ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਲਏ 13 ਨੁਕਾਤੀ ਫੈਸਲਿਆਂ ਨਾਲ ਪਾਰਟੀ ਮਜ਼ਬੂਤ ਹੋਵੇਗੀ : ਗੋਗੀ, ਮੱਕੜ
ਬਹਾਦਰਜੀਤ ਸਿੰਘ /ਰੂਪਨਗਰ, 3 ਸਤੰਬਰ,2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਵਾਸਤੇ ਲਏ 13 ਨੁਕਾਤੀ ਫੈਸਲਿਆਂ ਨਾਲ ਪਾਰਟੀ ਮਜ਼ਬੂਤ ਹੋਵੇਗੀ ਤੇ ਇਸ ਨਾਲ ਪਾਰਟੀ ਵਰਕਰਾਂ ਦੀ ਸਰਗਰਮ ਸ਼ਮੂਲੀਅਤ ਦਾ ਵੱਡਾ ਲਾਭ ਮਿਲੇਗਾ। ਇਹ ਪ੍ਰਗਟਾਵਾ ਸੀਨੀਅਰ ਆਗੂਆਂ ਗੁਰਿੰਦਰ ਸਿੰਘ ਗੋਗੀ ਤੇ ਪਰਮਜੀਤ ਸਿੰਘ ਮੱਕੜ ਨੇ ਕੀਤਾ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਗੁਰਿੰਦਰ ਸਿੰਘ ਗੋਗੀ ਤੇ ਸਰਦਾਰ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ 50 ਫੀਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਨੂੰ ਦੇਣ ਦੇ ਫੈਸਲੇ ਨਾਲ ਪਾਰਟੀ ਵਿਚ ਨੌਜਵਾਨ ਪੀੜੀ ਦੀ ਸ਼ਮੂਲੀਅਤ ਵਧੇਗੀ। ਉਹਨਾਂ ਕਿਹਾ ਕਿ ਪਾਰਲੀਮਾਨੀ ਬੋਰਡ ਹੋਵੇਗਾ ਜੋ ਬੋਰਡ ਪਾਰਟੀ ਪ੍ਰਧਾਨ ਨੂੰ ਅਹਿਮ ਮੁੱਦਿਆਂ/ਮਸਲਿਆਂ ‘ਤੇ ਫ਼ੈਸਲੇ ਲੈਣ ਲਈ ਆਪਣੀਆਂ ਸਿਫ਼ਾਰਿਸ਼ਾਂ ਕਰੇਗਾ, ਪਾਰਟੀ ਵਾਸਤੇ ਬਹੁਤ ਲਾਭਕਾਰੀ ਸਿੱਧ ਹੋਵੇਗਾ।
ਉਹਨਾਂ ਕਿਹਾ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਅਤੇ ਇੱਕ ਚੋਣ ਦੇ ਫੈਸਲੇ ਨਾਲ ਪਾਰਟੀ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਮਜ਼ਬੂਤ ਹੋਣਗੀਆਂ। ਉਹਨਾਂ ਕਿਹਾ ਕਿ ਇਸੇ ਤਰੀਕੇ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਦੇ ਨਾਲ ਨਾਲ ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਅਹੁਦਿਆਂ ‘ਤੇ ਚੇਅਰਮੈਨੀਆਂ ਸਿਰਫ਼ ਪਾਰਟੀ ਵਰਕਰਾਂ ਨੂੰ ਦੇਣ ਫੈਸਲੇ ਨਾਲ ਪਾਰਟੀ ਵਰਕਰਾਂ ਦਾ ਮਾਣ ਸਨਮਾਨ ਹੋਵੇਗਾ ਤੇ ਇਸ ਨਾਲ ਵਰਕਰਾਂ ਵਿਚ ਆਤਮ ਵਿਸ਼ਵਾਸ ਵਧੇਗਾ।
ਉਹਨਾਂ ਕਿਹਾ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਅਹੁਦਿਆਂ ਲਈ ਨਾ ਵਿਚਾਰਨ ਦਾ ਫੈਸਲਾ ਵੀ ਬੇਹੱਦ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ ਦੇ ਚੋਣ ਲੜਨ ’ਤੇ ਰੋਕ ਦੇ ਫੈਸਲੇ ਨਾਲ ਇਹ ਜਥੇਦਾਰ ਸਿਰਫ ਪਾਰਟੀ ਵਾਸਤੇ ਕੰਮ ਕਰਨ ਲਈ ਆਜ਼ਾਦ ਹੋਣਗੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਾਰੇ ਸਿੱਖ ਅਹੁਦੇਦਾਰ ‘ਸਾਬਤ ਸੂਰਤ ਸਿੱਖ’ ਹੋਣ ਦੇ ਫੈਸਲੇ ਨਾਲ ਪਾਰਟੀ ਆਪਣੇ ਮੂਲ ਆਧਾਰ ਨਾਲ ਵਿਆਪਕ ਪੱਧਰ ’ਤੇ ਜੁੜੇਗੀ।
ਦੋਵਾਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੁੰ ਇੰਨ ਬਿਨ ਲਾਗੂ ਕਰਨ ਲਈ ਉਕਤ ਫੈਸਲੇ ਲਏ ਹਨ ਜਿਹਨਾਂ ਨਾਲ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਰੂਪਨਗਰ ਦਾ ਪੂਰਾ ਅਕਾਲੀ ਜੱਥਾ ਪਾਰਟੀ ਪ੍ਰਧਾਨ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੈ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਉਹਨਾਂ ਦੇ ਹਰ ਹੁਕਮ ’ਤੇ ਫੁੱਲ ਚੜ੍ਹਾਏਗਾ।
ਇਸ ਮੌਕੇ ਗੁਰਿੰਦਰ ਸਿੰਘ ਗੋਗੀ , ਪਰਮਜੀਤ ਸਿੰਘ ਮੱਕੜ ਸਾਬਕਾ ਪ੍ਰਧਾਨ ਨਗਰ ਕੌਂਸਲ , ਅਮਰਜੀਤ ਸਿੰਘ ਮੱਕੋਵਾਲ, ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ, ਜਥੇ ਹਰਜੀਤ ਸਿੰਘ ਹਵੇਲੀ, ਗੁਰਮੁੱਖ ਸਿੰਘ ਸੈਣੀ ਸਾਬਕਾ ਕੌਂਸਲਰ, ਅਜਮੇਰ ਸਿੰਘ ਬਿਕੋ , ਬਾਬਾ ਜਸਬੀਰ ਸਿੰਘ ਸਨਾਣਾ, ਸਵਰਨਜੀਤ ਸਿੰਘ ਬੋਬੀ ਬਹਾਦਰਪੁਰ, ਐਡਵੋਕੇਟ ਰਾਜੀਵ ਸ਼ਰਮਾ ਆਦਿ ਆਗੂ ਹਾਜ਼ਰ ਸਨ।