਰਾਜਨੀਤਿਕ ਅਸਥਿਰਤਾ, ਘੱਟ ਗਿਣਤੀ ਦੀ ਸਰਕਾਰ ਅਤੇ ਲਟਕਦੀ ਸੰਸਦ ਤੋਂ ਛੁਟਕਾਰਾ ਹੁੰਦਾ ਹੈ। ਜਿੰਮੇਵਾਰ, ਪਾਰਦਰਸ਼ੀ ਅਤੇ ਯੋਗ ਸਰਕਾਰ ਦਾ ਗਠਨ ਹੁੰਦਾ ਹੈ ਅਤੇ ਰਾਜ ਪ੍ਰਬੰਧ ਵਿਚ ਨਿਪੁੰਨਤਾ ਆਉਂਦੀ ਹੈ। ਹਰੇਕ ਨਾਗਰਿਕ ਨੂੰ ਚੋਣਾਂ ਦੌਰਾਨ ਆਪਣੀ ਵੋਟ ਦਾ ਪ੍ਰਯੋਗ ਕਰਕੇ ਨਾਗਰਿਕ ਹੋਣ ਦਾ ਕਰਤੱਵ ਪੂਰਾ ਕਰਨਾ ਚਾਹੀਦਾ ਹੈ ਇਸ ਨਾਲ ਯੋਗ, ਬੁੱਧੀਮਾਨ ਅਤੇ ਜਿੰਮੇਵਾਰ ਨੇਤਾਵਾਂ ਦੀ ਚੋਣ ਸੰਭਵ ਹੋਵੇਗੀ।
ਪ੍ਰੋਗਰਾਮ ਨੂੰ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਵੀ ਸੰਬੋਧਿਤ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਿਦਿਆਰਥੀਆਂ ਦੀ ਭੂਮਿਕਾ ਸੰਲਾਘਾਯੋਗ ਰਹੀ।











