ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋਕਤੰਤਰ ਵਿਚ ਵੋਟ ਦੇ ਮਹੱਤਵ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ
ਬਹਾਦਰਜੀਤ ਸਿੰਘ / ਸ੍ਰੀ ਅਨੰਦਪੁਰ ਸਾਹਿਬ ,30 ਜੂਨ,2023
ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਵਿਚ ਵੋਟ ਦੇ ਮਹੱਤਵ ਬਾਰੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਲੋਕਤੰਤਰ ਵਿਚ ਵੋਟ ਦੇ ਮਹੱਤਵ ਵਿਸ਼ੇ ਉੱਤੇ ਇਕ ਸੈਮੀਨਾਰ ਕਰਵਾਇਆ ਗਿਆ।
ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਵੋਟ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਰਤ ਦੁਨਿਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ ਹੈ। ਲੋਕਤੰਤਰਿਕ ਦੇਸ ਵਿਚ ਨਿਯਮਤਕਾਲੀ ਚੋਣਾਂ ਦੌਰਾਨ ਵੋਟਿੰਗ ਨਾਗਰਿਕਾਂ ਦੀ ਰਾਜਨੀਤਿਕ ਸਹਿਭਾਗਤਾ ਅਤੇ ਰਾਜਨੀਤਿਕ ਸਿੱਖਿਆ ਨੂੰ ਯਕੀਨੀ ਬਣਾਉਂਦੀ ਹੈ। ਹਰੇਕ ਨਾਗਰਿਕ ਨੂੰ ਹਰ ਹਾਲਤ ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਵੋਟਿੰਗ ਨਾਲ ਸੰਸਦੀ ਲੋਕਤੰਤਰ ਉੱਚ ਦਰਜ਼ੇ ਦੀ ਸਫਲਤਾ ਪ੍ਰਾਪਤ ਕਰਦਾ ਹੈ, ਇਸ ਨਾਲ ਰਾਜਨੀਤਿਕ ਸਥਿਰਤਾ ਆਉਂਦੀ ਹੈ, ਯੋਗ ਅਤੇ ਜਿੰਮੇਵਾਰ ਨੇਤਾਵਾਂ ਦੀ ਚੋਣ ਹੁੰਦੀ ਹੈ, ਲਟਕਦੀ ਸੰਸਦ ਤੋਂ ਛੁਟਕਾਰੀ ਮਿਲਦਾ ਹੈ, ਰਾਜਨੀਤਿਕ, ਪ੍ਰਸ਼ਾਸਨਿਕ ਅਤੇ ਆਰਥਿਕ ਵਿਕਾਸ ਯਕੀਨੀ ਬਣਦਾ ਹੈ ਅਤੇ ਜਿੰਮੇਵਾਰ, ਨਿਪੁੰਨ ਅਤੇ ਪਾਰਦਰਸ਼ੀ ਸਰਕਾਰ ਹੋਂਦ ਵਿੱਚ ਆਉਂਦੀ ਹੈ।
ਵੋਟ ਦਾ ਪ੍ਰਯੋਗ ਕਰਨ ਨਾਲ ਨਾਗਰਿਕਾਂ ਵਿਚ ਸਵੈਮਾਣ, ਜਿੰਮੇਵਾਰੀ, ਆਤਮ ਵਿਸ਼ਵਾਸ ਅਤੇ ਦੇਸ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਭਾਰਤ ਸਰਕਾਰ ਦੁਆਰਾ ਪ੍ਰਦਾਨ ਸਰਵਜਨਕ ਬਾਲਗ ਵੋਟ ਅਧਿਕਾਰ ਨੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਆਦਰਸ਼ ਸਥਾਪਿਤ ਕਰਕੇ ਦੁਨਿਆਂ ਦੇ ਸਾਰੇ ਦੇਸਾਂ ਲਈ ਮਿਸਾਲ ਕਾਇਮ ਕੀਤੀ ਹੈ। ਡਾਕਟਰ ਦਿਲਰਾਜ ਕੌਰ ਨੇ ਨਵੇਂ ਵਿਦਿਆਰਥੀਆਂ ਨੂੰ ਵੋਟ ਬਣਾਉਣ ਅਤੇ ਵੋਟ ਦੇ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਕਾਲਜ ਵਿਚ ਪ੍ਰੋ: ਬੋਬੀ ਦੀ ਅਗਵਾਈ ਵਿਚ ਬਣੇ ਇਲੈਕਟਰਲ ਲਿਟਰੇਸੀ ਕਲੱਬ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੇ ਵੋਟ ਦੇ ਪ੍ਰਯੋਗ ਬਾਰੇ ਸੰਕਲਪ ਵੀ ਲਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਬੀ.ਏ. ਭਾਗ ਪਹਿਲਾ ਵਿਚ ਰਜਿਸਟਰ ਹੋਈ ਸੰਜਨਾ, ਬੀ.ਏ. ਭਾਗ ਦੂਜਾ ਦੇ ਗਗਨਦੀਪ ਸਿੰਘ, ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਕੰਚਨ ਰਾਣੀ, ਬੀ.ਏ. ਭਾਗ ਤੀਜਾ ਦੀ ਬੰਧਨਾ, ਈਸਾ, ਰੀਆ, ਪ੍ਰਿਆ, ਕਰਿਸਮਾ ਸ਼ਰਮਾ ਅਤੇ ਬੀ-ਕਾਮ ਭਾਗ ਤੀਜਾ ਦੇ ਸੌਰਵ ਸਮੇਤ ਲਾਇਬ੍ਰੇਰੀ ਅਟੇਡੈਂਟ ਅਸ਼ੋਕ ਕੁਮਾਰ ਦੀ ਭੂਮਿਕਾ ਸੰਲਾਘਾਯੋਗ ਸੀ।
