ਤਜਾਕਿਸਤਾਨ ‘ਚ ਫਸੇ ਰੂਪਨਗਰ ਜ਼ਿਲ੍ਹੇ ਦੇ 7 ਨੌਜਵਾਨ ਲਾਲਪੁਰਾ ਦੇ ਯਤਨਾਂ ਨਾਲ ਆਪਣੇ ਦੇਸ਼ ਪਰਤਣਗੇ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ, 22 ਅਕਤੂਬਰ,2025
ਇਨਸਾਨੀਅਤ ਤੇ ਸੇਵਾ ਭਾਵਨਾ ਦੀ ਮਿਸਾਲ ਪੇਸ਼ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਤਜਾਕਿਸਤਾਨ ‘ਚ ਫਸੇ ਰੂਪਨਗਰ ਜ਼ਿਲ੍ਹੇ ਦੇ ਸੱਤ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸਾਰੇ ਨੌਜਵਾਨ 27 ਅਕਤੂਬਰ ਨੂੰ ਭਾਰਤ ਲਈ ਰਵਾਨਾ ਹੋਣਗੇ।
ਜਾਣਕਾਰੀ ਮੁਤਾਬਕ, ਜ਼ਿਲ੍ਹੇ ਦੇ ਪਿੰਡ ਬੈਸਾਂ ਦੇ ਹਰਵਿੰਦਰ ਸਿੰਘ, ਹਰਦੀਪ ਸਿੰਘ ਤੇ ਗੁਰਪ੍ਰੀਤ ਸਿੰਘ, ਰਾਏਪੁਰ ਦੇ ਅਮਰਜੀਤ ਸਿੰਘ, ਢੇਰ ਦੇ ਅਵਤਾਰ ਸਿੰਘ, ਮੋੜਾ ਦੇ ਰਵੀੰਦਰ ਸਿੰਘ ਅਤੇ ਘਨੌਲੀ ਦੇ ਮਨਜੀਤ ਸਿੰਘ ਰੋਜ਼ਗਾਰ ਦੀ ਖ਼ਾਤਰ ਏਜੰਟਾਂ ਰਾਹੀਂ ਤਜਾਕਿਸਤਾਨ ਗਏ ਸਨ। ਪਰ ਉਥੇ ਜਾ ਕੇ ਉਨ੍ਹਾਂ ਨੂੰ ਡਰਾਈਵਿੰਗ ਦੀ ਥਾਂ ਮਜ਼ਦੂਰੀ ਦਾ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਜਿਹੜੀਆਂ ਗੱਡੀਆਂ ਉਨ੍ਹਾਂ ਨੂੰ ਚਲਾਉਣੀਆਂ ਸਨ, ਉਹ ਦੋ ਸਾਲ ਤੋਂ ਖੜੀਆਂ ਖਰਾਬ ਹਾਲਤ ‘ਚ ਸਨ। ਆਰਥਿਕ ਤੰਗੀ ਕਾਰਨ ਇਹ ਨੌਜਵਾਨ ਖਾਣ ਨੂੰ ਵੀ ਤਰਸ ਗਏ ਤੇ ਪਰਿਵਾਰਾਂ ਨਾਲ ਸੰਪਰਕ ਟੁੱਟ ਗਿਆ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਏਜੰਟਾਂ ਦੇ ਭਰੋਸੇ ਵਿਦੇਸ਼ ਗਏ ਸਨ, ਪਰ ਉਥੇ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਹਾਲਾਤ ਬੇਕਾਬੂ ਹੋਏ, ਤਾਂ ਉਨ੍ਹਾਂ ਨੇ ਅਜੈਵੀਰ ਸਿੰਘ ਲਾਲਪੁਰਾ ਨਾਲ ਸੰਪਰਕ ਕੀਤਾ। ਲਾਲਪੁਰਾ ਨੇ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਯਕੀਨ ਦਿਵਾਇਆ ਕਿ ਉਹ ਸੁਰੱਖਿਅਤ ਘਰ ਵਾਪਸ ਆਉਣਗੇ।
ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ, “ਜਦ ਮੈਂ ਹਰਵਿੰਦਰ ਸਿੰਘ ਦੀ ਗੱਲ ਸੁਣੀ, ਮੇਰਾ ਦਿਲ ਭਰ ਆਇਆ। ਜਿਨ੍ਹਾਂ ਪਰਿਵਾਰਾਂ ਦੇ ਪੁੱਤਰ ਵਿਦੇਸ਼ਾਂ ‘ਚ ਫਸੇ ਹੋਣ, ਉਨ੍ਹਾਂ ਦਾ ਦਰਦ ਸ਼ਬਦਾਂ ‘ਚ ਨਹੀਂ ਬਿਆਨ ਕੀਤਾ ਜਾ ਸਕਦਾ। ਮੈਂ ਤੁਰੰਤ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਪੂਰਾ ਸਹਿਯੋਗ ਦਿੱਤਾ।”
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨਸਾਨੀਅਤ ਦੇ ਨਾਤੇ ਤੁਰੰਤ ਮਦਦ ਕੀਤੀ। “ਮੋਦੀ ਸਰਕਾਰ ਨੇ ਹਰ ਵਾਰੀ ਸਾਬਤ ਕੀਤਾ ਹੈ ਕਿ ਇਹ ਆਮ ਨਾਗਰਿਕ ਦੀ ਸਰਕਾਰ ਹੈ, ਚਾਹੇ ਮਾਮਲਾ ਕਿਸੇ ਵੀ ਰਾਜ ਦਾ ਹੋਵੇ,” ਲਾਲਪੁਰਾ ਨੇ ਕਿਹਾ।
ਪਰ ਲਾਲਪੁਰਾ ਨੇ ਇਸ ਮੌਕੇ ‘ਤੇ ਇੱਕ ਗੰਭੀਰ ਸਵਾਲ ਵੀ ਚੁੱਕਿਆ — “ਕਿਉਂ ਪੰਜਾਬ ਦਾ ਨੌਜਵਾਨ ਵਿਦੇਸ਼ਾਂ, ਉਹ ਵੀ ਅਸੁਰੱਖਿਅਤ ਦੇਸ਼ਾਂ ਵੱਲ ਜਾ ਰਿਹਾ ਹੈ? ਕਿਉਂ ਪੰਜਾਬ ਸਰਕਾਰ ਦੀਆਂ ਨੀਤੀਆਂ ਰੋਜ਼ਗਾਰ ਦੇਣ ਵਿੱਚ ਨਾਕਾਮ ਰਹੀਆਂ ਹਨ?”

ਉਨ੍ਹਾਂ ਕਿਹਾ ਕਿ ਰੂਪਨਗਰ, ਜੋ ਬਿਜਲੀ ਪੈਦਾ ਕਰਦਾ ਹੈ ਤੇ ਜਿੱਥੇ ਦੀ ਰੇਤ ਸੋਨੇ ਨਾਲ ਤੋਲੀ ਜਾਂਦੀ ਹੈ, ਉਥੇ ਦੇ ਨੌਜਵਾਨਾਂ ਨੂੰ ਰੋਟੀ ਲਈ ਪਰਦੇਸ ਕਿਉਂ ਜਾਣਾ ਪੈਂਦਾ ਹੈ? “ਕੀ ਇਹ ਪੰਜਾਬ ਸਰਕਾਰ ਦੀ ਅਸਫਲਤਾ ਨਹੀਂ ਕਿ ਨੌਜਵਾਨਾਂ ਨੂੰ ਆਪਣਾ ਘਰ ਛੱਡਣਾ ਪੈ ਰਿਹਾ ਹੈ?”
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਸਰਕਾਰ ਆਤਮ-ਮੰਥਨ ਕਰੇ ਤੇ ਇਹ ਸਮਝੇ ਕਿ ਰੋਜ਼ਗਾਰ, ਸਿੱਖਿਆ ਤੇ ਸੁਰੱਖਿਆ ਦੇ ਖੇਤਰ ‘ਚ ਪਿੱਛੜਨ ਕਾਰਨ ਕਿਵੇਂ ਨੌਜਵਾਨ ਏਜੰਟਾਂ ਦੇ ਜਾਲ ‘ਚ ਫਸ ਰਹੇ ਹਨ। “ਹਰ ਪਿੰਡ ਵਿੱਚ ਏਜੰਟਾਂ ਦੇ ਜਾਲ ਫੈਲ ਚੁੱਕੇ ਹਨ, ਤੇ ਸਰਕਾਰਾਂ ਅੱਖਾਂ ਮੂੰਦ ਕੇ ਬੈਠੀਆਂ ਹਨ। ਹੁਣ ਲੋੜ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੀ ਰਾਜ ਵਿੱਚ ਮੌਕੇ ਦਿੱਤੇ ਜਾਣ,” ਲਾਲਪੁਰਾ ਨੇ ਕਿਹਾ।
ਅੰਤ ‘ਚ ਉਨ੍ਹਾਂ ਕਿਹਾ —“ਆਖ਼ਰਕਾਰ ਤਜਾਕਿਸਤਾਨ ਵਿੱਚ ਫਸੇ ਸਾਡੇ ਸੱਤ ਪੰਜਾਬੀ ਨੌਜਵਾਨ ਹੁਣ ਵਤਨ ਵਾਪਸ ਆ ਰਹੇ ਹਨ। ਜਿਨ੍ਹਾਂ ਨੇ ਇਸ ਆਵਾਜ਼ ਨੂੰ ਉਠਾਉਣ ਵਿੱਚ ਮੇਰਾ ਸਾਥ ਦਿੱਤਾ, ਉਹਨਾਂ ਦਾ ਦਿਲੋਂ ਧੰਨਵਾਦ।
ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਹੈ ਕਿ ਮੇਰੇ ਵੀਰ ਹੁਣ ਮਾਤ੍ਰਭੂਮੀ ਦੀ ਗੋਦ ਵਿੱਚ ਪਰਤ ਰਹੇ ਹਨ।
ਪਰ ਸਵਾਲ ਅਜੇ ਵੀ ਉਹੀ ਹੈ — ਕਿਉਂ ਪੰਜਾਬ ਦਾ ਨੌਜਵਾਨ ਮਜਬੂਰ ਹੈ? ਕਿਉਂ ਉਸਨੂੰ ਆਪਣੇ ਹੀ ਰਾਜ ਵਿੱਚ ਭਵਿੱਖ ਨਹੀਂ ਦਿਖਦਾ?”
ਇਹ ਮਨੁੱਖੀ ਪਹਲ ਨਾ ਸਿਰਫ਼ ਸੱਤ ਪਰਿਵਾਰਾਂ ਲਈ ਰਾਹਤ ਲੈ ਕੇ ਆਈ ਹੈ, ਸਗੋਂ ਪੰਜਾਬ ਦੇ ਪ੍ਰਸ਼ਾਸਨਿਕ ਤੰਤਰ ਨੂੰ ਵੀ ਇਹ ਸੋਚਣ ‘ਤੇ ਮਜਬੂਰ ਕਰ ਗਈ ਹੈ ਕਿ ਹੋਰ ਕਿੰਨਾ ਸਮਾਂ ਤੱਕ ਸਾਡੇ ਨੌਜਵਾਨ ਪਰਦੇਸਾਂ ਵਿੱਚ ਦਰਦਨਾਕ ਹਾਲਾਤਾਂ ਦਾ ਸਾਹਮਣਾ ਕਰਦੇ ਰਹਿਣਗੇ।











