ਯੂਨੀਕ ਐਡਵੈਂਚਰ ਫੈਮਿਲੀ ਟੀਮ ਦੇ 14 ਮੈਂਬਰਾਂ ਨੂੰ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਪਹੁੰਚਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕੀਤਾ ਸਨਮਾਨਿਤ
ਬਹਾਦਰਜੀਤ ਸਿੰਘ /ਰੂਪਨਗਰ, 28 ਅਪ੍ਰੈਲ,2025
ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਅਤੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਰੋਪੜ ਦੀ ਯੂਨੀਕ ਐਡਵੈਂਚਰ ਫੈਮਿਲੀ ਟੀਮ ਦੇ 14 ਮੈਂਬਰਾਂ ਨੂੰ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਪਹੁੰਚ ਕਰਨ ਵਾਲੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਅਤੇ ਪੰਜਾਬ ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਕੋਂ ਸਮੇਂ ਅਲੱਗ ਅਲੱਗ ਉਮਰ ਦੇ ਵਿਅਕਤੀਆਂ ਵੱਲੋਂ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕੀਤਾ ਹੋਵੇ।
ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਕਿਹਾ ਕਿ ਰੂਪਨਗਰ ਦੇ ਛੋਟੀ ਉਮਰ ਦੇ 2 ਬੱਚਿਆਂ ਸਾਨਵੀ ਸੂਦ ਅਤੇ ਤੇਗਬੀਰ ਸਿੰਘ ਵੱਲੋਂ ਕੌਮਾਂਤਰੀ ਰਿਕਾਰਡ ਕਾਇਮ ਕਰਨ ਤੋਂ ਬਾਅਦ ਜ਼ਿਲ੍ਹੇ ਦੇ ਲੋਕਾਂ ਅੰਦਰ ਪਰਬਤਾਰੋਹੀ ਬਣਨ ਦਾ ਰੁਝਾਨ ਵਧ ਰਿਹਾ ਹੈ।
ਹੈਂਡਬਾਲ ਦੇ ਸੇਵਾਮੁਕਤ ਕੋਚ ਬਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਗਈ ਪਰਬਤਾਰੋਹੀਆਂ ਦੀ 14 ਮੈਂਬਰੀ ਟੀਮ 5364 ਮੀਟਰ ਉਚਾਈ ’ਤੇ ਸਥਿਤ ਨੇਪਾਲ ਦੇ ਮਾਊਂਟ ਐਵਰੈਸਟ ਪਰਬਤ ਦੇ ਬੇਸ ਕੈਂਪ ਤੱਕ ਪੁੱਜਣ ਵਿੱਚ ਕਾਮਯਾਬ ਹੋਏ ਹਨ। ਇਸ ਟੀਮ ਵਿੱਚ 9 ਸਾਲ ਦੀ ਬੱਚੀ ਸਮੇਤ 70 ਸਾਲ ਤੱਕ ਦੇ ਪਰਬਤਾਰੋਹੀ ਸ਼ਾਮਲ ਹਨ। ਇਸ ਪਰਬਤ ਦੇ ਇਕ ਪਾਸੜ ਸਫ਼ਰ ਦੌਰਾਨ ਇਹ ਟੀਮ ਨਿਰੰਤਰ ਵਧਦੀ ਉਚਾਈ ਤੇ ਘੱਟਦੇ ਤਾਪਮਾਨ ਨਾਲ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਸਾਂਝੇ ਰੂਪ ਵਿਚ ਨਜਿੱਠਦਿਆਂ ਪਰਬਤ ’ਤੇ ਪੁੱਜੀ। ਇਸ ਟੀਮ ਵਿੱਚ ਮਹਿਲਾਵਾਂ ਤੇ ਸੀਨੀਅਰ ਸਿਟੀਜਨ ਵੀ ਸ਼ਾਮਿਲ ਸਨ।
ਇਸ ਟੀਮ ਦੇ ਮੈਂਬਰ ਕੋਚ ਬਿਕਰਮਜੀਤ ਸਿੰਘ ਘੁੰਮਣ, ਰਾਜ ਕੁਮਾਰ ਸਿੱਕਾ, ਗੁਰਚਰਨ ਸਿੰਘ, ਸਿਮਰਨਜੀਤ ਸਿੰਘ, ਅਮਿਤ ਸਰਨਾ, ਹਰਜੀਤ ਕੌਰ ਅਧਿਆਪਕਾ, ਜਸਵਿੰਦਰ ਕੌਰ, ਬਲਵਿੰਦਰ ਕੌਰ, ਰੇਨੂੰ ਰਾਣੀ, ਸਤਵੰਤ ਕੌਰ, ਅਸਮਿਤਾ ਗੁਪਤਾ, ਯੁਵਰਾਜ ਸਿੱਕਾ, ਮਾਹਿਰਾ ਸਰਨਾ, ਅਮਰਵੀਰ ਸਿੰਘ ਹਨ।
ਯੂਨੀਕ ਐਡਵੈਂਚਰ ਫੈਮਿਲੀ ਟੀਮ ਦੇ 14 ਮੈਂਬਰਾਂ ਨੂੰ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਪਹੁੰਚਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕੀਤਾ ਸਨਮਾਨਿਤI ਇਸ ਮੌਕੇ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫ਼ਸਰ ਜਸਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।