ਸਿਵਲ ਲਾਈਨ ਏਰੀਏ ਦਾ ਵਿਅਕਤੀ ਆਇਆ ਕੋਵਿਡ ਪੋਜੀਟਿਵ;ਸੰਪਰਕ ਵਿੱਚ ਆਏ 6 ਵਿਅਕਤੀਆਂ ਨੂੰ ਆਈਸੋਲੇਟ ਕਰਕੇ ਲਏੇ ਸੈਂਪਲ : ਡਾ. ਮਲਹੋਤਰਾ
ਪਟਿਆਲਾ 11 ਅਪਰੈਲ (ਗੁਰਜੀਤ ਸਿੰਘ )
ਬੀਤੇ ਦਿਨੀ ਕਰੋਨਾ ਜਾਂਚ ਲਈ ਭੇਜੇ 24 ਸੈਂਪਲਾ ਵਿਚੋ 23 ਦੀ ਰਿਪੋਰਟ ਆਈ ਨੈਗਟਿਵ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਮਲਹੋਤਰਾ ਨੇਂ ਦਸਿਆਂ ਕਿ ਕਰੋਨਾ ਜਾਂਚ ਲਈ ਭੇਜੇ 24 ਸੈਂਪਲਾ ਵਿਚੋ 23 ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਇੱਕ ਪੋਜੀਟਿਵ।ਉਹਨਾਂ ਦੱਸਿਆ ਕਿ ਸਿਵਲ ਲਾਈਨ ਏਰੀਏ ਦੇ ਸਰਕਾਰੀ ਕੁਆਟਰ ਵਿਚ ਰਹਿਣ ਵਾਲੇ 35 ਸਾਲਾ ਵਿਅਕਤੀ ਜਿਸ ਦਾ ਬੀਤੇ ਦਿਨੀ ਕਰੋਨਾ ਜਾਂਚ ਲਈ ਸੈਂਪਲ ਲੈਕੇ ਰਾਜਿੰਦਰਾ ਹਸਪਤਲਾ ਵਿਚ ਜਾਂਚ ਲਈ ਭੇਜਿਆ ਗਿਆ ਸੀ ਉਹ ਜਾਂਚ ਲੈਬ ਵਿਚ ਕੋਵਿਡ ਪੋਜਟਿਵ ਪਾਇਆ ਗਿਆ ਹੈ।
ਉਹਨਾਂ ਕਿਹਾ ਕਿ ਜਾਂਚ ਰਿਪੋਰਟ ਮਿਲਣ ਤੇਂ ਆਈ.ਸੀ.ਐਮ.ਆਰ.ਦੀਆਂ ਗਾਈਡਲਾਈਨਜ ਅਨੁਸਾਰ ਉਸ ਵਿਅਕਤੀ ਦੇ ਨੇੜੇ ਸੰਪਰਕ ਵਿਚ ਆਏ 6 ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਕੇ ਉਹਨਾਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ ਅਤੇ ਉਸ ਦੇ ਦੂਰ ਦੇ ਸੰਪਰਕ ਵਿਚ ਆਉਣ ਵਾਲੇ ਸੱਤ ਵਿਅਕਤੀਆਂ ਨੂੰ ਘਰ ਵਿਚ ਹੀ 14 ਦਿਨਾਂ ਲਈ ਕੁਆਰਨਟੀਨ ਰਹਿਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡਾ. ਸੁਮੀਤ ਸਿੰਘ ਦੀ ਨਿਗਰਾਨੀ ਵਿਚ ਸਿਵਲ ਲਾਈਨ ਏਰੀਏ ਵਿਚ ਘਰਾਂ ਦਾ ਸਰਵੇਖਣ ਕੀਤਾ ਗਿਆ ਅਤੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕਾਂ ਨੂੰ ਬੁਖਾਰ, ਖਾਂਸੀ, ਸਾਹ ਦਾ ਔਖਾ ਆਉਣਾ ਆਦਿ ਵਰਗੇ ਲੱਛਣ ਆਉਣ ਤੇ ਤੁਰੰਤ ਜਿਲ੍ਹਾ ਸਿਹਤ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ।ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਪੋਜਟਿਵ ਵਿਅਕਤੀ ਦੇ ਘਰ ਦੇ ਅੰਦਰ ਅਤੇ ਆਲੇ ਦੁਆਲੇ ਨੂੰ ਸੈਨੇਟਾਈਜ਼ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕੀਤੀ ਗਈ ਹੈ।
ਜਿਲੇ ਵਿਚ ਕੋਵਿਡ ਕੇਸਾ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ ਜਿਲੇ ਦੇ 121 ਸੈਂਪਲਾ ਵਿਚੋ ਦੋ ਪੋਜੀਟਿਵ ਅਤੇ 105 ਸੈਂਪਲਾ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ 14 ਦੀ ਰਿਪੋਰਟ ਆਉਣੀ ਬਾਕੀ ਹੈ।ਇਸ ਮੌਕੇ ਡਾ. ਮਲਹੋਤਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਓ ਲਈ ਸਾਰੇ ਆਪਣੇ ਘਰਾਂ ਵਿੱਚ ਹੀ ਰਹਿਣ। ਖੰਘਦੇ ਜਾਂ ਛਿੱਕ ਦੇ ਸਮੇਂ ਆਪਣੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕੋ ਅਤੇ ਖੁੱਲੇ ਵਿੱਚ ਨਾ ਥੁੱਕੋ।