ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਐਕਸਾਈਜ਼ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ

126

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਐਕਸਾਈਜ਼ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ

ਸੰਗਰੂਰ, 4 ਦਸੰਬਰ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ  ਰਾਮਵੀਰ ਵੱਲੋਂ ਇੱਕ ਅਹਿਮ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਆਬਕਾਰੀ ਤੇ ਕਰ ਵਿਭਾਗ ਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਗਾਮੀ ਚੋਣਾਂ ਸ਼ਾਂਤੀਪੂਰਵਕ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਦੋਵੇਂ ਵਿਭਾਗਾਂ ਦਾ ਹਰ ਵੇਲੇ ਮੁਸਤੈਦ ਰਹਿਣਾ ਬਹੁਤ ਜ਼ਰੂਰੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਲਈ ਆਪਣੇ ਪ੍ਰਚਾਰ ’ਤੇ ਕੀਤੇ ਜਾਣ ਵਾਲੇ ਖਰਚੇ ਦੀ ਇੱਕ ਹੱਦ ਮੁਕੱਰਰ ਕੀਤੀ ਜਾਂਦੀ ਹੈ ਜਿਸ ਲਈ ਹਰ ਉਮੀਦਵਾਰ ਵੱਲੋਂ ਕੀਤੇ ਗਏ ਖਰਚੇ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚੋਣਾਂ ਦੌਰਾਨ ਵੋਟਾਂ ਪ੍ਰਾਪਤ ਕਰਨ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਵੀ ਵੋਟਰ ਨੂੰ ਨਗਦੀ, ਸ਼ਰਾਬ ਜਾਂ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਅਜਿਹੀਆਂ ਗਤੀਵਿਧੀਆਂ ’ਤੇ ਰੋਕ ਲਗਾਉਣ ਅਤੇ ਉਮੀਦਵਾਰਾਂ ਵੱਲੋਂ ਆਪਣੇ ਪ੍ਰਚਾਰ ’ਤੇ ਕੀਤੇ ਜਾਣ ਵਾਲੇ ਵੱਖ-ਵੱਖ ਸ਼੍ਰੇਣੀ ਦੇ ਖਰਚਿਆਂ ਦੀ ਨਿਗਰਾਨੀ ਲਈ ਟੀਮਾਂ ਦਾ ਗਠਨ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਹਰ ਟੀਮ ਵੱਲੋਂ ਚੋਣਾਂ ਦੌਰਾਨ ਆਪਣੇ ਕੰਮ ਦੀ ਰਿਪੋਰਟ ਸਮੇਂ-ਸਮੇਂ ’ਤੇ ਰਿਟਰਨਿੰਗ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ, ਮੁੱਖ ਚੋਣ ਅਫ਼ਸਰ ਅਤੇ ਭਾਰਤ ਚੋਣ ਕਮਿਸ਼ਨ ਪਾਸ ਭੇਜਣੀ ਲਾਜ਼ਮੀ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਐਕਸਾਈਜ਼ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ

ਰਾਮਵੀਰ ਨੇ ਹਦਾਇਤ ਕੀਤੀ ਕਿ ਐਕਸਾਈਜ਼ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਅੱਜ ਤੋਂ ਹੀ ਪੂਰੀ ਮੁਸਤੈਦੀ ਨਾਲ ਅਜਿਹੀਆਂ ਗੈਰ-ਕਾਨੂੂੰਨੀ ਜਾਂ ਨਾਜਾਇਜ਼ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦੇਣ ਤਾਂ ਜੋ ਭਵਿੱਖ ਵਿਚ ਸ਼ਰਾਰਤੀ ਅਨਸਰਾਂ ਨੂੰ ਸਿਰ ਚੁੱਕਣ ਦਾ ਮੌਕਾ ਹੀ ਨਾ ਮਿਲੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਬੰਧਤ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਜ਼ਿਲ੍ਹੇ ਦੇ ਕਿਸੇ ਵੀ ਇਲਾਕੇ ’ਚ ਸ਼ਰਾਬ ਦੀ ਕੋਈ ਵੀ ਖੇਪ ਸਟੋਰ ਕਰਕੇ ਨਾ ਰੱਖੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ  ਅਨਮੋਲ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਇਨਕਮ ਟੈਕਸ  ਲਵਿਸ਼ ਸ਼ੈਲੀ, ਏ.ਈ.ਟੀ.ਸੀ  ਚੰਦਰ ਮਹਿਤਾ, ਏ.ਸੀ.ਐਸ.ਟੀ ਮਤੀ ਚੰਦਰ ਕਾਂਤਾ, ਐਕਸਾਈਜ਼ ਤੇ ਟੈਕਸੇਸ਼ਨ ਤੋਂ  ਤਜਿੰਦਰ ਗਰਗ ਅਤੇ ਤਹਿਸੀਲਦਾਰ ਚੋਣਾਂ  ਵਿਜੇ ਕੁਮਾਰ ਵੀ ਹਾਜ਼ਰ ਸਨ।