ਸਾਬਕਾ ਡੀ.ਸੀ. ਗੁਰਨੀਤ ਤੇਜ਼ ਵਲੋਂ ਅਰੰਭੀ 10 ਰੁਪਏ ਖਾਣੇ ਦੀ ਸਕੀਮ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੋਈ ਦਿਲਚਸਪੀ ਨਹੀਂ ਹੋਣ ਕਰਕੇ ਦਮ ਤੋੜਨ ਲੱਗੀ

170

ਸਾਬਕਾ ਡੀ.ਸੀ. ਗੁਰਨੀਤ ਤੇਜ਼ ਵਲੋਂ ਅਰੰਭੀ 10 ਰੁਪਏ ਖਾਣੇ ਦੀ ਸਕੀਮ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੋਈ ਦਿਲਚਸਪੀ ਨਹੀਂ ਹੋਣ ਕਰਕੇ ਦਮ ਤੋੜਨ ਲੱਗੀ

ਬਹਾਦਰਜੀਤ ਸਿੰਘ /ਰੂਪਨਗਰ, 19 ਸਤੰਬਰ,2023

ਸਾਲ 2017 ’ਚ ਡਿਪਟੀ ਕਮਿਸ਼ਨਰ, ਰੂਪਨਗਰ, ਗੁਰਨੀਤ ਤੇਜ਼ ਵਲੋਂ ਰੈੱਡ ਕਰਾਸ ਰੂਪਨਗਰ ਰਾਹੀਂ ਰੇਲਵੇ ਸਟੇਸ਼ਨ ਦੇ ਸਾਹਮਣੇ ਲੋੜਵੰਦਾਂ ਲਈ 10 ਰੁਪਏ ਖਾਣੇ ਦੀ ਅਰੰਭੀ ਗਈ ਸਕੀਮ ਹੁਣ ਦਮ ਤੋੜ ਗਈ ਹੈ। ਖਾਣੇ ਦਾ ਰੇਟ ਵੀ 10 ਰੁਪਏ ਤੋਂ ਵਧਾ ਕੇ 15 ਰੁਪਏ ਰੁਪਏ ਕਰ ਦਿੱਤਾ ਗਿਆ ਹੈ ਪਰ ਹੁਣ ਇਹ ਸਕੀਮ ਵੀ 250 ਖਾਣਿਆ ਤੋਂ ਘੱਟਦੀ-ਘੱਟਦੀ 50 ਕੁ ਖਾਣਿਆਂ ਤੱਕ ਸਿਮਟ ਗਈ ਹੈ।

ਦਰਅਸਲ ਹੁਣ ਅਜਿਹੀਆਂ ਲੋਕ ਹਿਤ ਦੀਆਂ ਯੋਜਨਾਵਾਂ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਉਕਾ ਹੀ ਧਿਆਨ ਨਹੀਂ ਹੈ ਬਲਕਿ ਦੌਰਿਆਂ ’ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ। ਡੀਸੀ ਗੁਰਨੀਤ ਤੇਜ਼ ਰੈੱਡ ਕਰਾਸ ਰਾਹੀਂ ਇਸ ਸਕੀਮ ’ਤੇ ਨਿੱਜੀ ਦਿਲਚਸਪੀ ਲੈਂਦੇ ਰਹੇ ਅਤੇ ਉਨ੍ਹਾਂ ਨੇ ਅੰਬੂਜਾ ਸੀਮਿੰਟ ਫ਼ੈਕਟਰੀ ਤੋਂ ਇੱਕ ਮਹਿੰਗੇ ਭਾਅ ਦੀ ਰੋਟੀਆਂ ਬਣਾਉਣ ਵਾਲੀ ਮਸ਼ੀਨ (ਰੋਟੀ ਮੇਕਰ) ਪ੍ਰਾਪਤ ਕੀਤਾ ਅਤੇ ਗਿਲਕੋ ਗਰੁੱਪ ਦੇ ਮਾਲਕ ਰਣਜੀਤ ਸਿੰਘ ਗਿੱਲ ਵਲੋਂ ਰੇਲਵੇ ਸਟੇਸ਼ਨ ਤੇ ਪਾਰਕ ’ਚ ਇਸ ਕਾਰਜ ਲਈ ਕਮਰੇ ਬਣਾ ਕੇ ਦਿੱਤੇ ਸਨ ਹੋਰ ਵੀ ਕੁਝ ਸੰਸਥਾਵਾਂ ਨੇ ਇਸ ਲਈ ਸਹਿਯੋਗ ਦਿਤਾ ਪਰ ਹੁਣ ਉਹ ਵੀ ਪੈਰ ਪਿੱਛੇ ਖਿੱਚ ਗਏ ਹਨ ।

ਗੁਰਨੀਤ ਤੇਜ ਤੋਂ ਬਾਅਦ ਆਏ ਡਿਪਟੀ ਕਮਿਸ਼ਨਰਾਂ ਨੇ ਵੀ ਇਸ ਸਕੀਮ ਨੂੰ ਬਰਕਰਾਰ ਰੱਖਣ ਚ ਦਿਲਚਸਪੀ ਦਿਖਾਈ ਪਰ ਹੁਣ ਰੱਬ ਆਸਰੇ ਹੀ ਜਾਪਦਾ ਹੈ ।

ਲੋਕ ਇੱਥੋਂ ਲਾਈਨਾਂ ਲਾ ਕੇ ਖਾਣਾ ਹਾਸਲ ਕਰਦੇ ਸਨ, ਖਾਣ ੇ ਦੀ ਪੈਕਿੰਗ ਵੀ ਹੁੰਦੀ ਸੀ ਜਿਸ ਨੂੰ ਕੁੱਝ ਸਰਦੇ-ਪੁੱਜਦੇ ਲੋਕ ਵੀ  ਸਫ਼ਰ ਕਰਨ ਮੌਕੇ ਖਾਣਾ ਖ਼ਰੀਦ ਲੈਂਦੇ ਸਨ, ਇੱਥੋਂ  ਖਾਣੇ ਦਾ ਇੱਕ ਆਟੋ ਵੀ  ਸ਼ਹਿਰ ਦੇ ਕੁੱਝ ਥਾਵਾਂ ’ਤੇ ਖਾਣਾ ਲੈ ਕੇ ਪੁੱਜਦਾ ਸੀ ਪਰ ਹੁਣ ਲਗਭਗ ਇੱਕ ਸਾਲ ਤੋਂ 10 ਰੁਪਏ ਖਾਣੇ ਦੀ ਇਹ ਸਕੀਮ 50 ਕੁ ਖਾਣਿਆਂ ਤੱਕ ਹੀ ਸਿਮਟ ਗਈ ਹੈ,  ਰੋਟੀ ਮੇਕਰ ਮਸ਼ੀਨ ਦੀ ਵਰਤੋਂ ਵੀ ਨਹੀਂ ਹੁੰਦੀ ਅਤੇ ਇਹ ਮਸ਼ੀਨ ਵੀ ਹੁਣ ਧੂੜ ਫੱਕ ਰਹੀ ਹੈ। ਰੇਲਵੇ ਸਟੇਸ਼ਨ ਸਾਹਮਣੇ ਪਾਰਕ ਦੇ ਕਮਰੇ ਵੀ ਰੁੱਖੇ ਜਿਹੇ ਜਾਪ ਰਹੇ ਹਨ। ਸ਼ਹਿਰ ’ਚ ਖਾਣਾ ਲੈ ਕੇ ਜਾਣ ਵਾਲਾ ਆਟੋ ਵੀ ਬੰਦ ਹੋ ਚੁੱਕਾ ਹੈ। ਪੈਕਿੰਗ ਵੀ ਨਹਂੀ ਹੁੰਦੀ ਬਲਕਿ 10 ਰੁਪਏ ਤੋਂ ਖਾਣਾ ਵੀ 15 ਰੁਪਏ ਦਾ ਹੋ ਚੁੱਕਾ ਹੈ ਜਿਸ ਨੂੰ ਰੋਜ਼ਾਨਾ ਉਹੀ ਲੋਕ ਖ਼ਰੀਦਦੇ ਹਨ ਜਿਹੜੇ ਘਰ ਖਾਣਾ ਨਹੀਂ ਬਣਾਉਂਦੇ l

ਸਾਬਕਾ ਡੀ.ਸੀ. ਗੁਰਨੀਤ ਤੇਜ਼ ਵਲੋਂ ਅਰੰਭੀ 10 ਰੁਪਏ ਖਾਣੇ ਦੀ ਸਕੀਮ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੋਈ ਦਿਲਚਸਪੀ ਨਹੀਂ ਹੋਣ ਕਰਕੇ ਦਮ ਤੋੜਨ ਲੱਗੀ

ਡਿਪਟੀ ਕਮਿਸ਼ਨ ਰੂਪਨਗਰ ਜੋ ਰੈੱਡ ਕਰਾਸ ਦੇ ਚੇਅਰਪਰਸਨ ਵੀ ਹਨ ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਆਮ ਲੋਕਾਂ ਲਈ ਅਰੰਭੀ ਇਹ ਸਕੀਮ ਮੁੜ ਤੋਂ ਦਮ ਭਰੇ ਪਰ ਇਸ ਲਈ ਤਰਜੀਹੀ ਆਧਾਰ ’ਤੇ ਕੰਮ ਕਰਨ ਦੀ ਲੋੜ ਹੈ ਸਿਰਫ਼ ਦੌਰਾ ਕਰਕੇ ਖ਼ਬਰ ਬਣਾਉਣ ਨਾਲ ਕੰਮ ਨਹੀਂ ਚੱਲਦਾ।

*ਪੁਲ ਬੰਦ ਹੋਣ ਨਾਲ ਇਸ ਸਕੀਮ ’ਤੇ ਪ੍ਰਭਾਵ ਪਿਆ-ਸਕੱਤਰ*

ਰੈੱਡ ਕਰਾਸ ਰੂਪਨਗਰ ਦੇ ਸਕੱਤਰ ਗੁਰਸੋਹਣ ਸਿੰਘ ਦਾ ਕਹਿਣਾ ਹੈ ਕਿ ਦਰਅਸਲ ਇੱਕ ਸਾਲ ਤੋਂ ਸਰਹਿੰਦ ਨਹਿਰ ਦਾ ਪੁਲ ਬੰਦ ਹੋਣ ਬਾਅਦ ਇੱਥੇ ਖਾਣਾ ਬਚਣ ਲੱਗਾ ਹੈ, ਖਾਣਿਆ ਦੀ ਲਾਗਤ ਘਟਣ ਨਾਲ ਰੋਟੀ ਮੇਕਰ ਮਸ਼ੀਨ ਵੀ ਵਰਤੋਂ  ਨਹੀਂ ਹੋ ਰਹੀ, ਬਾਜ਼ਾਰ ’ਚ ਜਾਣ ਵਾਲਾ ਆਟੋ ਵੀ ਬੰਦ  ਹੈ ਅਤੇ ਖ਼ਰਚ ਵਧਣ ਕਰਕੇ ਤਿੰਨ ਕੁ ਮਹੀਨੇ ਪਹਿਲਾਂ ਹੀ ਰੇਟ 15 ਰੁਪਏ ਕੀਤਾ ਗਿਆ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇ ਉਹ ਸਹਿਯੋਗ ਦੇਣ ਤ ਇਹ ਸਕੀਮ ਤੇਜ਼ੀ ਨਾਲ ਅੱਗੇ ਵਧ ਸਕਦੀ ਹੈ ਅਤੇ ਆਪਣੇ ਪੈਰਾਂ ’ਤੇ ਹੋ ਸਕਦੀ ਹੈ।