ਹਿਊਮਨ ਰਾਈਟਸ ਕੇਅਰ ਸੰਸਥਾ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ
ਪਟਿਆਲਾ/ ਜੁਲਾਈ 26, 2023
ਹਿਊਮਨ ਰਾਈਟਸ ਕੇਅਰ ਸੰਸਥਾ ਵੱਲੋਂ ਬਾਬਾ ਫਰੀਦ ਇਸਲਾਮੀਆ ਪਬਲਿਕ ਹਾਈ ਸਕੂਲ, ਬੈਂਕ ਕਲੋਨੀ ਪਟਿਆਲਾ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੰਸਥਾ ਨੇ ਪਿਛਲੇ ਦਹਾਕੇ ਦੌਰਾਨ ਕਈ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਦਾ ਕੀਤੀਆਂ ਹਨ ਅਤੇ ਪਟਿਆਲਾ ਦੇ ਕਈ ਸਕੂਲਾਂ ਵਿੱਚ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ, ਸਕੂਲੀ ਵਰਦੀਆਂ, ਊਨੀ ਸਵੈਟਰ ਆਦਿ ਵੰਡੇ ਹਨ।
ਪ੍ਰਧਾਨ ਪ੍ਰੋ: ਪੰਕਜ ਮਹਿੰਦਰੂ ਨੇ ਪ੍ਰੈੱਸ ਨੂੰ ਦੱਸਿਆ ਕਿ ਸੰਸਥਾ ਸਾਬਕਾ ਪ੍ਰਧਾਨ ਸਵਰਗੀ ਡਾ: ਨਰ ਬਹਾਦੁਰ ਵਰਮਾ ਦੇ ਨਕਸ਼ੇ-ਕਦਮਾਂ ਉਤੇ ਚੱਲ ਰਹੀ ਹੈ ਅਤੇ ਸਮਾਜ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ।ਸੰਸਥਾ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਉਨ੍ਹਾਂ ਦੀਆਂ ਫੀਸਾਂ ਦਿੰਦੀ ਆ ਰਹੀ ਹੈ ਅਤੇ ਗਰੀਬ ਲੜਕੀਆਂ ਦੇ ਵਿਆਹਾਂ ਲਈ ਤੇ ਲੋੜਵੰਦ ਮਰੀਜ਼ਾਂ ਦੇ ਇਲਾਜ ਵਿੱਚ ਮਦਦ ਕਰਦੀ ਹੈ।
ਸੰਸਥਾ ਦੇ ਕਾਰਜਕਾਰੀ ਮੈਂਬਰ, ਨਵਰਾਜ ਸਿੰਘ ਨੇ ਦੱਸਿਆ ਕਿ ਅੱਜ ਸੰਸਥਾ ਵੱਲੋਂ ਬਾਬਾ ਫ਼ਰੀਦ ਪਬਲਿਕ ਸਕੂਲ ਦੇ 100 ਤੋਂ ਵੱਧ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਅਤੇ ਇਹ ਭਰੋਸਾ ਵੀ ਦਿਵਾਇਆ ਕਿ ਜਦੋਂ ਵੀ ਕਿਸੇ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਲਈ ਲੋੜੀਂਦੀਆਂ ਵਸਤਾਂ ਦੀ ਲੋੜ ਹੋਵੇਗੀ ਤਾਂ ਸੰਸਥਾ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਸਕੂਲ ਦੀ ਪ੍ਰਿੰਸੀਪਲ ਮੈਡਮ ਰੁਚੀ, ਮੈਡਮ ਪਰਵੀਨ ਅਖਤਰ ਅਤੇ ਸੀਮਾ ਮੈਡਮ ਨੇ ਪ੍ਰੋ ਪੰਕਜ ਮਹਿੰਦਰੂ, ਨਵਰਾਜ ਸਿੰਘ ਕੰਬੋਜ, ਨਰਿੰਦਰ ਪਾਲ ਸਿੰਘ, ਜਤਿੰਦਰ ਕੌਰ (ਸਵੀਟੀ) ਦਾ ਧੰਨਵਾਦ ਕੀਤਾ।