ਸਰਹਿੰਦ ਕਰਾਫਟ ਮੇਲਾ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਗੀਤਾਂ ‘ਤੇ ਝੂਮ ਉਠੇ ਦਰਸ਼ਕ
ਫ਼ਤਹਿਗੜ੍ਹ ਸਾਹਿਬ, 11 ਮਾਰਚ
ਆਮ ਖਾਸ ਬਾਗ ਸਰਹਿੰਦ ਵਿਖੇ ਚੱਲ ਰਹੇ ਕਰਾਫਟਸ ਮੇਲਾ-2020 ਦੇ ਚੌਥੇ ਦਿਨ ਉਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੀ ਕਲਾ ਦੇ ਜ਼ੌਹਰ ਵਿਖਾਏ ਅਤੇ ਦਰਸ਼ਕ ਕੁਲਵਿੰਦਰ ਬਿੱਲੇ ਵੱਲੋਂ ਗਾਏ ਗੀਤਾਂ ‘ਤੇ ਝੂਮ ਉਠੇ। ਕੁਲਵਿੰਦਰ ਬਿੱਲਾ ਨੇ ਧਾਰਮਿਕ ਗੀਤ ਤੋਂ ਆਪਣੇ ਸ਼ੋਅ ਦੀ ਸ਼ੁਰੂਆਤ ਕਰਨ ਮਗਰੋਂ ਸਰੋਤਿਆਂ ਦੀ ਮੰਗ ਅਨੁਸਾਰ ਇੱਕ ਤੋਂ ਬਾਅਦ ਇੱਕ ਪ੍ਰਸਿੱਧ ਗੀਤ ਪੇਸ਼ ਕੀਤੇ। ਕੁਲਵਿੰਦਰ ਬਿੱਲਾ ਵੱਲੋਂ ਲਾਈ ਗੀਤਾਂ ਦੀ ਛਹਿਬਰ ਨੂੰ ਜ਼ਿਲ੍ਹਾ ਨਿਵਾਸੀ ਹਮੇਸ਼ਾਂ ਯਾਦ ਰੱਖਣਗੇ। ਕੁਲਵਿੰਦਰ ਬਿੱਲੇ ਦਾ ਗੀਤ ਪਲਾਜੋ, ਟਿਊਸ਼ਨ ਸੀ ਪੜ੍ਹਦੀ, ਹੁਣ ਮੇਰੇ ਯਾਰ ਬੁਲਾਈਂ ਜਾਂਦੇ ਨੇ, ਲਾਈਟ ਵੇਟ, ਟਿੱਚ ਬਟਨ, ਕੋਹਿਨੂਰ, ਕਾਲੇ ਰੰਗ ਦਾ ਯਾਰ, ਟਾਈਮ ਟੇਬਲ, ਤੇਰੇ ਵਾਲੀ ਜੱਟੀ ਵਰਗੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਲਵਿੰਦਰ ਬਿੱਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ।
ਇਸ ਸੰਗੀਤਮਈ ਸ਼ਾਮ ਦੀ ਸ਼ੁਰੂਆਤ ਹਲਕਾ ਵਿਧਾਇਕ ਫਤਹਿਗੜ੍ਹ ਸਾਹਿਬ ਕੁਲਜੀਤ ਸਿੰਘ ਨਾਗਰਾ ਅਤੇ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਕੇ ਕਈ ਕਲਾਕਾਰਾਂ ਨੇ ਅੰਤਰ ਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਬਿੱਲਾ ਖਾਸ ਕਰਕੇ ਨੌਜਵਾਨ ਵਰਗ ਵਿੱਚ ਕਾਫੀ ਮਕਬੂਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਸੱਭਿਆਚਾਰਕ ਸੋਸਾਇਟੀ ਵੱਲੋਂ ਸਰਹਿੰਦ ਵਿਖੇ ਪਹਿਲੀ ਵਾਰ ਕਰਵਾਇਆ ਗਿਆ ਕਰਾਫਟ ਮੇਲਾ ਇੱਕ ਸ਼ਲਾਘਾਯੋਗ ਉਪਰਾਲਾ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਲੇ ਵਿੱਚ ਲੱਗੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਮੇਲੇ ਵਿੱਚ ਲੱਗੇ ਫੂਡ ਕੋਰਟ ਚ ਲੱਗੇ ਵੱਖ ਵੱਖ ਰਾਜਾਂ ਦੇ ਖਾਣਿਆਂ ਦਾ ਆਨੰਦ ਵੀ ਮਾਣਿਆ। ਉਨ੍ਹਾਂ ਕਿਹਾ ਕਿ ਅਜਿਹੇ ਕਰਾਫਟ ਮੇਲਿਆਂ ਨਾਲ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਾਰੀਗਰਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਵੇਖਣ ਤੇ ਖਰੀਦਣ ਨੂੰ ਮਿਲਦੀਆਂ ਹਨ ਅਤੇ ਇਸ ਤਰ੍ਹਾਂ ਇੱਕ ਦੂਜੇ ਦੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਦਾ ਸੁਨਹਿਰਾ ਅਵਸਰ ਮਿਲਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਫਿਰੋਜ਼ਪੁਰ ਤੋਂ ਆਏ ਬਾਜ਼ੀਆਂ ਪਾਉਣ ਵਾਲਿਆਂ ਨੇ ਸ਼ਾਨਦਾਰ ਬਾਜ਼ੀਆਂ ਪਾ ਕੇ ਆਪਣੀ ਕਲਾਂ ਦਾ ਜ਼ੌਹਰ ਦਿਖਾਇਆ। ਸਰਹਿੰਦ ਕਰਾਫਟਸ ਮੇਲੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਲੋਕ ਜਿੱਥੇ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਦੇ ਸ਼ਿਲਪਕਾਰਾਂ ਤੇ ਕਾਰੀਗਾਰਾਂ ਵੱਲੋਂ ਲਾਏ ਸਟਾਲਾਂ ਤੋਂ ਸਾਮਾਨ ਦੀ ਖਰੀਦੋ ਫਰੋਖਤ ਕਰ ਰਹੇ ਹਨ, ਉਥੇ ਫੂਡ ਕੋਰਟ ਵਿੱਚ ਵੱਖ ਵੱਖ ਰਾਜਾਂ ਦੇ ਖਾਣਿਆਂ ਦਾ ਆਨੰਦ ਵੀ ਮਾਣ ਰਹੇ ਹਨ। ਇਸਦੇ ਨਾਲ ਨਾਲ ਮੇਲੇ ਵਿੱਚ ਲਾਏ ਗਏ ਝੂਲੇ ਅਤੇ ਮੈਜਿਕ ਸ਼ੋਅ ਵੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ 15 ਮਾਰਚ ਤੱਕ ਆਮ ਖਾਸ ਬਾਗ਼ ਵਿਖੇ ਚੱਲਣ ਵਾਲੇ ਇਸ ਮੇਲੇ ਦੌਰਾਨ ਦੇਸ਼ ਭਰ ‘ਚੋਂ 150 ਤੋਂ ਵੱਧ ਸ਼ਿਲਪਕਾਰ ਤੇ ਕਾਰੀਗਾਰ ਆਪਣੇ ਉਤਪਾਦ ਲੈ ਕੇ ਸ਼ਾਮਲ ਹੋਏ ਹਨ ਅਤੇ ਇਸ ਦੌਰਾਨ ਵੱਖ ਵੱਖ ਨਾਮਵਾਰ ਗਾਇਕ ਅਤੇ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਵੀ ਕਰ ਰਹੇ ਹਨ। ਇਸ ਮੇਲੇ ਦੇ ਰੂਪ ਵਿੱਚ ਜਿੱਥੇ ਵੱਖ ਵੱਖ ਵਿਰਾਸਤੀ ਪੇਸ਼ਕਾਰੀਆਂ ਨਾਲ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਣ ਦਾ ਉਪਰਾਲਾ ਕੀਤਾ ਗਿਆ ਹੈ, ਉੱਥੇ ਸਰਹਿੰਦ ਫਤਹਿਗੜ੍ਹ ਸਾਹਿਬ ਵਿਖੇ ਸਥਿਤ ਇਤਿਹਾਸਕ ਆਮ ਖਾਸ ਬਾਗ ਬਾਰੇ ਵੀ ਵੱਡੀ ਗਿਣਤੀ ਲੋਕਾਂ, ਖਾਸ ਕਰ ਕੇ ਨੌਜਵਾਨਾਂ ਨੂੰ ਜਾਣਕਾਰੀ ਹਾਸਲ ਹੋਵੇਗੀ।
ਗਿੱਲ ਨੇ ਦੱਸਿਆ ਕਿ ਕਰਾਫਟਸ ਮੇਲੇ ਦੌਰਾਨ 12 ਮਾਰਚ ਨੂੰ ਸੂਫੀ ਗਾਇਕ ਜ਼ੋਰਾਵਤ, 13 ਮਾਰਚ ਨੂੰ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ, 14 ਮਾਰਚ ਨੂੰ ਤਰਸੇਮ ਜੱਸੜ ਅਤੇ 15 ਮਾਰਚ ਨੂੰ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਆਪਣੀ ਕਲਾ ਨਾਲ ਰੰਗ ਬੰਨ੍ਹਣਗੇ। ਜਦੋਂ ਕਿ 14 ਮਾਰਚ ਨੂੰ ਵਿੰਟੇਜ ਕਾਰ ਰੈਲੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਪੁਰਾਤਨ ਵਿੰਟੇਜ ਕਾਰਾਂ ਦੇ ਨਾਲ ਪੁਰਾਤਨ ਮੋਟਰਸਾਈਕਲ ਵੀ ਸ਼ਾਮਲ ਹੋਣਗੇ ਅਤੇ ਇਹ ਵਿੰਟੇਜ ਕਾਰ ਤੇ ਮੋਟਰਸਾਈਕਲ ਰੈਲੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗੀ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਡਾਇਰੈਕਟਰ ਸੁਭਾਸ਼ ਸੂਦ, ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਐਸ ਪੀ ਜਾਂਚ ਹਰਪਾਲ ਸਿੰਘ, ਸਹਾਇਕ ਕਮਿਸ਼ਨਰ ਜਨਰਲ ਜਸਪ੍ਰੀਤ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਬਸੀ ਪਠਾਣਾ ਪਵਿੱਤਰ ਸਿੰਘ, ਰਵਿੰਦਰ ਸਿੰਘ ਪੀ ਸੀ ਐਸ ਅੰਡਰ ਟ੍ਰੇਨਿੰਗ, ਡੀ ਐਸ ਪੀ ਹਰਦੀਪ ਸਿੰਘ ਬਡੂੰਗਰ, ਕਾਂਗਰਸ ਦੇ ਜ਼ਿਲ੍ਹਾ ਪ੍ਰੈਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਤਹਿਸੀਲਦਾਰ ਗੁਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।