ਸਰਕਾਰੀ ਕਾਲਜ ਰੋਪੜ ਦੀ ਖਿਡਾਰਨ ਜੈਸਮੀਨ ਕੌਰ ਦਾ ਏਸ਼ੀਅਨ ਸੂਟਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਪ੍ਰਾਪਤ ਕਰਕੇ ਸ਼ਹਿਰ ਪਹੁੰਚਣ ਤੇ ਕੀਤਾ ਭਰਵਾਂ ਸਵਾਗਤ
ਬਹਾਦਰਜੀਤ ਸਿੰਘ /ਰੂਪਨਗਰ, 31 ਅਕਤੂਬਰ,2023
ਸਰਕਾਰੀ ਕਾਲਜ ਰੋਪੜ ਦੀ ਅੰਤਰ-ਰਾਸ਼ਟਰੀ ਖਿਡਾਰਨ ਜੈਸਮੀਨ ਕੌਰ ਨੇ 15ਵੀਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਰੂਪਨਗਰ ਜ਼ਿਲ੍ਹੇ ਦਾ ਨਾਮ ਉੱਚਾ ਕੀਤਾ ਹੈ, ਖਿਡਾਰਨ ਜੈਸਮੀਨ ਕੌਰ ਨੇ ਏਸ਼ੀਅਨ ਸੂਟਿੰਗ ਚੈਂਪੀਅਨਸ਼ਿਪ ਜੋ ਚੈਂਗਵਾਂਙ, ਦੱਖਣੀ ਕੋਰੀਆ ਵਿਖੇ ਹੋ ਰਹੀ ਹੈ, ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਉਪਰੰਤ ਅੱਜ ਸ਼ਹਿਰ ਪਹੁੰਚਣ ਤੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਜੈਸਮੀਨ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜੈਸਮੀਨ ਕੌਰ ਨਾਲ ਮੁਲਾਕਾਤ ਕਰਦਿਆਂ ਮੁਬਾਰਕਬਾਦ ਦਿੱਤੀ।
ਖਿਡਾਰਨ ਜੈਸਮੀਨ ਕੌਰ ਨੂੰ ਪੁਲਿਸ ਲਾਈਨ ਤੋਂ ਰਸੀਵ ਕਰਨ ਉਪਰੰਤ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋਂ ਹੁੰਦੇ ਹੋਏ ਕਾਲਜ ਵਿਖੇ ਮਾਣ-ਸਨਮਾਨ ਨਾਲ ਲਿਆਂਦਾ ਗਿਆ ਅਤੇ ਕਾਲਜ ਪ੍ਰਿੰਸੀਪਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਸਨੂੰ ਜੀ ਆਇਆਂ ਕਿਹਾ।
ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਜੈਸਮੀਨ ਕੌਰ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਹੋਰ ਖਿਡਾਰੀਆਂ ਲਈ ਪ੍ਰੇਰਨਾ ਹੈ।
ਕੋਚ ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਜੈਸਮੀਨ ਕੌਰ ਸਕੂਲ ਪੱਧਰ ਤੋਂ ਹੀ ਹੋਣਹਾਰ ਖਿਡਾਰਣ ਹੈ, ਇਹ ਪ੍ਰਾਪਤੀ ਉਸ ਦੀ ਲਗਾਤਾਰ ਮਿਹਨਤ ਅਤੇ ਲਗਨ ਦਾ ਨਤੀਜਾ ਹੈ।
ਕਾਲਜ ਵੱਲੋਂ ਜੈਸਮੀਨ ਕੌਰ ਦੀ ਮਾਤਾ ਅਮ੍ਰਿਤਪਾਲ ਕੌਰ ਅਤੇ ਕੋਚ ਨਰਿੰਦਰ ਸਿੰਘ ਬੰਗਾ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।
ਸਰਕਾਰੀ ਕਾਲਜ ਰੋਪੜ ਦੀ ਖਿਡਾਰਨ ਜੈਸਮੀਨ ਕੌਰ ਦਾ ਏਸ਼ੀਅਨ ਸੂਟਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਪ੍ਰਾਪਤ ਕਰਕੇ ਸ਼ਹਿਰ ਪਹੁੰਚਣ ਤੇ ਕੀਤਾ ਭਰਵਾਂ ਸਵਾਗਤI ਖਿਡਾਰਨ ਜੈਸਮੀਨ ਕੌਰ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ 35 ਦੇਸ਼ਾਂ ਨੇ ਹਿੱਸਾ ਲਿਆ। ਇਸ ਪ੍ਰਾਪਤੀ ਦਾ ਸਿਹਰਾ ਉਸਨੇ ਕਾਲਜ ਸਟਾਫ, ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਅਤੇ ਕੋਚ ਸਾਹਿਬਾਨ ਨੂੰ ਦਿੱਤਾ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਕਾਲਜ ਸਟਾਫ ਤੋਂ ਇਲਾਵਾ ਜੈਸਮੀਨ ਦੀ ਭੈਣ ਰਵਨੀਤ ਕੌਰ, ਭਰਾ ਹਰਮਨਜੀਤ ਸਿੰਘ, ਨਾਨੀ ਪ੍ਰੀਤਮ ਕੌਰ, ਮਾਮਾ ਜਰਨੈਲ ਸਿੰਘ ਅਤੇ ਮਾਮੀ ਬਲਜੀਤ ਕੌਰ ਵੀ ਹਾਜ਼ਰ ਸਨ।