ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੰਤਰੀ ਅਮਨ ਅਰੋੜਾ ਨੇ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ

215

ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੰਤਰੀ ਅਮਨ ਅਰੋੜਾ ਨੇ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ

ਸੁਨਾਮ ਊਧਮ ਸਿੰਘ ਵਾਲਾ, 30 ਜੂਨ,2024 

ਬਾਹਰੀ ਰਾਜਾਂ ਵਿੱਚੋਂ ਲਿਆ ਕੇ ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਦੀ ਮਾੜੀ ਸੋਚ ਕਾਰਨ ਕਰੀਬ ਤਿੰਨ-ਚਾਰ ਮਹੀਨੇ ਪਹਿਲਾਂ ਟਿੱਬੀ ਰਵਿਦਾਸਪੁਰਾ ਦੇ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪੀੜਿਤ ਪਰਿਵਾਰਾਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਦੀ ਤਰਫੋਂ ਵਿੱਤੀ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ।

ਟਿੱਬੀ ਰਵਿਦਾਸਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਪੀੜਿਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਸੁਨਾਮ ਅਤੇ ਦਿੜ੍ਹਬਾ ਹਲਕੇ ਦੇ ਖੇਤਰਾਂ ਵਿੱਚ ਵਾਪਰੀ ਇਸ ਬੇਹਦ ਦੁਖਾਂਤਕ ਘਟਨਾ ਵਿੱਚ ਕੀਮਤੀ ਜਾਨਾਂ ਗੁਆਉਣ ਵਾਲਿਆਂ ਦੀ ਕਮੀ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪੀੜਿਤ ਪਰਿਵਾਰਾਂ ਦੇ ਦੁੱਖ ਨੂੰ ਥੋੜਾ ਘਟਾਉਣ ਦੇ ਯਤਨ ਵਜੋਂ ਪੰਜ-ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨਾਂ ਨੇ ਟਿੱਬੀ ਰਵਿਦਾਸਪੁਰਾ ਦੇ 9 ਪੀੜਿਤ ਪਰਿਵਾਰਾਂ ਨੂੰ 45 ਲੱਖ ਰੁਪਏ ਦੇ ਚੈੱਕ ਵਿੱਤੀ ਸਹਾਇਤਾ ਵਜੋਂ ਸੌਂਪੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਹ ਸਹਾਇਤਾ ਰਾਸ਼ੀ ਇਹਨਾਂ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਘਰੇਲੂ ਜਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰੇਗੀ। ਉਹਨਾਂ ਕਿਹਾ ਕਿ ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲੇ ਮੌਤ ਦੇ ਵਪਾਰੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜ ਵਿੱਚੋਂ ਨਸ਼ਾ ਤਸਕਰਾਂ ਦਾ ਸਫਾਇਆ ਕਰਨ ਲਈ ਪੰਜਾਬ ਸਰਕਾਰ ਨੂੰ ਵਧ ਚੜ ਕੇ ਸਹਿਯੋਗ ਦੇਣ ਤਾਂ ਜੋ ਸੂਬੇ ਅੰਦਰ ਮੁੜ ਅਜਿਹੀਆਂ ਦੁਖਾਂਤਕ ਘਟਨਾਵਾਂ ਨਾ ਵਾਪਰ ਸਕਣ ਅਤੇ ਸਭ ਨਾਗਰਿਕਾਂ ਦੇ ਮਿਲਵਰਤਨ ਨਾਲ ਇਸ ਵੱਡੀ ਸਮਾਜਿਕ ਬੁਰਾਈ ਦਾ ਮੁਕੰਮਲ ਤੌਰ ਤੇ ਖਾਤਮਾ ਕੀਤਾ ਜਾ ਸਕੇ। ਉਹਨਾਂ ਇਹ ਵੀ ਦ੍ਰਿੜਤਾ ਨਾਲ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਗੈਰ ਸਮਾਜਿਕ ਅਨਸਰਾਂ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੋਈ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਨਸ਼ਿਆਂ ਦੀ ਭੇਟ ਚੜਾਉਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾ ਰਿਹਾ।

ਸ਼ਰਾਬ ਦੀ ਆੜ ਵਿੱਚ ਜ਼ਹਿਰ ਵੇਚਣ ਵਾਲਿਆਂ ਕਾਰਨ ਜਾਨਾਂ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੰਤਰੀ ਅਮਨ ਅਰੋੜਾ ਨੇ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ , ਅਮਰੀਕ ਸਿੰਘ ਧਾਲੀਵਾਲ , ਗੁਰਤੇਗ ਸਿੰਘ ਨਿੱਕਾ, ਬਲਾਕ ਪ੍ਰਧਾਨ ਸਾਹਿਬ ਸਿੰਘ , ਭਾਨੂੰ ਪ੍ਰਤਾਪ , ਗੁਰਪ੍ਰਤਾਪ ਸਿੰਘ , ਤਰਸੇਮ ਸਿੰਘ ਕਾਲਾ ਟਿੱਬੀ, ਸੋਹਨ ਸਿੰਘ, ਜੋਗਿੰਦਰ ਸਿੰਘ ਵੀ ਹਾਜ਼ਰ ਸਨ।