ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਕਲੱਬ ਬੂਰਮਾਜਰਾ ਵੱਲੋਂ ਪਿੰਡ ਵਿੱਚ 18 ਸੀਸੀਟੀਵੀ ਕੈਮਰੇ ਅਤੇ ਸਡ਼ਕ ਹਾਦਸਿਆਂ ਨੂੰ ਰੋਕਣ ਲਈ 12 ਸ਼ੀਸ਼ੇ ਲਗਾਏ

205

ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਕਲੱਬ ਬੂਰਮਾਜਰਾ ਵੱਲੋਂ ਪਿੰਡ ਵਿੱਚ 18 ਸੀਸੀਟੀਵੀ ਕੈਮਰੇ ਅਤੇ ਸਡ਼ਕ  ਹਾਦਸਿਆਂ ਨੂੰ ਰੋਕਣ ਲਈ 12 ਸ਼ੀਸ਼ੇ ਲਗਾਏ

ਬਹਾਦਰਜੀਤ ਸਿੰਘ /  ਰੂਪਨਗਰ, 26 ਜੂਨ,2023

ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਕਲੱਬ ਬੂਰਮਾਜਰਾ ਵੱਲੋਂ ਪਿੰਡ ਵਿੱਚ ਸੁਰੱਖਿਆ ਲਈ 18 ਸੀਸੀਟੀਵੀ ਕੈਮਰੇ ਅਤੇ ਸਡ਼ਕ  ਹਾਦਸਿਆਂ ਨੂੰ ਰੋਕਣ ਲਈ ਵੱਖ-ਵੱਖ ਮੋੜਾਂ ‘ਤੇ 12 ਸ਼ੀਸ਼ੇ ਵੀ ਲਗਾਏ ਗਏ ਹਨ। ਜਿਸ ਕਾਰਨ ਪਿੰਡ ਵਾਸੀਆਂ ਅਤੇ ਸ਼੍ਰੀ ਚਮਕੌਰ ਸਾਹਿਬ ਰੋਡ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਸੜਕ ਹਾਦਸਿਆਂ ਤੋਂ ਬਚਣ ਲਈ ਵੱਡੀ ਰਾਹਤ ਮਿਲੀ ਹੈ। ਰੋਪੜ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਕਲੱਬ ਬੂਰਮਾਜਰਾ ਵੱਲੋਂ ਪਿੰਡ ਬੂਰਮਾਜਰਾ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਮੋੜਾਂ ’ਤੇ ਸੀਸੀਟੀਵੀ ਕੈਮਰੇ ਅਤੇ ਸ਼ੀਸ਼ੇ ਲਗਾਉਣ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਿੰਡ ਬੂਰਮਾਜਰਾ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਨਾਲ ਚੋਰੀਆਂ ਅਤੇ ਹੋਰ ਅਪਰਾਧਾਂ ਨੂੰ ਨੱਥ ਪਵੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਪਿੰਡਾਂ ਦੇ ਕਲੱਬਾਂ ਨੂੰ ਵੀ ਬੂਰਮਾਜਰਾ ਦੇ ਕਲੱਬ ਦੀ ਤਰ੍ਹਾਂ  ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਕਲੱਬ ਬੂਰਮਾਜਰਾ ਦੇ ਪ੍ਰਧਾਨ ਅਤੇ ਐਨਆਰਆਈ ਹਰਪ੍ਰੀਤ ਸਿੰਘ ਹੈਪੀ, ਜਨਰਲ ਸਕੱਤਰ ਪਰਮਿੰਦਰ ਸਿੰਘ ਕੰਗ, ਕੈਸ਼ੀਅਰ ਹਰਪ੍ਰੀਤ ਸਿੰਘ ਲਾਡੀ ਨੇ ਦੱਸਿਆ ਕਿ ਇਸ ਕਾਰਜ ਵਿੱਚ ਪਿੰਡ ਬੂਰਮਾਜਰਾ ਦੇ ਸਰਪੰਚ ਸੁਖਦੇਵ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਸਹਿਯੋਗ ਦਿੱਤਾ ਹੈ। ਪ੍ਰਧਾਨ ਅਤੇ ਐਨਆਰਆਈ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਗੁਰਦੁਆਰਾ ਛਲੋਂਦਾ ਸਾਹਿਬ, ਪਿੰਡ ਦੀ ਮੁੱਖ ਐਂਟਰੀ, ਸ਼ਿਵ ਮੰਦਰ ਅਤੇ ਪਿੰਡ ਦੇ ਅੰਦਰ ਅਲੱਗ ਅਲੱਗ ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਕਲੱਬ ਬੂਰਮਾਜਰਾ ਵੱਲੋਂ ਪਿੰਡ ਵਿੱਚ 18 ਸੀਸੀਟੀਵੀ ਕੈਮਰੇ ਅਤੇ ਸਡ਼ਕ  ਹਾਦਸਿਆਂ ਨੂੰ ਰੋਕਣ ਲਈ 12 ਸ਼ੀਸ਼ੇ ਲਗਾਏ

ਇਸੇ ਤਰ੍ਹਾਂ ਸ੍ਰੀ ਚਮਕੌਰ ਸਾਹਿਬ ਰੋਡ ਅਤੇ ਹੋਰ ਥਾਵਾਂ ’ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਸ਼ੀਸ਼ੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਅਜਿਹੇ ਸਮਾਜ ਸੇਵੀ ਕਾਰਜ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ ਅਤੇ ਪਿੰਡ ਦੇ ਵਿਕਾਸ ਲਈ ਪੰਚਾਇਤ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਕਲੱਬ  ਵੱਲੋਂ ਪਿੰਡ ਵਿੱਚ ਕਬੱਡੀ ਕੱਪ ਕਰਵਾਉਣ ਸਮੇਤ ਹੋਰ ਸਮਾਜ ਸੇਵੀ ਕੰਮਾਂ ਲਈ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਰਿਹਾ ਹੈ।ਇਸ ਮੌਕੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ , ਮਨਪ੍ਰੀਤ ਸਿੰਘ, ਗੁਰਜੀਤ ਸਿੰਘ ਮੌਜੂਦ ਸਨ।